ਸਾਹੋਕੇ/ਮੰਡੇਰਕਲਾਂ (ਸੰਗਰੂਰ), 9 ਸਤੰਬਰ (ਗਰੋਵਰ)- ਚਿੱਟ ਫੰਡ ਕੰਪਨੀਆਂ ਵੱਲੋਂ ਲੋਕਾਂ ਨੂੰ ਗੁਮਰਾਹ ਕਰਕੇ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਘਪਲਿਆਂ ਦਾ ਸਖ਼ਤ ਨੋਟਿਸ ਲੈਂਦਿਆਂ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਲੋਕਾਂ ਨਾਲ ਜਾਅਲਸ਼ਾਜੀ ਕਰਕੇ ਪੈਸਾ ਬਟੋਰਨ ਵਾਲੀਆਂ ਇਹਨਾਂ ਕੰਪਨੀਆਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਨੂੰਨੀ ਕਾਰਵਾਈ ਤਹਿਤ ਇਹਨਾਂ ਕੰਪਨੀਆਂ ਦੇ ਮਾਲਕਾਂ ਨੂੰ ਕਰੋੜਾਂ ਰੁਪਏ ਦੇ ਜੁਰਮਾਨੇ ਹੋਣ ਦੇ ਨਾਲ-ਨਾਲ ਇੰਨਾਂ ਦੀਆਂ ਜਾਇਦਾਤਾਂ ਵੀ ਜਬਤ ਹੋ ਸਕਦੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ. ਢੀਂਡਸਾ ਨੇ ਸੰਗਤ ਦਰਸ਼ਨ ਦੌਰਾਨ ਮੰਡੇਰਕਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤਾ। ਸ. ਢੀਂਡਸਾ ਨੇ ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਵਿਧਾਨ ਸਭਾ ਦੇ ਸ਼ੁਰੂ ਹੋਣ ਵਾਲੇ ਸੈਸ਼ਨ ਦੌਰਾਨ ਵਿਰੋਧੀ ਧਿਰ ਕਾਂਗਰਸ ਤੋਂ ਆਸ ਪ੍ਰਗਟਾਈ ਕਿ ਸੈਸ਼ਨ ਦੌਰਾਨ
ਬੇਬੁਨਿਆਦ ਗੱਲਾਂ ਨਾ ਕਰਕੇ ਸਿਰਫ ਤੇ ਸਿਰਫ਼ ਰਾਜ ਦੇ ਵਿਕਾਸ ਪੱਖੀ ਮੁਦਿੱਆ ’ਤੇ ਹੀ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਸ਼ੋਮ੍ਰਣੀ ਅਕਾਲੀ ਦਲ ਭਾਜਪਾ ਸਰਕਾਰ ਦੇ ਸਮੇਂ ਸੂਬੇ ਦਾ ਚੁੰਹਪੱਖੀ ਵਿਕਾਸ ਹੋਇਆ ਹੈ, ਜਿਸਨੂੰ ਰਾਜ ਦੇ ਲੋਕ ਭਲੀ ਭਾਂਤ ਜਾਣਦੇ ਹਨ। ਸ. ਢੀਂਡਸਾ ਨੇ ਕਿਹਾ ਕੋਟਲਾ ਬਰਾਂਚ ਦੀ ਇਕ ਸਾਈਡ ਦੀ ਲਾਈਨਿੰਗ ਪੱਕੀ ਕਰਨ ਤੋਂ ਇਲਾਵਾ ਇਸ ਨਹਿਰ ਹੇਠ ਆਉਂਦੇ ਸਾਰੇ ਰਕਬੇ ਦੇ ਸਾਰੇ ਨਹਿਰੀ ਖਾਲਾਂ ਨੂੰ ਦੁਬਾਰਾ ਪੱਕੇ ਕਰਨ ਲਈ ਪੰਜਾਬ ਸਰਕਾਰ ਨੇ 900 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਹੈ ਜਿਸ ਨਾਲ ਸੰਗਰੂਰ, ਬਰਨਾਲਾ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆ ਦੇ ਕਿਸਾਨਾਂ ਨੂੰ ਵੱਡਾ ਲਾਹਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਵਿੱਚੋਂ 100 ਕਰੋੜ ਰੁਪਏ ਦੀ ਰਾਸ਼ੀ ਕੇਵਲ ਸੁਨਾਮ ਹਲਕੇ ’ਤੇ ਹੀ ਖਰਚ ਕੀਤੀ ਜਾਵੇਗੀ।
ਇਸ ਤੋਂ ਪਹਿਲਾ ਵਿੱਤ ਮੰਤਰੀ ਨੇ ਪਿੰਡ ਸਾਹੋਕੇ, ਮੰਡੇਰਕਲਾਂ ਅਤੇ ਬੁੱਘਰਾਂ ਵਿਖੇ ਲੋਕਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਗਤ ਦਰਸ਼ਨਾਂ ਰਾਹੀ ਲੋਕ ਸਮੱਸਿਆ ਦਾ ਹਲ ਕਰਨਾ ਸ਼੍ਰੋਮ੍ਹਣੀ ਅਕਾਲੀ ਦਲ ਸਰਕਾਰ ਦਾ ਮੁੱਖ ਉਦੇਸ਼ ਹੈ। ਸ. ਢੀਂਡਸਾ ਨੇ ਸੰਗਤ ਦਰਸ਼ਨ ਦੌਰਾਨ ਵੱਖ ਵੱਖ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆ ਨੂੰ ਸੁਣਿਆ ਅਤੇ ਸੰਬੰਧਤ ਅਧਿਕਾਰੀਆਂ ਨੂੰ ਸਮਾਂਬੱਧ ਢੰਗ ਨਾਲ ਹਲ ਕਰਨ ਦੇ ਆਦੇਸ਼ ਦਿੱਤੇ ਅਤੇ ਕੁੱਝ ਮਸਲਿਆਂ ਨੂੰ ਮੌਕੇ ਤੇ ਹਲ ਕੀਤਾ। ਉਨਾਂ ਹਲਕੇ ਦੇ ਵੱਖ ਵੱਖ 3 ਪਿੰਡਾਂ ਦੇ ਵਿਕਾਸ ਕਾਰਜ਼ਾਂ ਲਈ ਕਰੀਬ ਡੇਢ ਕਰੋੜ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਸ. ਰਜਿੰਦਰ ਸਿੰਘ ਕਾਂਝਲਾਂ, ਯੂਥ ਅਕਾਲੀ ਆਗੂ ਸ .ਅਮਨਵੀਰ ਸਿੰਘ ਚੈਰੀ, ਸ. ਅਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਚੀਮਾ, ਸ. ਬਲਦੇਵ ਸਿੰਘ ਚੇਅਰਮੈਨ ਮਾਰਕੀਟ ਸੰਗਰੂਰ, ਸ. ਦਲਬੀਰ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ , ਸਰਪੰਚ ਬਲਬੀਰ ਸਿੰਘ ਮੰਡੇਰ ਖੁਰਦ, ਸਰਪੰਚ ਕੁਲਦੀਪ ਸਿੰਘ ਬੁੱਘਰਾਂ, ਸ. ਸਤਿਗੁਰੂ ਸਿੰਘ ਨਮੌਲ ਯੂਥ ਆਗੂ, ਸ. ਗੁਰਮੀਤ ਸਿੰਘ ਜੌਹਲ ਮੀਡੀਆ ਸਲਾਹਕਾਰ ਵਿੱਤ ਮੰਤਰੀ ਪੰਜਾਬ, ਪੀ.ਏ.ਟੂ ਵਿੱਤ ਮੰਤਰੀ ਸ. ਵਰਿੰਦਰਪਾਲ ਸਿੰਘ ਟੀਟੂ, ਸ੍ਰੀ ਸੁਰਜੀਤ ਖਾਨ ਮੈਂਬਰ ਹਜ਼ ਕਮੇਟੀ, ਐਸ.ਡੀ.ਐਮ. ਸ੍ਰੀਮਤੀ ਈਸ਼ਾ ਸਿੰਗਲ, ਡੀ.ਐਸ.ਪੀ. ਸ. ਜਗਤਜੀਤ ਸਿੰਘ ਅਤੇ ਹੋਰ ਅਧਿਕਾਰੀ ਅਤੇ ਆਗੂ ਹਾਜ਼ਰ ਸਨ।



