ਬਠਿੰਡਾ, 27 ਅਗਸਤ (ਜਸਵੰਤ ਮਾਨ, ਬਸੰਤ ਅਗਰੋਈਆ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਹੈ ਕਿ ਬਠਿੰਡਾ ਤੇ ਮਾਨਸਾ ਵਿਖੇ ਟੈਕਸਟਾਇਲ ਪਾਰਕ ਵਿਕਸਤ ਕੀਤੇ ਜਾ ਰਹੇ ਹਨ ਜਿਸ ਨਾਲ ਇਸ ਨਰਮਾ ਪੱਟੀ ਦੇ ਵਿਕਾਸ ਨੂੰ ਜਿੱਥੇ ਵੱਡਾ ਹੁੰਗਾਰਾ ਮਿਲੇਗਾ ਉੱਥੇ ਹੀ ਇਸ ਇਲਾਕੇ ਵਿਚ ਰੁਜਗਾਰ ਦੇ ਵੀ ਹਜਾਰਾਂ ਨਵੇਂ ਮੌਕੇ ਪੈਦਾ ਹੋਣਗੇ। ਕੇਂਦਰੀ ਮੰਤਰੀ ਅੱਜ ਇੱਥੇ ਬੂਟਾ ਪ੍ਰਸਾਦ ਅਤੇ 208 ਲੜਕੀਆਂ ਤੇ ਔਰਤਾਂ ਨੂੰ ਪ੍ਰਧਾਨ ਮੰਤਰੀ ਬੀਮਾ ਸੁਰੱਖਿਆ ਬੀਮਾ ਯੋਜਨਾ ਤਹਿਤ 10 ਸਾਲ ਦੇ ਬੀਮੇ ਦੇ ਕਾਰਡ ਦੇਣ ਲਈ ਆਯੋਜਿਤ ਸਮਾਰੋਹ ਵਿਚ ਭਾਗ ਲੈਣ ਲਈ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਨੰਨ੍ਹੀ ਛਾਂ ਕੇਂਦਰਾਂ ਵਿਚ ਕੰਮ ਕਰਨ ਵਾਲੀਆਂ ਇੰਨ੍ਹਾਂ ਔਰਤਾਂ ਤੇ ਲੜਕੀਆਂ ਨੂੰ ਆਪਣੀ ਤਨਖਾਹ ਵਿਚੋਂ ਬੀਮੇ ਦਾ ਪ੍ਰੀਮਿਅਮ ਅਦਾ ਕਰਕੇ ਵੱਡੀ ਭੈਣ ਵੱਜੋਂਇੰਨ੍ਹਾਂ ਨੂੰ ਰੱਖੜ ਪੁੰਨਿਆ ਦਾ ਤੋਹਫਾ ਦਿੱਤਾ ਤਾਂ ਜੋ ਉਨ੍ਹਾਂ ਨੂੰ ਸਮਾਜਿਕ ਤੇ ਆਰਥਿਕ ਸੁਰੱਖਿਆ ਦਿੱਤੀ ਜਾ ਸਕੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਟੈਕਸਟਾਇਲ ਮੰਤਰਾਲੇ ਵੱਲੋਂ ਬਠਿੰਡਾ ਤੇ ਮਾਨਸਾ ਲਈ ਟੈਕਸਟਾਇਲ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਜਿਸ ਵਿਚ 8000 ਨੌਜਵਾਨਾਂ ਨੂੰ ਰੁਜਗਾਰ ਮਿਲ ਸਕੇਗਾ। ਇਸ ਲਈ ਇੰਨ੍ਹਾਂ ਨੌਜਵਾਨ ਨੂੰ ਕਿੱਤਾ ਮੁੱਖੀ ਸਿਖਲਾਈ ਵੀ ਦਿੱਤੀ ਜਾਵੇਗੀ। ਇੱਥੇ ਇਕੋ ਛੱਤ ਥੱਲੇ ਕਪਾਹ ਤੋਂ ਗਾਰਮੈਂਟ ਤਿਆਰ ਕਰਨ ਦੀ ਪ੍ਰਕ੍ਰਿਆ ਮੁਕੰਮਲ ਹੋਵੇਗੀ।ਉਨ੍ਹਾਂ ਨੇ ਕਿਹਾ ਕਿ 125 ਕਰੋੜ ਦੇ ਫੰਡ ਨਾਲ ਸਥਾਪਿਤ ਮੁਦਰਾ ਬੈਂਕ ਵੱਲੋਂ ਛੋਟੇ ਤੇ ਲਘੂ ਉਦਮੀਆਂ ਨੂੰ ਆਪਣਾ ਕਿੱਤਾ ਸ਼ੁਰੂ ਕਰਨ ਲਈ ਸਸਤੀਆਂ ਦਰਾਂ ਤੇ ਪੂੰਜੀ ਉਪਲਬੱਧ ਕਰਵਾਈ ਜਾ ਰਹੀ ਹੈ।



