Skip to content
Independent perspectives. Global stories.
BREAKING

ਭਾਰਤ ਨੇ ਦਾਊਦ-ਸਈਅਦ ਵਿਰੁੱਧ ਕਮਾਂਡੋ ਆਪ੍ਰੇਸ਼ਨ ਕੀਤਾ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ

Share this story

ਇਸਲਾਮਾਬਾਦ, 8 ਸਤੰਬਰ (ਪੀ. ਟੀ. ਲਾਇਵ)- ਪਾਕਿਸਤਾਨ ਵਿੱਚ ਮੌਜੂਦ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਅਤੇ ਹਾਫਿਜ਼ ਸਈਅਦ ਨੂੰ ਫੜਣ ਲਈ ਪਾਕਿਸਤਾਨ ਵਿੱਚ ਕਮਾਂਡੋ ਆਪ੍ਰੇਸ਼ਨ ਕਰਨ ਬਾਰੇ ਕੇਂਦਰੀ ਮੰਤਰੀ ਰਾਜਿਆਵਰਧਨ ਰਾਠੋੜ ਵੱਲੋਂ ਦਿੱਤੇ ਗਏ ਬਿਆਨ ਦੇ ਬਾਅਦ ਅੱਜ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਨੇ ਸਖ਼ਤ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਭਾਰਤ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਵੀ ਆਪ੍ਰੇਸ਼ਨ ਹੋਵੇਗਾ ਤਾਂ ਭਾਰਤ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦੀ ਧਮਕੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਫੌਜ ਦੇ ਮੁਖੀ ਰਾਹਿਲ ਸ਼ਰੀਫ ਵੀ ਦੇ ਚੁੱਕੇ ਹਨ। ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਦਾਊਦ ਜਾਂ ਹਾਫਿਜ਼ ਨੂੰ ਫੜਣ ਦੇ ਲਈ ਭਾਰਤ ਨੇ ਜੇਕਰ ਕੋਈ ਗੁਪਤ ਆਪ੍ਰੇਸ਼ਨ ਚਲਾਇਆ ਤਾਂ ਇਹ ਉਸ ਦੇ ਲਈ ਚੰਗਾ ਨਹੀਂ ਹੋਵੇਗਾ।ਉਨ੍ਹਾਂ ਨੇ ਕਿਹਾ ਕਿ ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨ ਰੇਂਜਰਸ ਦੇ ਵਿਚਾਲੇ ਵਿਵਾਦਾਂ ਦੇ ਹੱਲ ਲਈ ਦੋਨੋ ਫੋਰਸਾਂ ਦੇ ਮੁਖੀਆਂ ਵਿਚਾਲੇ ਮੀਟਿੰਗ ਜ਼ਰੂਰੀ ਹੈ। ਅਜ਼ੀਜ਼ ਨੇ ਇਹ ਵੀ ਦੋਸ਼ ਲਾਇਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣਾਂ ਵਿੱਚ ਪਾਕਿਸਤਾਨ ਦੇ ਵਿਰੁੱਧ ਨਾਅਰੇ ਲਗਾਉਂਦੇ ਹਨ ਜੋ ਕਿ ਸਹੀ ਸੰਕੇਤ ਨਹੀਂ ਹੈ। ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਪਾਕਿਸਤਾਨ ਦੇ ਫੌਜ ਮੁਖੀ ਰਾਹਿਲ ਸ਼ਰੀਫ ਨੇ ਧਮਕੀ ਭਰੇ ਲਹਿਜ਼ੇ ਵਿੱਚ ਕਿਹਾ ਸੀ ਕਿ ਜੇਕਰ ਪਾਕਿਸਤਾਨ ’ਤੇ ਹਮਲਾ ਹੁੰਦਾ ਹੈ ਤਾਂ ਭਾਰਤ ਨੂੰ ਪਹਿਲਾਂ ਨਾਲੋਂ ਕਿਤੇ ਅੱਗੇ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।

WRITTEN BY