ਰਈਆ, 2 ਸਤੰਬਰ (ਸੁਨੀਲ ਕੁਮਾਰ ਬਿੱਟੂ)- ਰਈਆ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀ ਬਦੌਲਤ ਅੱਜ ਪੰਜਾਬ ਤਬਾਹੀ ਦੇ ਕੰਢੇ ਤੇ ਖੜ੍ਹਾ ਹੈ ਤੇ ਪਹਿਲਾਂ ਅਕਾਲੀ ਸਰਕਾਰ ਹੁੰਦਿਆਂ ਇਨ੍ਹਾਂ ਸੂਬੇ ਦੇ ਨੌਜਵਾਨਾਂ ਨੂੰ ਅੱਤਵਾਦ ਵੱਲ ਧੱਕਿਆ ਤੇ ਹੁਣ ਨਸ਼ੇ ਰੂਪੀ ਅੱਤਵਾਦ ਨਾਲ ਨੌਜਵਾਨ ਮਰ ਰਹੇ ਹਨ।ਉਨ੍ਹਾਂ ਕਿਹਾ ਕਿ ਸੂਬੇ ਦੀ ਇੰਡਸਟਰੀ ਦੂਜੇ ਰਾਜਾਂ ਵਿੱਚ ਜਾ ਰਹੀ ਹੈ, ਗਰੀਬ ਭੁੱਖਾ ਮਰ ਰਿਹਾ ਹੈ, ਬੁਨਿਆਦੀ ਢਾਂਚਾ ਬਿਲਕੁਲ ਵਿਗੜਿਆ ਹੋਇਆ ਹੈ, ਅੱਠ-ਅੱਠ ਮਹੀਨੇ ਦੀਆਂ ਸ਼ਗੁਨ ਸਕੀਮਾਂ ਤੇ ਪੈਨਸ਼ਨਾਂ ਨਹੀਂ ਮਿਲੀਆਂ ਤੇ ਗਰੀਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਆਰਥਿਕ ਤੌਰ ਤੇ ਸਰਕਾਰ ਦਾ ਦੀਵਾਲਾ ਨਿਕਲਿਆ ਹੈ ਤੇ ਅਫਸਰ ਅਕਾਲੀ ਦਲ ਦੇ ਜਥੇਦਾਰ ਬਣੇ ਹੋਏ ਹਨ। ਬੀਬੀ ਭੱਠਲ ਨੇ ਕਿਹਾ ਕਿ ਪੰਜਾਬ ਦਾ ਕਿਸਾਨ 51000 ਕਰੋੜ ਦੇਕਰਜੇ ਹੇਠਾਂ ਦੱਬਿਆ ਹੋਇਆ ਹੈ ਜਦੋਂਕਿ ਕਾਂਗਰਸ ਸਰਕਾਰ ਵੀ ਰਹੀ ਤੇ ਮੈਂ ਖੁਰਾਕ ਸਪਲਾਈ ਮੰਤਰੀ ਹੁੰਦਿਆਂ ਡਿਊਟੀ ਤੇ ਕੁਤਾਹੀ ਕਰਨ ਕਰਕੇ ਇੱਕ ਸੀਨੀਅਰ ਅਧਿਕਾਰੀ ਵੀ ਮੁਅਤਲ ਕੀਤਾ ਸੀ।ਕਾਂਗਰਸ ਸਰਕਾਰ ਦੇ ਸਮੇਂ ਸਾਰੇ ਪ੍ਰਬੰਧ ਪਹਿਲਾਂ ਕਰ ਕੇ ਰੱਖਦੇ ਸੀ ਸਾਡੀ ਸਰਕਾਰ ਵਿੱਚ ਅਫਸਰਾਂ ਤੇ ਪੂਰਾ ਸ਼ਿਕੰਜਾ ਹੁੰਦਾ ਸੀ ਜਦੋਂਕਿ ਦੋ ਵਾਰ ਪੰਜਾਬ ਵਿੱਚ ਕਣਕ ਦੇ ਸੀਜ਼ਨ ਦੌਰਾਨ ਜਿਮੀਂਦਾਰ ਦਾ ਬੁਰਾ ਹਾਲ ਹੋਇਆ ਹੈ।ਬੀਬੀ ਭੱਠਲ ਨੇ ਕਿਹਾ ਕਿ ਅਕਾਲੀ ਲੋਕਾਂ ਦੀਆਂ ਵੋਟਾਂ ਲੈਂਦੇ ਨੇ ਪੰਜ ਸਾਲ ਲਈ, ਰਾਜ ਕਰਦੇ ਨੇ ਪੰਜ ਸਾਲ, ਲੁੱਟਦੇ ਨੇ ਪੰਜ ਸਾਲ, ਫਿਰ ਸਹੂਲਤਾਂ ਆਖਰੀ ਸਾਲ ਹੀ ਕਿਉਂ ਦਿੰਦੇ ਨੇ।ਲੋਕਾਂ ਦੀ ਮਜਬੂਰੀ ਦਾ ਨਜ਼ਾਇਜ਼ ਫਾਇਦਾ ਉਠਾਇਆ ਜਾਂਦਾ। ਸਾਨੂੰ ਖਤਰਾ ਹੈ ਕਿ ਇਸ ਵਾਰ ਫਿਰ ਜਿਮੀਂਦਾਰ ਦਾ ਮੰਡੀਆਂ ਵਿੱਚ ਸ਼ੋਸ਼ਣ ਕੀਤਾ ਜਾਏਗਾ ਤੇ ਅਕਾਲੀ-ਭਾਜਪਾ ਦੇ ਵੱਡੇ ਆੜ੍ਹਤੀ ਘੱਟ ਰੇਟਾਂ ਤੇ ਝੋਨਾ ਖਰੀਦ ਕੇ ਖੁਦ ਸਰਕਾਰ ਨੂੰ ਪੂਰੇ ਭਾਅ ਵਿੱਚ ਵੇਚਣਗੇ।ਸਾਨੂੰ ਖਤਰਾ ਹੈ ਕਿ ਕਿਸਾਨ ਦਾ ਝੋਨਾ ਨਹੀਂ ਚੁਕਿਆ ਜਾਣਾ ਜਦੋਂਕਿ ਮੋਦੀ ਤੇ ਬਾਦਲ ਦੋਹੇਂ ਪੰਜਾਬ ਦੇ ਦੁਸ਼ਮਣ ਤੇ ਸੂਬਾ ਦੋ ਦੁਸ਼ਮਣਾਂ ਵਿੱਚ ਘਿਰਿਆ ਹੋਇਆ ਹੈ।ਪੰਜਾਬ ਦੇ ਲੋਕਾਂ ਨੇ ਸ. ਬਾਦਲ ਨੂੰ ਮੁੱਖ-ਮੰਤਰੀ ਬਣਾਇਆ ਪਰੰਤੂ ਕੀ ਸ. ਬਾਦਲ ਨਰਿੰਦਰ ਮੋਦੀ ਦਾ ਵਿਰੋਧ ਨਹੀਂ ਕਰ ਸਕਦੇ ਜਾਂ ਉਨ੍ਹਾਂ ਨੂੰ ਪੰਜਾਬ ਨਾਲੋਂ ਆਪਣੀ ਨੂੰਹ ਦੀ ਮਨਿਸਟਰੀ ਜਿਆਦਾ ਪਿਆਰੀ ਹੈ।ਆਮ ਆਦਮੀ ਪਾਰਟੀ ਦੇ ਬਾਰੇ ਬੀਬੀ ਭੱਠਲ ਨੇ ਕਿਹਾ ਕਿ ਸਾਰੀ ਪਾਰਟੀ ਲੀਰੋ-ਲੀਰ ਹੋਈ ਪਈ ਹੈ ਤੁਸੀ ਦੇਖਿਆ ਬਾਬਾ ਬਕਾਲਾ ਸਾਹਿਬ ਵਿੱਚ 2 ਸਟੇਜਾਂ ਲਗੀਆਂ ਹੋਣ ਕਰਕੇ ਪਤਾ ਚਲਦਾ ਕਿ ਆਪ ਦਾ ਕੀ ਹਾਲ ਹੈ ਇਸ ਦਾ ਕਾਂਗਰਸ ਨੂੰ ਕੋਈ ਖੱਤਰਾ ਨਹੀਂ ਕਿਉਂਕਿ ਇਨ੍ਹਾਂ ਤੋਂ ਤਾਂ ਆਪਣੀ ਪਾਰਟੀ ਹੀ ਨਹੀਂ ਸਾਂਭੀ ਜਾਣੀ।ਤੇ ਅੰਤ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਕੋਈ ਫੁਟ ਨਹੀ ਜਲਦੀ ਹੀ ਸਾਰੇ ਸੀਨੀਅਰ ਲੀਡਰ ਇਕ ਮੰਚ ਤੇ ਇੱਕਠੇ ਹੋਣਗੇ।



