Skip to content
Independent perspectives. Global stories.
BREAKING

ਬਾਦਲ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਦੀ ਚਰਚਾ ਛਿੜੀ

Share this story

ਜਲੰਧਰ/ਚੰਡੀਗੜ੍ਹ, 16 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਵੇਰੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੂੰ ਉਨ੍ਹਾਂ ਦੇ ਇਥੇ ਸਥਿਤ ਸਰਕਾਰੀ ਨਿਵਾਸ ਸਥਾਨ ਉਤੇ ਮਿਲਣ ਗਏ। ਇਸ ਅਚਨਚੇਤੀ ਮੁਲਾਕਾਤ ਨੇ ਸਿਆਸੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ। ਇਹ ਆਖਿਆ ਜਾ ਰਿਹਾ ਹੈ ਕਿ ਇਸ ਮੁਲਾਕਾਤ ਨਾਲ ਜੋ ਮਾਹੌਲ ਪੈਦਾ ਹੋਆ ਹੈ ਉਸ ਨਾਲ ਅੰਤਰਰਾਜੀ ਮਾਮਲਿਆਂ ਬਾਰੇ ਨਵੀਂ ਸ਼ੁਰੂਆਤ ਹੋ ਸਕਦੀ ਹੈ। ਉਂਝ ਪੰਜਾਬ ਦੇ ਮੁੱਖ ਮੰਤਰੀ ਸ. ਬਾਦਲ ਨੇ ਇਸ ਨੂੰ ਇੱਕ ਸ਼ਿਸ਼ਟਾਚਾਰ ਮਿਲਣੀ ਕਰਾਰ ਦਿੱਤਾ ਹੈ। ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਵੇਰ ਦੇ ਨਾਸ਼ਤੇ ਉਤੇ ਇਹ ਇੱਕ ਸ਼ਿਸ਼ਟਾਚਾਰ ਮੀਟਿੰਗ ਸੀ ਜਿਸ ਵਾਸਤੇ ਸ੍ਰੀ ਖੱਟਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਨਿੱਜੀ ਸੱਦਾ ਪੱਤਰ ਭੇਜਿਆ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਸਾਥੀਆਂ ਨੇ ਸ. ਬਾਦਲ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਗੁਲਦਸਤੇ ਭੇਟ ਕੀਤੇ। ਇਸ ਮੌਕੇ ਡੀ.ਐਸ.ਪੀ ਸ੍ਰੀ ਅਜੀਤ ਸਿੰਘ ਦੀ ਅਗਵਾਈ ਵਿਚ ਹਰਿਆਣਾ ਆਰਮਡ ਪੁਲਿਸ ਦੀ ਟੁਕੜੀ ਵੱਲੋਂ ਦਿੱਤੇ ਗਏ ਗਾਰਡ ਆਫ ਆਨਰ ਦਾ ਸ. ਬਾਦਲ ਨੇ ਮੁਆਇਨਾ ਕੀਤਾ ਅਤੇ ਉਨ੍ਹਾਂ ਤੋਂ ਸਲਾਮੀ ਲਈ। ਗੌਰਤਲਬ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਵਿਚ ਪਿਛਲੇ ਸਾਲ ਹੋਏ ਵਿਸ਼ਵ ਕੱਪ ਕਬੱਡੀ ਵਿਚ ਸ਼ਿਰਕਤ ਕੀਤੀ ਸੀ ਜਿਸ ਦੌਰਾਨ ਉਨ੍ਹਾਂ ਨੇ ਸ. ਬਾਦਲ ਨੂੰ ਆਪਣੇ ਨਿਵਾਸ ਸਥਾਨ ਉਤੇ ਆਉਣ ਦਾ ਸੱਦਾ ਦਿੱਤਾ ਸੀ। ਨਾਸ਼ਤੇ ’ਤੇ ਹੋਏ ਗੈਰ-ਰਸਮੀ ਵਿਚਾਰ ਵਟਾਂਦਰੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨੇ ਹਰਿਆਣਾ ਵਿਚ ਖੇਤੀਬਾੜੀ ਵਿਭਿੰਨਤਾ ਨੂੰ ਹੁਲਾਰਾ ਦੇਣ ਵਾਸਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਨ ਲਈ ਪੰਜਾਬ ਸਰਕਾਰ ਦੇ ਪੂਰੇ ਸਹਿਯੋਗ ਅਤੇ ਸਮਰਥਨ ਦੀ ਮੰਗ ਕੀਤੀ। ਬਾਅਦ ਵਿਚ ਹਰਿਆਣਾ ਦੇ ਮੁੱਖ ਮੰਤਰੀ ਨੇ ਸ. ਬਾਦਲ ਦਾ ਹਰਿਆਣਾ ਦੇ ਲੋਕਾਂ ਵੱਲੋਂ ਇੱਕ ਸ਼ਾਲ ਅਤੇ ਮੀਮੈਂਟੋ ਦੇ ਕੇ ਸਨਮਾਨ ਕੀਤਾ। ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗਗਨਦੀਪ ਸਿੰਘ ਬਰਾੜ ਵੀ ਹਾਜ਼ਰ ਸਨ। ਇਸ ਮੌਕੇ ਹੋਰ ਉੱਘੀਆਂ ਸਖਸ਼ੀਅਤਾਂ ਵਿਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੰਵਰਪਾਲ ਸਿੰਘ, ਕੈਬਨਿਟ ਮੰਤਰੀ ਸ੍ਰੀ ਅਨਿਲ ਵਿੱਜ, ਕੈਪਟਨ ਅਭਿਮੰਨਿਉ, ਸ੍ਰੀ ਓਮ ਪ੍ਰਕਾਸ਼ ਧੰਨਖਡ, ਸ੍ਰੀਮਤੀ ਕਵਿਤਾ ਜੈਨ, ਰਾਓ ਨਿਰਵੈਰ ਸਿੰਘ, ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸੁਭਾਸ਼ ਬਰਾਲਾ, ਐਮ.ਐਲ.ਏ ਸੋਹਨਾ ਸ੍ਰੀ ਤੇਜਪਾਲ ਤਨਵਰ, ਮੁੱਖ ਮੰਤਰੀ ਹਰਿਆਣਾ ਦੇ ਪ੍ਰਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਅਤੇ ਡੀ.ਜੀ.ਪੀ ਸ੍ਰੀ ਯਸ਼ਪਾਲ ਸਿੰਗਲਾ ਹਾਜ਼ਰ ਸਨ।

WRITTEN BY