ਫਰੀਦਕੋਟ, 22 ਸਤੰਬਰ (ਗੁਰਜੀਤ ਰੋਮਾਣਾ)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਸੂਝਵਾਨ ਲੋਕਾਂ ਵੱਲੋਂ ਦੋ ਵਾਰ ਨਕਾਰੇ ਜਾ ਚੁੱਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵੱਲੋਂ ਆਪਣੀ ਪਾਰਟੀ ਵਿਚੋਂ ਹੀ ਕੱਢਣ ਦੀ ਤਿਆਰੀ ਹੈ ਇਸੇ ਲਈ ਉਹ ਖੁਦ ਆਪਣੀ ਸਿਆਸੀ ਜਮੀਨ ਬਚਾਉਣ ਲਈ ਪੈਂਤੜੇਬਾਜੀਆਂ ਕਰ ਰਹੇ ਹਨ। ਉਹ ਅੱਜ ਇੱਥੇ ਬਾਬਾ ਫਰੀਦ ਆਗਮਨ ਪੁਰਬ ਮੌਕੇ ਆਯੋਜਿਤ ਪੇਂਡੂ ਖੇਡ ਮੇਲੇ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ: ਬਾਦਲ ਨੇ ਕਿਹਾ ਕਿ ਜਦ ਕੈਪਟਨ ਅਮਰਿੰਦਰ ਸਿੰਘ ਖੁਦ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਪੰਜਾਬ ਦਾ ਕੋਈ ਵਿਕਾਸ ਨਹੀਂ ਕੀਤਾ ਸਗੋਂ ਪੰਜਾਬ ਦੇ ਲੋਕਾਂ ਤੋਂ ਵੀ ਦੂਰੀ ਬਣਾ ਕੇ ਰੱਖੀ। ਸ. ਬਾਦਲ ਨੇ ਕਿਹਾ ਕਿ ਪਿਛਲੀ ਕੈਪਟਨ ਸਰਕਾਰ ਨੇ ਤਾਂ ਅਕਾਲੀ ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਦੀਆਂ ਸਕੀਮਾਂ ਬੰਦ ਕਰਕੇ ਲੋਕਾਂ ਦੀ
ਸੰਘੀ ਘੁੱਟਣ ਦਾ ਹੀ ਕੰਮ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਕੈਪਟਨ ਦੋਹਾਂ ਦੀਆਂ ਪੰਜਾਬ ਵਿਰੋਧੀ ਨੀਤੀਆਂ ਤੋਂ ਭਲੀਭਾਂਤ ਜਾਣੂ ਹਨ। ਇਕ ਹੋਰ ਸਵਾਲ ਦੇ ਜਵਾਬ ਵਿਚ ਸ: ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਵੀ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ ਅਤੇ ਜਿੰਨ੍ਹਾਂ ਕਦਰਾਂ ਕੀਮਤਾਂ ਦੀ ਗੱਲ ਇਸ ਪਾਰਟੀ ਦੇ ਆਗੂ ਕਰਦੇ ਸਨ ਇਹ ਖੁਦ ਉਨ੍ਹਾਂ ਤੇ ਖਰੇ ਨਹੀਂ ਉਤਰੇ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਆਪ ਦੇ ਵਿਧਾਇਕ ਬਣੇ ਆਗੂਆਂ ਦੇ ਅਪਰਾਧਿਕ ਵਿਹਾਰ ਦੇ ਨਿਤ ਦਿਨ ਖੁਲਾਸੇ ਹੋ ਰਹੇ ਹਨ ਜੋ ਕਿ ਇਸ ਪਾਰਟੀ ਦੋ ਦੋਹਰੇ ਚਰਿੱਤਰ ਨੂੰ ਜਗ ਜਾਹਿਰ ਕਰ ਰਹੇ ਹਨ। ਉਨ੍ਹਾਂ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਤਾਨਾਸ਼ਾਹ ਦੱਸਦਿਆਂ ਕਿਹਾ ਇਸ ਪਾਰਟੀ ਵੱਲੋਂ ਸਿਵਾਏ ਡਰਾਮੇਬਾਜੀ ਦੇ ਕੁਝ ਨਹੀਂ ਕੀਤਾ ਜਾ ਰਿਹਾ ਹੈ ਅਤੇ ਇਸ ਕੋਲ ਕੋਈ ਠੋਸ ਯੋਜਨਾਬੰਦੀ ਨਹੀਂ ਹੈ। ਸ: ਬਾਦਲ ਨੇ ਨਾਲ ਹੀ ਜੋਰ ਦੇ ਕਿਹਾ ਕਿ ਪੰਜਾਬ ਦਾ ਜੋ ਵੀ ਵਿਕਾਸ ਹੁਣ ਤੱਕ ਹੋਇਆ ਹੈ ਉਹ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਹੀ ਸੰਭਵ ਹੋਇਆ ਹੈ। ਨਰਮੇ ਦੀ ਖੇਤੀ ਸਬੰਧੀ ਸ: ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲ ਕਰਦਿਆਂ ਨਰਮੇ ਦੀ ਫਸਲ ਵਾਹੁਣ ਵਾਲੇ ਕਿਸਾਨਾਂ ਲਈ ਮੁਆਵਜਾ ਰਾਸ਼ੀ ਜ਼ਿਲ੍ਹਿਆਂ ਵਿਚ ਭੇਜ ਦਿੱਤੀ ਗਈ ਹੈ ਅਤੇ ਡਿਪਟੀ ਕਮਿਸ਼ਨਰਾਂ ਦੀ ਦੇਖਰੇਖ ਹੇਠ ਅਗਲੇ ਇਕ ਹਫਤੇ ਵਿਚ ਇਸਦੀ ਵੰਡ ਪ੍ਰਭਾਵਿਤ ਕਿਸਾਨਾਂ ਨੂੰ ਕਰ ਦਿੱਤੀ ਜਾਵੇਗੀ। ਉਪ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਲੋਕਾਂ ਨੂੰ ਬਾਬਾ ਫਰੀਦ ਆਗਮਨ ਪੂਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਸਭਿਆਚਾਰਕ ਗਤਵਿਧੀਆਂ ਨੂੰ ਪ੍ਰਫੁਲਿਤ ਕਰਨ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਰਾਜ ਵਿਚ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੀ ਸਥਾਪਨਾ ਕੀਤੀ ਗਈ ਹੈ ਜਿੱਥੇ 3000 ਨੌਜਵਾਨਾਂ ਨੂੰ ਵੱਖ ਵੱਖ 11 ਖੇਡਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਖਿਡਾਰੀਆਂ ਨੂੰ ਕੌਮੀ, ਕਾਮਨਵੈਲਥ, ਏਸ਼ੀਅਨ ਅਤੇ ਓਲਪਿੰਕ ਖੇਡਾਂ ਲਈ ਤਿਆਰ ਕੀਤਾ ਜਾ ਸਕੇ। ਇਸੇ ਤਰਾਂ ਪੰਜਾਬ ਸਰਕਾਰ ਵੱਲੋਂ ਬਣਾਈ ਖੇਡ ਨੀਤੀ ਤਹਿਤ ਜੇਤੂ ਖਿਡਾਰੀਆਂ ਨੂੰ ਨਗਦ ਇਨਾਮਾਂ ਦੇ ਨਾਲ ਨਾਲ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਫਰੀਦਕੋਟ ਵਿਖੇ ਕੁਸ਼ਤੀ ਸਿਖਲਾਈ ਸੈਂਟਰ ਵਿਚ ਹੋਸਟਲ ਦੀ ਸਥਾਪਨਾ ਲਈ 30 ਲੱਖ ਰੁਪਏ ਦੀ ਗ੍ਰਾਂਟ ਦਾ ਚੈਕ ਭੇਂਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਥੇ ਐਸਟ੍ਰੋਟਫ ਵੀ ਲਗਾਈ ਗਈ ਹੈ। ਉਨ੍ਹਾਂ ਨੇ ਆਗਮਨ ਪੂਰਬ ਸਬੰਧੀ ਇਕ ਸੋਵੀਨਾਰ ਵੀ ਰਲੀਜ ਕੀਤਾ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਨੇ ਝੰਡਾ ਲਹਿਰਾ ਕੇ ਪੇਂਡੂ ਖੇਡਾਂ ਦਾ ਉਦਘਾਟਨ ਕੀਤਾ ਅਤੇ ਵੱਖ ਵੱਖ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ: ਮਾਲਵਿੰਦਰ ਸਿੰਘ ਜੱਗੀ ਨੇ ਉਪ ਮੁੱਖ ਮੰਤਰੀ ਨੂੰ ਇੱਥੇ ਪੁੱਜਣ ਤੇ ਜੀ ਆਇਆਂ ਨੂੰ ਕਿਹਾ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਨੇ ਟਿੱਲਾ ਬਾਬਾ ਫਰੀਦ ਵਿਖੇ ਅਕੀਦਤ ਦੇ ਫੁੱਲ ਭੇਂਟ ਕੀਤੇ ਜਿੱਥੇ ਸ: ਇੰਦਰਜੀਤ ਸਿੰਘ ਖਾਲਸਾ ਮੁੱਖ ਸੇਵਾਦਾਰ ਟਿੱਲਾ ਬਾਬਾ ਫਰੀਦ ਅਤੇ ਸ: ਮਹੀਪਇੰਦਰ ਸਿੰਘ ਸੇਖੋਂ ਨੇ ਉਨ੍ਹਾਂ ਨੂੰ ਸਿਰੋਪੇ ਭੇਂਟ ਕੀਤੇ। ਉਪ ਮੁੱਖ ਮੰਤਰੀ ਨੇ ਪੀ.ਆਰ.ਟੀ.ਸੀ. ਦੀਆਂ 25 ਨਵੀਆਂ ਬਸਾਂ ਨੂੰ ਵੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ 5 ਕਰੋੜ ਰੁਪਏ ਦੀ ਲਾਗਤ ਨਾਲ ਬਣੇ 50 ਬਿਸਤਰਿਆਂ ਦੇ ਨਸਾ ਮੁਕਤੀ ਕੇਂਦਰ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਪਾਰਲੀਮਾਨੀ ਸਕੱਤਰ ਸ: ਮਨਤਾਰ ਸਿੰਘ ਬਰਾੜ, ਵਿਧਾਇਕ ਸ੍ਰੀ ਦੀਪ ਮਲਹੋਤਰਾ, ਸ੍ਰੀ ਪਰਮਬੰਸ ਸਿੰਘ ਬੰਟੀ ਰੁਮਾਣਾ, ਸਾਬਕਾ ਵਿਧਾਇਕ ਸ: ਪ੍ਰਕਾਸ਼ ਸਿੰਘ ਭੱਟੀ, ਸ: ਨਵਦੀਪ ਸਿੰਘ ਬੱਬੂ ਬਰਾੜ, ਸ: ਵਿਨਰਜੀਤ ਸਿੰਘ ਗੋਲਡੀ ਵਾਇਸ ਚੇਅਰਮੈਲ ਪੀ.ਆਰ.ਟੀ.ਸੀ., ਸ: ਹਰਜੀਤ ਸਿੰਘ ਭੋਲੂਵਾਲਾ, ਸ: ਗੁਰਤੇਜ ਸਿੰਘ ਗਿੱਲ, ਸ: ਹਰਿੰਦਰਜੀਤ ਸਿੰਘ ਸਮਰਾ, ਜੱਥੇਦਾਰ ਲਖਵੀਰ ਸਿੰਘ ਅਰਾਈਆਂਵਾਲਾ, ਜੱਥੇਦਾਰ ਮੱਖਣ ਸਿੰਘ ਨੰਗਲ, ਕਮਿਸ਼ਨਰ ਸ੍ਰੀ ਵੀ.ਕੇ.ਮੀਨਾ, ਐਮ.ਡੀ. ਪੀ.ਆਰ.ਟੀ.ਸੀ. ਸ੍ਰੀ ਮਨਜੀਤ ਸਿੰਘ ਨਾਰੰਗ, ਆਈ.ਜੀ. ਸ੍ਰੀ ਮੁਨੀਸ਼ ਚਾਵਲਾ, ਡੀ.ਆਈ.ਜੀ ਸ੍ਰੀ ਅਮਰ ਸਿੰਘ ਚਾਹਲ, ਐਸ.ਐਸ.ਪੀ ਸ੍ਰੀ ਸੁਖਮਿੰਦਰ ਸਿੰਘ ਮਾਨ, ਏ.ਡੀ.ਸੀ. ਮੈਡਮ ਸੋਨਾਲੀ ਗਿਰੀ ਵੀ ਹਾਜਰ ਸਨ।



