ਨਥਾਣਾ, 26 ਅਗਸਤ (ਇੰਦਰਜੀਤ ਨਥਾਣਾ)- ਨਗਰ ਪੰਚਾਇਤ ਨਥਾਣਾ ਦੇ ਵਾਰਡ ਨੰਬਰ ਤਿੰਨ ਦੀ ਬਾਜ਼ੀਗਰ ਬਸਤੀ ‘ਚ ਰਹਿੰਦੀ ਵਿਧਵਾ ਮੁਖਤਿਆਰੋ ਇੰਨ੍ਹੀ ਦਿਨੀਂ ਕਈ ਕਿਸਮ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੀ ਹੈ। ਮਿਹਨਤ ਮਜ਼ਦੂਰੀ ਕਰਕੇ ਬਣਾਇਆ ਦੋ ਕਮਰਿਆਂ ਦਾ ਮਕਾਨ ਇਸ ਸਮੇਂ ਖੰਡਰ ਬਣ ਗਿਆ ਹੈ। ਬਰਸਾਤਾਂ ਦਾ ਪਾਣੀ ਕਮਰਿਆਂ ‘ਚ ਦਾਖਲ ਹੋ ਜਾਂਦਾ ਹੈ,ਜਿਸ ਨਾਲ ਕੰਧਾਂ ਪਾੜ ਗਈਆਂ ਹਨ ਤੇ ਵਿਚੋਂ ਕਮਰੇ ਦੀ ਛੱਤ ਵੀ ਢਹਿ ਗਈ ਹੈ। ਉਸ ਦੇ ਕਮਾਊ ਪੁੱਤ ਸੋਨਾ ਰਾਮ ਦੀ ਮੌਤ ਪਿੱਛੇ ਉਸਦੀ ਪਤਨੀ ਕਿਸੇ ਹੋਰ ਥਾਂ ਵਸ ਗਈ ਅਤੇ ਹੁਣ ਉਹ ਆਪਣੀ ਪੰਜਵੀਂ ਜਮਾਤ ਵਿਚ ਪੜ੍ਹਦੀ ਪੋਤੀ ਨੇਹਾ ਨਾਲ ਦਿਨ ਕਟੀ ਕਰ ਰਹੀ ਹੈ। ਉਹ ਆਪ ਬਜ਼ੁਰਗ ਹੋਣ ਕਰਕੇ ਕੋਈ ਕੰਮ ਕਰਨ ਤੋਂ ਅਸਮਰਥ ਹੈ। ਘਰ ’ਚ ਕੋਈ ਕਮਾਉਣ ਵਾਲਾ ਨਹੀਂ ਹੈ। ਮੁਖਤਿਆਰੋ ਨੇ ਸਮਾਜ ਸੇਵੀ ਸੰਸਥਾਂਵਾਂ, ਦਾਨੀ ਸੱਜਣਾਂ ਨੂੰ ਪ੍ਰੈੱਸ ਦੇ ਮਾਧਿਅਮ ਰਾਹੀਂ ਗੁਹਾਰ ਲਗਾਈ ਹੈ ਕਿ ਉਸ ਦੇ ਖੰਡਰ ਬਣ ਗਏ ਘਰ ਦੀ ਮੁੜ ਉਸਾਰੀ ਕਰਨ ਵਿਚ ਮਦਦ ਕੀਤੀ ਜਾਵੇ।



