ਜਲੰਧਰ/ਨਵੀਂ ਦਿੱਲੀ, 25 ਅਗਸਤ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਦੇਸ਼ ਭਰ ਵਿਚ ‘ਸੂਬਾਈ ਹੁਨਰ ਵਿਕਾਸ ਮਿਸ਼ਨਾਂ’ ਨੂੰ ਮਜ਼ਬੂਤ ਬਣਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਆਖਿਆ ਕਿ ਹੁਨਰ ਵਿਕਾਸ ਪਹਿਲਕਦਮੀਆਂ ਦਾ ਇਕ ਧੁਰਾ ਵਿਕਸਤ ਕਰਕੇ ਇਨ੍ਹਾਂ ਦਾ ਸੂਬਾਈ, ਜ਼ਿਲ੍ਹਾ ਅਤੇ ਬਲਾਕ ਪੱਧਰ ਤੱਕ ਤਿੰਨ ਪੜਾਵੀ ਵਿਕੇਂਦਰੀਕਰਨ ਕੀਤਾ ਜਾਵੇ। ਅੱਜ ਇਥੇ ਨੀਤੀ ਆਯੋਗ ਵਿਖੇ ਹੁਨਰ ਵਿਕਾਸ ਬਾਰੇ ਮੁੱਖ ਮੰਤਰੀਆਂ ਦੇ ਸਬ-ਗਰੁੱਪ ਦੇ ਕਨਵੀਨਰ ਵਜੋਂ ਪੰਜਵੀਂ ਅਤੇ ਆਖਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ. ਬਾਦਲ ਨੇ ਹੁਨਰ ਵਿਕਾਸ ਦੇ ਖਾਹਸ਼ਮੰਦਾਂ ਨੂੰ ਲਾਮਬੰਦ ਕਰਨ ਵਾਸਤੇ ਪੰਚਾਇਤਾਂ, ਮਿਉਂਸਪਲਾਂ ਅਤੇ ਸਿਵਲ ਸੋਸਾਇਟੀ ਸੰਸਥਾਵਾਂ ਦੀਆਂ ਸੇਵਾਵਾਂ ਪ੍ਰਾਪਤ ਕਰਨ ਦੀ ਸਿਫਾਰਸ਼ ਕੀਤੀ ਹੈ। ਉਨ੍ਹਾਂ ਨੇ ਆਪਣੇ ਸਾਥੀ ਮੁੱਖ ਮੰਤਰੀਆਂ ਨੂੰ ਦੱਸਿਆ ਕਿ ਸਬ-ਗਰੁੱਪ ਨੇ ਪਹਿਲਾਂ ਹੀ ਆਪਣਾ ਜ਼ਿਆਦਾਤਰ ਕੰਮ ਮੁਕੰਮਲ ਕਰ ਲਿਆ ਹੈ ਅਤੇ ਖਰੜਾ ਰਿਪੋਰਟ ਮੁਕੰਮਲ ਹੋਣ ਦੇ ਨੇੜੇ ਹੈ। ਸ. ਬਾਦਲ ਨੇ ‘ਹੁਨਰ ਵਿਕਾਸ ਬਾਰੇ ਨੌਜਵਾਨਾਂ ਦਾ ਅਧਿਕਾਰ’ ਕਾਨੂੰਨ ਬਣਾਉਣ ਵਰਗੀਆਂ ਕੁਝ ਸਿਫਾਰਸ਼ਾਂ ਦਾ ਵੀ ਜ਼ਿਕਰ ਕੀਤਾ ਜੋ ਕਿਛੱਤੀਸਗੜ੍ਹ ਸਰਕਾਰ ਵੱਲੋਂ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਸ. ਬਾਦਲ ਨੇ ਕਿਹਾ, ‘‘ਅਸੀਂ ਆਪਣੇ ਨਾਗਰਿਕਾਂ ਨੂੰ ਪਹਿਲਾਂ ਹੀ ਸੂਚਨਾ ਦੇ ਅਧਿਕਾਰ, ਸਿੱਖਿਆ ਦੇ ਅਧਿਕਾਰ, ਅਨਾਜ ਸੁਰੱਖਿਆ ਆਦਿ ਦੇ ਅਧਿਕਾਰ ਨਾਲ ਸਮਰੱਥ ਬਣਾ ਦਿੱਤਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਦੇਸ਼ ਦੇ ਹਰੇਕ ਨੌਜਵਾਨ ਨੂੰ ਹੁਨਰ ਦਾ ਅਧਿਕਾਰ ਪ੍ਰਦਾਨ ਕਰੀਏ।’’ ਇਸੇ ਤਰ੍ਹਾਂ ਹੀ ਸਬ-ਗਰੁੱਪ ਨੇ ਹੁਨਰ ਵਿਕਾਸ ਵਾਸਤੇ ਪ੍ਰਾਈਵੇਟ ਸੈਕਟਰ ਨੂੰ ਲਾਮਬੰਦ ਕਰਨ ਦੀ ਸਿਫਾਰਸ਼ ਕਰਨ ਤੋਂ ਇਲਾਵਾ ਵਧੀਆ ਤਾਲਮੇਲ ਲਈ ਰਾਸ਼ਟਰੀ ਹੁਨਰ ਵਿਕਾਸ ਕੌਂਸਲ ਅਤੇ ਸੂਬਾ ਪੱਧਰ ਜਾਂ ਖੇਤਰੀ ਪੱਧਰ ਉਤੇ ਸੈਕਟਰ ਸਕਿੱਲ ਕੌਂਸਲ ਚੈਪਟਰ ਖੋਲ੍ਹੇ ਜਾਣ ਦੀ ਸਿਫਾਰਸ਼ ਕੀਤੀ ਹੈ। ਦੇਸ਼ ਦੇ ਹਰੇਕ ਨਾਗਰਿਕ ਨੂੰ ਹੁਨਰ ਵਿਕਾਸ ਦੇਣ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਸਬ-ਗਰੁੱਪ ਨੇ ਅੱਠਵੀਂ ਜਮਾਤ ਤੋਂ ਵੋਕੇਸ਼ਨਲ ਸਿੱਖਿਆ ਸ਼ੁਰੂ ਕਰਨ ਲਈ ਵੀ ਸਿਫਾਰਿਸ਼ ਕੀਤੀ ਹੈ। ਸ. ਬਾਦਲ ਨੇ ਕਿਹਾ ਕਿ ਦਿਹਾਤੀ ਨੌਜਵਾਨਾਂ, ਔਰਤਾਂ, ਅਪੰਗ ਵਿਅਕਤੀਆਂ ਅਤੇ ਗੈਰ-ਰਸਮੀ ਸੈਕਟਰ ਉਤੇ ਵਿਸ਼ੇਸ਼ ਤੌਰ ’ਤੇ ਧਿਆਨ ਕੇਂਦਰਤ ਕਰਨ ਦੇ ਨਾਲ-ਨਾਲ ਨਤੀਜਾ ਮੁਖੀ ਅਤੇ ਪ੍ਰਭਾਵੀ ਢੰਗ ਨਾਲ ਹੁਨਰ ਵਿਕਾਸ ਪ੍ਰੋਗਰਾਮ ਸ਼ੁਰੂ ਕਰਨ ਲਈ ਸਿਖਲਾਈ ਦੇਣ ਵਾਲਿਆਂ ਅਤੇ ਇੰਸਟ੍ਰਕਟਰਾਂ ਦਾ ਪੂਲ ਵਿਕਸਤ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਹੁਨਰ ਸਿਖਲਾਈ ਮੁਹੱਈਆ ਕਰਵਾਉਣ ਵਾਲਿਆਂ ਦੀ ਕਮੀ ਅਤੇ ਯੋਗਤਾ ਪ੍ਰਾਪਤ ਇੰਸਟ੍ਰਕਟਰਾਂ ਦੀ ਘਾਟ ਨਾਲ ਨਿਪਟਿਆ ਜਾ ਸਕੇ। ਇਸ ਸਬੰਧ ਵਿਚ ਉਨ੍ਹਾਂ ਨੇ ਹੁਨਰ ਵਿਕਾਸ ਯੂਨੀਵਰਸਿਟੀਆਂ ਨੂੰ ਸ਼ਾਮਲ ਕਰਨ ਦੀ ਵਕਾਲਤ ਕੀਤੀ ਤਾਂ ਜੋ ਉਚ ਯੋਗਤਾ ਵਾਲੇ ਇੰਸਟ੍ਰਕਟਰਾਂ ਦੀ ਪ੍ਰਤਿਭਾ ਦਾ ਫਾਇਦਾ ਉਠਾਇਆ ਜਾ ਸਕੇ। ਹੁਨਰ ਵਿਕਾਸ ਬਾਰੇ ਫੰਡ ਮੁਹੱਈਆ ਕਰਵਾਉਣ ਦੇ ਸਬੰਧ ਵਿਚ ਸ. ਬਾਦਲ ਨੇ ਅਨੇਕਾਂ ਸੁਝਾਅ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ) ਦੇ 2 ਫੀਸਦੀ ਫੰਡ ਵਿੱਚੋਂ ਘੱਟੋਂ-ਘੱਟ ਇੱਕ ਫੀਸਦੀ ਰਾਸ਼ੀ ਸਿਰਫ ਹੁਨਰ ਵਿਕਾਸ ਸਰਗਰਮੀਆਂ ਲਈ ਪੱਕੇ ਤੌਰ ’ਤੇ ਰੱਖੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਥਾਈ ਫੰਡ ਪੈਦਾ ਕਰਨ ਲਈ ਹੁਨਰ ਵਿਕਾਸ ਵਾਸਤੇ ਸੈੱਸ ਲਾਉਣ ਅਤੇ ਇਮਾਰਤ ਤੇ ਉਸਾਰੀ ਭਲਾਈ ਫੰਡ, ਸੀ.ਏ.ਐਮ.ਪੀ.ਏ ਫੰਡ, ਸਟੇਟ ਮਿਨਰਲ ਫੰਡ, ਐਮ.ਪੀ.ਐਲ.ਏ.ਡੀ.ਐਸ/ਐਮ.ਐਲ.ਏ ਦੀ ਹੁਨਰ ਵਿਕਾਸ ਲਈ ਵਰਤੋਂ ਕਰਨ ਦਾ ਸੁਝਾਅ ਦਿੱਤਾ ਹੈ।



