ਲਖਨਊ, 3 ਸਤੰਬਰ (ਪੀ. ਟੀ. ਲਾਇਵ)- ਸਮਾਜਵਾਦੀ ਪਾਰਟੀ ਨੇ ਬਿਹਾਰ ਵਿੱਚ ਵੱਖਰੇ ਤੌਰ ’ਤੇ ਚੋਣ ਲੜਣ ਦਾ ਫੈਸਲਾ ਕੀਤਾ ਹੈ। ਇਸ ਦਾ ਐਲਾਨ ਅੱਜ ਇੱਥੇ ਸਮਾਜਵਾਦੀ ਪਾਰਟੀ ਦੇ ਜਨਰਲ ਸਕੱਤਰ ਰਾਮਗੋਪਾਲ ਯਾਦਵ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪਾਰਟੀ ਦੇ ਸੰਸਦੀ ਦਲ ਦੀ ਮੀਟਿੰਗ ਵਿੱਚ ਹੋਇਆ ਹੈ। ਯਾਦਵ ਅਨੁਸਾਰ ਪਾਰਟੀ ਬਿਹਾਰ ਵਿੱਚ ਕਿੰਨੀਆਂ ਸੀਟਾਂ ਉ¤ਪਰ ਚੋਣ ਲੜੇਗੀ ਇਸ ਸਬੰਧੀ ਫੈਸਲਾ ਪਾਰਟੀ ਸੁਪਰੀਮੋ ਮੁਲਾਇਮ ਸਿੰਘ ਯਾਦਵ ਬਿਹਾਰ ਦੇ ਆਗੂਆਂ ਨਾਲ ਸਲਾਹ ਮਸ਼ਵਰੇ ਦੇ ਬਾਅਦ ਤੈਅ ਕਰਨਗੇ।ਜ਼ਿਕਰਯੋਗ ਹੈ ਕਿ ਹਾਲ ਹੀ ’ਚ ਮਹਾਗਠਜੋੜ ਦੀ ਪਟਨਾ ਵਿਖੇ ਹੋਈ ਵਿਸ਼ਾਲ ਰੈਲੀ ਵਿੱਚ ਸਪਾ ਸੁਪਰੀਮੋ ਮੁਲਾਇਮ ਸਿੰਘ ਯਾਦਵ ਨਹੀਂ ਪਹੁੰਚੇ ਸਨ। ਇਸ ਦੇ ਬਾਅਦ ਤੋਂ ਹੀ ਇਹ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਸਨ ਕਿ ਮਹਾਗਠਜੋੜ ਵਿੱਚ ਦਰਾਰ ਪੈ ਚੁੱਕੀ ਹੈ। ਹਾਲਾਂਕਿ ਰਾਸ਼ਟਰੀ ਜਨਤਾ ਦਲ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਸਪਾ ਨੂੰ ਚੋਣ ਲੜਣ ਲਈ ਆਪਣੇ ਕੋਟੇ ’ਚੋਂ 5 ਸੀਟਾਂ ਦੇਣ ਦੀ ਪੇਸ਼ਕਸ਼ ਕੀਤੀ ਸੀ। ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ, ਜਨਤਾ ਦਲ (ਯੂ) ਅਤੇ ਕਾਂਗਰਸ ਇਕੱਠਿਆਂ ਚੋਣ ਲੜ ਰਹੀ ਹੈ। ਰਾਸ਼ਟਰੀ ਜਨਤਾ ਦਲ ਅਤੇ ਜਨਤਾ ਦਲ (ਯੂ) 100-100 ਸੀਟਾਂ ’ਤੇ ਚੋਣ ਲੜਣਗੀਆਂ, ਜਦਕਿ ਕਾਂਗਰਸ 40 ਸੀਟਾਂ ਉ¤ਪਰ ਚੋਣ ਲੜੇਗੀ। ਸਪਾ ਆਗੂ ਰਾਮਗੋਪਾਲ ਨੇ ਲਖਨਊ ਵਿਖੇ ਪ੍ਰੈ¤ਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਜਨਤਾ ਪਰਿਵਾਰ ਨੇ ਬਿਹਾਰ ਵਿੱਚ ਸਪਾ ਨੂੰ 5 ਸੀਟਾਂ ਦਿੱਤੀਆਂ ਸਨ। ਜਦ ਪਾਰਟੀ ਗਠਜੋੜ ਵਿੱਚ ਸੀ ਤਾਂ ਸੀਟਾਂ ਦਾ ਫੈਸਲਾ ਕਰਦੇ ਸਮੇਂ ਸਾਡੇ ਨਾਲ ਵੀ ਗੱਲ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਇਹ ਕਿਸੇ ਗੱਠਜੋੜ ਧਰਮ ਦੇ ਮੁਤਾਬਿਕ ਨਹੀਂ ਹੈ। ਸਾਡੇ ਨਾਲ ਕੋਈ ਸਲਾਹ ਮਸ਼ਵਰਾ ਕੀਤਾ ਹੀ ਨਹੀਂ ਗਿਆ। ਇਸ ਨਾਲ ਪਾਰਟੀ ਦੇ ਨੇਤਾ ਅਤੇ ਵਰਕਰ ਨਾਰਾਜ਼ ਹਨ। ਉਹ ਖੁਦ ਨੂੰ ਅਪਮਾਨਿਤ ਮਹਿਸੂਸ ਕਰ ਰਹੇ ਹਨ।



