ਮਾਨਸਾ, 23 ਸਤੰਬਰ (ਅਨੂਪ ਸਿੰਘ ਖਾਲਸਾ)-ਬਠਿੰਡਾ ਰੈਲੀ ਵੱਲ ਕੂਚ ਕਰ ਰਹੇ ਮਾਨਸਾ ਤੇ ਸੰਗਰੂਰ ਜ਼ਿਲੇ ਦੇ ਸੈਂਕੜੇ ਕਿਸਾਨਾਂ ਨੂੰ ਅੱਜ ਪੁਲਸ ਨੇ ਸਵੇਰ ਸਮੇਂ ਹੀ ਭਾਈਦੇਸਾ ਪਿੰਡ ਕੋਲ ਸੜਕ ਤੇ ਰੋਕ ਲਿਆ ਜਿਸ ਦੀ ਵਜ੍ਹਾਂ ਕਾਰਨ ਗੁੱਸੇ ਵਿਚ ਆਏ ਕਿਸਾਨਾਂ ਨੇ ਸੜਕ ਵਿਚਕਾਰ ਜਾਮ ਲਾ ਦਿੱਤਾ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਨਾਨਕ ਸਿੰਘ ਕਣਕਵਾਲ, ਅਜੈਬ ਸਿੰਘ ਜਖੇਪਲ, ਦਰਸ਼ਨ ਸਿੰਘ ਲਹਿਰਾਗਾਗਾ, ਗੁਰਨਾਮ ਸਿੰਘ ਭੀਖੀ, ਮੇਲਾ ਸਿੰਘ, ਮਾਣਕ ਸਿੰਘ, ਸੋਮਾ ਸਿੰਘ ਨੇ ਕਿਸਾਨਾਂ ਦੀ ਅਗਵਾਈ ਕੀਤੀ। ਉਨਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਨਰਮੇ ਦੀ ਫਸਲ ਬਰਬਾਦੀ ਤੇ ਮੁਆਵਜ਼ਾ ਦੇਣ ਦੀ ਥਾਂ ਉਲਟਾ ਉਨਾਂ ਨਾਲ ਮਜ਼ਾਕ ਕਰਨ ਵਿਚ ਲੱਗੀ ਹੋਈ ਹੈ ਜਿਸ ਦਾ ਕਿਸਾਨ ਯੂਨੀਅਨ ਸਖ਼ਤ ਵਿਰੋਧ ਕਰ ਰਹੀ ਹੈ । ਕਿਸਾਨਾਂ ਵੱਲੋਂ ਧਰਨਾ ਨਾ ਚੁੱਕੇ ਜਾਣ ਤੇ ਪ੍ਰਸ਼ਾਸ਼ਨ ਨੇ ਮਾਨਸਾ ਤੋਂ ਬਠਿੰਡਾ ਨੂੰ ਜਾਂਦੀਆਂ ਬੱਸਾਂ ਦੇ ਰੂਟ ਵੀ ਬਦਲਨੇ ਪਏ ਜਿਸ ਕਰਕੇ ਮੁਸਾਫਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਾਨਸਾ ਜ਼ਿਲੇ ਦੇ ਪਿੰਡ ਮੂਸਾ ਦੇ 35 ਦੇ ਕਰੀਬ ਕਿਸਾਨਾਂ ਨੂੰ ਪੁਲਸ ਨੇ ਬਹਿਣੀਵਾਲ ਦੀ ਚੌਂਕੀ ਵਿਚ ਡੱਕ ਦਿੱਤਾ । ਬਠਿੰਡਾ ਵਿਖੇ ਨਰਮੇ ਦੀ ਫਸਲ ਬਰਬਾਦੀ ਨੁੂੰ ਲੈ ਕੇ ਸਰਕਾਰ ਦੇ ਖਿਲਾਫ ਚੱਲ ਰਹੇ ਅੰਦੋਲਨ ਵਿਚ ਮਾਨਸਾ ਦੇ ਪਿੰਡ ਮੂਸਾ ਅਤੇ ਸੰਗਰੂਰ ਜ਼ਿਲੇ ਦੇ ਸੈਂਕੜੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਬਠਿੰਡਾ ਵੱਲ ਰਵਾਨਾ ਹੋਏ। ਜਦੋਂ ਹੀ ਉਹ ਬੁੱਧਵਾਰ ਦੀ ਸਵੇਰ ਪਿੰਡ ਭਾਈਦੇਸਾ ਪੁੱਜੇ ਤਾਂ ਉਥੇ ਪੁਲਸ ਨੇ ਨਾਕਾਬੰਦੀ ਕਰਕੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਲਿਆ। ਕਿਸਾਨਾਂ ਦੀ ਪੁਲਸ ਨੇ ਹਲਕੀ ਝੜਪਬਾਜ਼ੀ ਵੀ ਹੋਈ। ਮਾਨਸਾ ਤੋਂ ਇਲਾਵਾ ਬਠਿੰਡਾ ਆਦਿ ਤੋਂ ਵੀ ਪੁਲਸ ਪਾਰਟੀ ਬੁਲਾ ਲਈ ਗਈ। ਦੇਰ ਸ਼ਾਮ ਤੱਕ ਕਿਸਾਨਾਂ ਦਾ ਧਰਨਾ ਨਿਰੰਤਰ ਜਾਰੀ ਸੀ । ਇਸ ਧਰਨੇ ਦੌਰਾਨ ਦੋ ਕਿਲੋਮੀਟਰ ਤੱਕ ਲੰਬੇ ਜਾਮ ਲੱਗ ਗਏ। ਕਿਸਾਨਾਂ ਐਲਾਨ ਕੀਤਾ ਕਿ ਜੇਕਰ ਪੁਲਸ ਨੇ ਉਨਾਂ ਨੂੰ ਅੱਗੇ ਨਾ ਵਧਣ ਦਿੱਤਾ ਤਾਂ ਉਨਾਂ ਦਾ ਧਰਨਾ ਰਾਤ ਨੂੰ ਵੀ ਇਸੇ ਤਰਾਂ ਜਾਰੀ ਰਹੇਗਾ। ਇਸ ਮੌਕੇ ਡੀ ਐਸ ਪੀ ਮਾਨਸਾ ਰੁਪਿੰਦਰ ਭਾਰਦਵਾਜ, ਥਾਣਾ ਜੋਗਾ ਦੇ ਮੁਖੀ ਦਲਵੀਰ ਸਿੰਘ, ਥਾਣਾ ਸਦਰ ਦੇ ਹਰਪਾਲ ਸਿੰਘ ਟਿਵਾਣਾ ਆਦਿ ਹਾਜ਼ਰ ਸਨ।



