Skip to content
Independent perspectives. Global stories.
BREAKING

ਮੁਕੇਸ਼ ਅੰਬਾਨੀ ਵੱਲੋਂ ਦਸੰਬਰ ਤੱਕ ਪੰਜਾਬ ਦੇ ਸਾਰੇ ਪਿੰਡਾਂ ਨੂੰ 4ਜੀ ਨਾਲ ਜੋੜਨ ਦਾ ਐਲਾਨ

Share this story

ਮੁੰਬਈ/ਚੰਡੀਗੜ੍ਹ 15 ਸਤੰਬਰ (ਪੀ. ਟੀ.)- ਰਿਲਾਇੰਸ ਇੰਡਰਸਟਰੀਜ਼ ਦੇ ਸੀ.ਐਮ.ਡੀ ਸ਼੍ਰੀ ਮੁਕੇਸ਼ ਅੰਬਾਨੀ ਨੇ ਉਨ੍ਹਾਂ ਦੀ ਕੰਪਨੀ ਵਲੋਂ ਇਸ ਸਾਲ 28 ਦੰਸਬਰ ਤੱਕ ਪੰਜਾਬ ਦੇ ਸਾਰੇ ਪਿੰਡਾ ਨੂੰ 4ਜੀ ਨਾਲ ਜੋੜਨ ਦਾ ਐਲਾਨ ਕੀਤਾ ਹੈ। ਰਿਲਾਇੰਸ ਦੇ ਸੀ.ਐਮ.ਡੀ ਨੇ ਇਹ ਪ੍ਰਗਟਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਉਨ੍ਹਾਂ ਦੇ ਦਫਤਰ ਵਿਖੇ ਹੋਏ ਵਿਚਾਰ-ਵਟਾਂਦਰੇ ਦੋਰਾਨ ਕੀਤਾ ਅਤੇ ਕਿਹਾ ਕਿ ਪਿੰਡ ਪੱਧਰ ਤੱਕ ਬਰਾਡਬੈਂਡ ਨਾਲ ਜੁੜਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਰਿਲਾਇੰਸ ਨੇ ਸੂਬੇ ਵਿਚ ਪਹਿਲਾਂ ਹੀ 3500 ਕਰੋੜ ਰੁਪਏ ਦਾ ਨਿਵੇਸ਼ ਕਰ ਦਿੱਤਾ ਹੈ ਅਤੇ ਇਸ ਵਲੋਂ ਅਗਲੇ ਸਾਲ ਤੱਕ 30000 ਲੋਕਾਂ ਨੂੰ ਰੁਜਗਾਰ ਦਿੱਤਾ ਜਾਵੇਗਾ। ਇਸ ਸਾਲ 28 ਅਕਤੂਬਰ ਨੂੰ ਮੋਹਾਲੀ ਵਿਖੇ ਹੋਣ ਵਾਲੇ ਪੰਜਾਬ ਨਿਵੇਸ਼ ਸੰਮੇਲਨ ਵਿਚ ਹਿੱਸਾ ਲੈਣ ਦੀ ਸਹਿਮਤੀ ਭਰਦੇ ਹੋਏ ਸ਼੍ਰੀ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਵਿਦਿਆਰਥੀਆਂ ਨੂੰ ਰੇਟਾਂ ਵਿਚ70ਫੀਸਦੀ ਤੱਕ ਰਿਆਇਤ ਦੇਵੇਗੀ। ’’ਉਨ੍ਹਾਂ ਕਿਹਾ ਕਿ ਅਸੀ ਹਰੇਕ ਸਕੂਲ ਨੂੰ ਇੰਟਰਨੈਟ ਨਾਲ ਜੋੜਨਾ ਅਤੇ ਵਿਸ਼ਵ ਲਾਇਬਰੈਰੀਆਂ ਤੱਕ ਵਿਦਿਆਰਥੀਆਂ ਦੀ ਪਹੁੰਚ ਬਣਾਉਣਾ ਚਾਹੁੰਦੇ ਹਾਂ’। 7000 ਕਿਲੋਮੀਟਰ ਤੱਕ ਫਾਈਬਰ ਵਿਛਾਉਣ ਸਣੇ 4 ਜੀ ਦੇ ਸਬੰਧ ਵਿਚ ਰਿਲਾਇੰਸ ਵਲੋਂ ਕੀਤੇ ਗਏ ਕੰਮ ਉਤੇ ਤਸੱਲੀ ਪ੍ਰਗਟ ਕਰਦੇ ਹੋਏ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਸਾਰੇ ਸਕੂਲਾਂ ਅਤੇ ਕਾਲਜਾਂ ਵਿਚ ਬਰਾਡਬੈਂਡ ਸੰਪਰਕ ਮੁਹੱਈਆ ਕਰਵਾਉਣ ਦੇ ਵਾਸਤੇ ਇਸ ਕੰਮ ਵਿਚ ਦਿਲਚਸਪੀ ਲੈਣ ਵਾਲੀਆਂ ਕੰਪਨੀਆਂ ਨੂੰ ਆਗਿਆ ਦੇਣ ਦੇ ਲਈ ਇਕ ਨੀਤੀ ਤਿਆਰ ਕਰ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਇਮਾਰਤਾਂ ’ਤੇ ਟਾਵਰ ਸਥਾਪਤ ਕਰਨ ਦੇ ਲਈ ਬਰਾਡਬੈਂਡ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਨੂੰ ਪਹਿਲਾਂ ਹੀ ਆਗਿਆ ਦੇ ਦਿੱਤੀ ਹੈ। ਕੰਪਨੀ ਦੀ ਪੰਜਾਬ ਬਾਰੇ ਭਵਿੱਖੀ ਯੋਜਨਾ ਦਾ ਖੁਲਾਸਾ ਕਰਦੇ ਹੋਏ ਸ਼੍ਰੀ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਆਪਣੇ ਹੁਸ਼ਿਆਰਪੁਰ ਵਾਲੇ ਪਲਾਂਟ ਵਿਚ 1000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਜੋ ਕਿ ਅਗਲੇ ਕੁਝ ਸਾਲਾਂ ਦੌਰਾਨ ਵਿਸ਼ੇਸ਼ ਫਾਈਬਰ ਤਿਆਰ ਕਰੇਗੀ। ਉਨ੍ਹਾਂ ਕਿਹਾ ਕਿ ਕੰਪਨੀ ਨੂੰ ਸੰਗਠਿਤ ਖੇਤੀਬਾੜੀ ਮਾਰਕਿਟ ਵਿਚ ਡੁੰਘੀ ਦਿਲਚਸਪੀ ਹੈ ਤਾਂ ਜੋ ਕਿਸਾਨ ਆਪਣੀ ਫਸਲਾਂ ਦੇ ਲਾਹੇਵੰਦ ਭਾਅ ਪ੍ਰਾਪਤ ਕਰ ਸਕਣ। ਰਿਲਾਇੰਸ ਦੇ ਸੀ.ਐਮ.ਡੀ ਨੇ ਕਿਹਾ ਕਿ ਉਨ੍ਹਾਂ ਨੇ ਅਜੀਹਾ ਕਰਨਾਟਿਕਾ ਵਿਚ ਕੀਤਾ ਹੈ ਅਤੇ ਉਹ ਇਸੇ ਤਰ੍ਹਾਂ ਦਾ ਪਲੇਟਫਾਰਮ ਪੰਜਾਬ ਵਿਚ ਸਥਾਪਤ ਕਰਨਾ ਚਾਹੁੰਦੇ ਹਨ। ਸ. ਬਾਦਲ ਨੇ ਸ਼੍ਰੀ ਅੰਬਾਨੀ ਨੂੰ ਭਰੋਸਾ ਦੁਆਇਆ ਕਿ ਸੂਬਾ ਸਰਕਾਰ ਇਸ ਪ੍ਰਸਤਾਵ ਨੂੰ ਅੱਗੇ ਖੜਨ ਲਈ ਸਾਰੇ ਤਰ੍ਹਾਂ ਦੇ ਢੰਗ ਤਰੀਕਿਆਂ ਦੀਆਂ ਸੰਭਾਵਨਾਵਾਂ ਦਾ ਪਤਾ ਲਾਵੇਗੀ। ਸ. ਬਾਦਲ ਮਹਿੰਦਰਾ ਐਂਡ ਮੰਹਿਦਰਾ ਦੇ ਸ਼੍ਰੀ ਆਨੰਦ ਮਹਿੰਦਰਾ, ਆਰ.ਪੀ.ਜੀ ਇੰਟਰਪ੍ਰਾਈਜਜ਼ ਦੇ ਸ਼੍ਰੀ ਹਰੀਸ਼ ਗੋਇਨਕਾ ਅਤੇ ਸਨ ਫਾਰਮਾ ਦੇ ਸ਼੍ਰੀ ਦਲੀਪ ਐਸ ਸ਼ੰਘਵੀ ਨੂੰ ਵੀ ਮਿਲੇ । ਇਸ ਤੋਂ ਪਹਿਲਾਂ ਪਿਛਲੀ ਸ਼ਾਮ ਉਹ ਨਵਰਤਨ ਇੰਡਰਸ਼ਟਰੀਜ਼ ਦੇ ਸ਼੍ਰੀ ਹਿਮਾਂਸ਼ ਵਰਮਾ ਨੂੰ ਵੀ ਮਿਲੇ ਸਨ ਜੋ ਪੰਜਾਬ ਵਿਚ ਸੀਮੈਂਟ ਅਤੇ ਸੌਰ ਊਰਜਾ ਦੇ ਖੇਤਰ ਵਿਚ ਨਵੀਨਤਮ ਤਕਨਾਲੋਜੀ ਲਿਆ ਰਹੇ ਹਨ।ਇਸ ਮੌਕੇ ਮੁੱਖ ਸੰਸਦੀ ਸਕੱਤਰ ਐਨ.ਕੇ. ਸ਼ਰਮਾ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਤੇ ਸੀਨੀਅਰ ਅਧਿਕਾਰੀ ਪੀ.ਐਸ.ਔਜਲਾ, ਕਰਨ ਅਵਤਾਰ ਸਿੰਘ ਤੇ ਅਨੁਰਿੱਧ ਤਿਵਾੜੀ ਵੀ ਹਾਜ਼ਰ ਸਨ।

WRITTEN BY