ਨਿਊਯਾਰਕ, 25 ਸਤੰਬਰ (ਡਾ. ਸੁਰਿੰਦਰ ਸਿੰਘ ਗਿੱਲ)- ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਸੀਨੀਅਰ ਆਗੂ ਸ. ਕਰਨੈਲ ਸਿੰਘ ਬਾਠ ਵੱਲੋਂ ਉਸ ਵੇਲੇ ਹੈਰਾਨੀ ਪ੍ਰਗਟਾਈ ਗਈ ਜਦੋਂ ਉਨ੍ਹਾਂ ਦੇ ਨਾਮ ’ਤੇ ਛਾਪੇ ਬਿਆਨ ਵਿੱਚ ਸ. ਜਸਪ੍ਰੀਤ ਸਿੰਘ ਅਟਾਰਨੀ ਚੇਅਰਮੈਨ ਹਾਈ ਪਾਵਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਬਦਨਾਮ ਕਰਨ ਦਾ ਮਨਸੂਬਾ ਬਾਠ ਦੇ ਨਾਮ ’ਤੇ ਮੜ੍ਹਿਆ ਗਿਆ ਹੈ। ਇਹ ਬਿਆਨ ਪੂਰੀ ਝੂਠ ਦਾ ਪੁਲੰਦਾ ਸੀ। ਜਥੇ. ਬਾਠ ਨੇ ਇਸ ਝੂਠੇ ਬਿਆਨ ਦਾ ਖੰਡਣ ਕਰਦੇ ਹੋਏ ਆਖਿਆ ਹੈ ਕਿ ਸ. ਜਸਪ੍ਰੀਤ ਸਿੰਘ ਇੱਕ ਨੇਕ ਇਨਸਾਨ ਹਨ, ਜਿਨ੍ਹਾਂ ਨੇ ਸੈਂਕੜੇ ਵਿਅਕਤੀਆਂ ਨੂੰ ਅਮਰੀਕਾ ਵਿੱਚ ਪੱਕਿਆਂ ਕਰਵਾਇਆ ਹੈ ਅਤੇ ਅਨੇਕਾਂ ਇਨਸਾਨਾਂ ਤੋਂ ਫੀਸ ਵੀ ਨਹੀਂ ਲਈ ਹੈ, ਸਗੋਂ ਮੁਫਤ ਕਾਨੂੰਨੀ ਮਦਦ ਕੀਤੀ ਹੈ। ਉਨ੍ਹਾਂ ਦੇ ਕੰਮਾਂ ਅਤੇ ਵਫਾਦਾਰੀ ਨੂੰ ਮੁੱਖ ਰੱਖਦੇ ਹੋਏ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਅਹਿਮ ਅਹੁਦੇ ’ਤੇ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਜਸਪ੍ਰੀਤ ਸਿੰਘ ਅਟਾਰਨੀ ਚੇਅਰਮੈਨ ਹਾਈ ਪਾਵਰ ਕਮੇਟੀ ਨੇ ਈਸਟ ਕੋਸਟ, ਮਿਡਵੈਸਟ ਸਟੇਟਾਂ ਵਿੱਚ ਮੀਟਿੰਗਾਂਕਰਕੇ ਜਿੱਥੇ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਹੈ, ਉਥੇ ਕੁਝ ਅਨਸਰਾਂ ਨੂੰ ਅਕਾਲੀ ਦਲ ਦੀ ਚੜ੍ਹਤ ਬਰਦਾਸ਼ਤ ਨਹੀਂ ਹੋ ਰਹੀ, ਜਿਸ ਕਰਕੇ ਕੁਝ ਨਕਲੀ ਖਾਲਿਸਤਾਨੀ ਅਖਬਾਰਾਂ ਵੱਲੋਂ ਸੋਚੀ ਸਮਝੀ ਸਾਜ਼ਿਸ਼ ਨਾਲ ਬਦਨਾਮ ਕਰਨ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ ਜਿਸ ਨੂੰ ਸ. ਕਰਨੈਲ ਸਿੰਘ ਬਾਠ ਨੇ ਮੁੱਢੋਂ ਹੀ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਮੇਰੇ ਨਾਮ ਉ¤ਤੇ ਅਤੇ ਤਸਵੀਰ ਲਗਾ ਕੇ ਅਜਿਹੀ ਹਰਕਤ ਕੀਤੀ ਹੈ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸ. ਬਾਠ ਨੇ ਕਿਹਾ ਕਿ ਜੱਥੇਦਾਰ ਤੋਤਾ ਸਿੰਘ ਇੱਕ ਨੇਕ ਇਨਸਾਨ ਹਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਅਕਾਲੀ ਦਲ ਨੂੰ ਸਮਰਪਿਤ ਕੀਤੀ ਹੈ ਅਤੇ ਉਨ੍ਹਾਂ ਕਈ ਵਾਰੀ ਜੇਲ੍ਹਾਂ ਵੀ ਕੱਟੀਆਂ ਹਨ। ਉਹ ਮੇਰੇ ਪਿਤਾ ਸਮਾਨ ਹਨ। ਉਨ੍ਹਾਂ ਪ੍ਰਤੀ ਵਰਤੀ ਮਾੜੀ ਸ਼ਬਦਾਵਲੀ ਲਿਖ ਕੇ ਸ. ਬਾਠ ਨੂੰ ਮਾੜਾ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਨਰੈਲ ਸਿੰਘ ਬਾਠ ਨੂੰ ਬਦਨਾਮ ਕਰਨ ਦੀ ਇੱਕ ਡੂੰਘੀ ਸਾਜ਼ਿਸ਼ ਅਤੇ ਚਾਲ ਹੈ ਜਿਸ ਦਾ ਸਖਤ ਨੋਟਿਸ ਲੈਂਦਿਆਂ ਉਹ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਅਨਸਰ ਕੋਝੀਆਂ ਹਰਕਤਾਂ ਤੋਂ ਬਾਜ ਆਉਣ, ਅਜਿਹਾ ਨਾ ਹੋਵੇ ਕਿ ਇਨ੍ਹਾਂ ਖਿਲਾਫ ਸਖਤ ਕਾਰਵਾਈ ਕਰਨੀ ਪਵੇ। ਕਰਨੈਲ ਸਿੰਘ ਬਾਠ ਨੇ ਅੱਗੇ ਕਿਹਾ ਕਿ ਮੈਂ ਸ. ਜਸਪ੍ਰੀਤ ਸਿੰਘ ਅਟਾਰਨੀ ਅਤੇ ਜਥੇਦਾਰ ਤੋਤਾ ਸਿੰਘ ਮੰਤਰੀ ਪੰਜਾਬ ਸਰਕਾਰ ਦਾ ਦਿਲੋਂ ਸਤਿਕਾਰ ਕਰਦਾ ਹਾਂ ਅਤੇ ਮੇਰੇ ਨਾਮ ’ਤੇ ਛਾਪੇ ਬਿਆਨ ਦੀ ਨਿਖੇਧੀ ਕਰਦਾ ਹਾਂ, ਇਹ ਬਿਲਕੁਲ ਝੂਠਾ ਹੈ ਅਤੇ ਅਖਬਾਰਾਂ ਵਾਲਿਆਂ ਨੂੰ ਚਿਤਾਵਨੀ ਦਿੰਦਾ ਹਾਂ ਕਿ ਉਹ ਇਸ ਸ਼ਰਾਰਤੀ ਬਿਆਨ ਨੂੰ ਵਾਪਿਸ ਲੈਣ ਅਤੇ ਆਪਣੀ ਗਲਤੀ ਨੂੰ ਸੁਧਾਰਨ ਤਾਂ ਜੋ ਭਵਿੱਖ ਵਿੱਚ ਅਜਿਹਾ ਨਾ ਹੋਵੇ। ਸ. ਬਾਠ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੀ ਚੜ੍ਹਤ ਨੂੰ ਕੁਝ ਲੋਕਾਂ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਪੰਥਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਅਜਿਹੇ ਬਿਆਨ ਛਾਪ ਕੇ ਅਜਿਹੇ ਅਕਾਲੀ ਨੇਤਾਵਾਂ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਚਲ ਰਹੇ ਹਨ, ਜਿਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ ਅਤੇ ਇਸ ਨਾਲ ਮੇਰਾ ਕੋਈ ਵੀ ਲੈਣਾ ਦੇਣਾ ਨਹੀਂ ਹੈ।



