ਨਵੀਂ ਦਿੱਲੀ/ਇਸਲਾਮਾਬਾਦ, 21 ਅਗਸਤ (ਪੀ. ਟੀ.)- ਭਾਰਤ ਅਤੇ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦਰਮਿਆਨ 23 ਅਤੇ 24 ਅਗਸਤ ਨੂੰ ਹੋਣ ਵਾਲੀ ਗੱਲਬਾਤ ਰੱਦ ਹੋ ਗਈ ਹੈ। ਗੱਲਬਾਤ ਤੋਂ ਪਹਿਲਾਂ ਦੋਨਾਂ ਧਿਰਾਂ ਵਿਚਾਲੇ ਤਲਖੀ ਸਾਫ ਨਜ਼ਰ ਆ ਰਹੀ ਸੀ। ਪਾਕਿਸਤਾਨ ਕਸ਼ਮੀਰ ਵੱਖਵਾਦੀ ਆਗੂਆਂ ਨਾਲ ਗੱਲਬਾਤ ’ਤੇ ਅੜਿਆ ਹੋਇਆ ਹੈ। ਦੂਜੇ ਪਾਸੇ ਭਾਰਤ ਨੇ ਕਿਹਾ ਹੈ ਕਿ ਉਹ ਕੇਵਲ ਅੱਤਵਾਦ ਦੇ ਮੁੱਦੇ ’ਤੇ ਗੱਲਬਾਤ ਕਰੇਗਾ। ਇਸ ਦੌਰਾਨ ਸੂਤਰ ਦਸਦੇ ਹਨ ਕਿ ਅਜਿਹੇ ਹਾਲਾਤ ਵਿੱਚ ਵੱਖਵਾਦੀਆਂ ਨੂੰ ਦਿੱਲੀ ਨਹੀਂ ਪਹੁੰਚਣ ਦਿੱਤਾ ਜਾਵੇਗਾ। ਇਸੇ ਦੌਰਾਨ ਪ੍ਰਾਪਤ ਰਿਪੋਰਟਾਂ ਅਨੁਸਾਰ ਜੰਮੂ-ਕਸ਼ਮੀਰ ਪੁਲਿਸ ਨੇ ਦੋ ਵੱਖਵਾਦੀ ਨੇਤਾਵਾਂ ਸਈਅਦ ਅਲੀ ਸ਼ਾਹ ਗਿਲਾਨੀ ਅਤੇ ਸ਼ਬੀਰ ਸ਼ਾਹ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਭਾਰਤ ਨੇ ਕਿਹਾ ਹੈ ਕਿ ਹੁਰੀਅਤ ਨੇਤਾਵਾਂ ਨਾਲ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਵੱਲੋਂ ਗੱਲਬਾਤ ਊਫਾ (ਰੂਸ) ਵਿਖੇ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦਰਮਿਆਨ ਹੋਏ ਸਮਝੌਤੇ ਦੇ ਵਿਰੁੱਧ ਹੈ। ਇਸ ਮੀਟਿੰਗ ਵਿੱਚ ਤੈਅ ਹੋਇਆ ਸੀ ਕਿ ਦੋਨੋ ਦੇਸ਼ ਅੱਤਵਾਦ ਅਤੇ ਦੂਸਰੇ ਮਸਲਿਆਂ ਨੂੰ ਆਪਸੀ ਗੱਲਬਾਤ ਰਾਹੀਂ ਸੁਲਝਾਉਣਗੇ।



