ਜਲੰਧਰ/ਬੀਦੋਵਾਲੀ (ਸ੍ਰੀ ਮੁਕਤਸਰ ਸਾਹਿਬ), 19 ਅਗਸਤ- ਸੂਬੇ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦਿੱਤੇ ਜਾਣ ਦੀ ਮੰਗ ਨੂੰ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇਸ਼ ਦੇ ਬਾਕੀ ਸਾਰੇ ਸੂਬਿਆਂ ਨਾਲੋਂ ਇਹ ਪੈਕੇਜ ਪ੍ਰਾਪਤ ਕਰਨ ਦਾ ਸਭ ਤੋਂ ਵੱਧ ਹੱਕ ਰੱਖਦਾ ਹੈ। ਅੱਜ ¦ਬੀ ਵਿਧਾਨ ਸਭਾ ਹਲਕੇ ਵਿਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੇ ਰਾਸ਼ਟਰੀ ਆਜ਼ਾਦੀ ਸੰਘਰਸ਼ ਵਿਚ ਵੱਡਾ ਯੋਗਦਾਨ ਦੇਣ ਤੋਂ ਇਲਾਵਾ ਦੇਸ਼ ਨੂੰ ਅਨਾਜ ਉਤਪਾਦਨ ਵਿਚ ਆਤਮ ਨਿਰਭਰ ਵੀ ਬਣਾਇਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸੂਬੇ ਵਿਚ ਕਾਂਗਰਸੀ ਕਮਾਨ ਸੰਭਾਲਣ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਦਾ ਉਨ੍ਹਾਂ ’ਤੇ ਕੋਈ ਵੀ ਅਸਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਕਾਂਗਰਸ ਦੇ ਲਈ ਸਭ ਤੋਂ ‘ਹਰਮਨ ਪਿਆਰਾ’ ਆਗੂ
ਹੋ ਸਕਦਾ ਹੈ ਪਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਇਸ ਤੋਂ ਕੋਈ ਖਤਰਾ ਨਹੀਂ। ਇਸ ਗਠਜੋੜ ਨੇ ਉਸ ਦੀ ਅਗਵਾਈ ਵਾਲੀ ਕਾਂਗਰਸ ਨੂੰ 2007 ਅਤੇ 2012 ਵਿਚ ਦੋ ਵਾਰ ਹਰਾਇਆ ਹੈ। ਸ੍ਰੀ ਮਨੀਕਰਨ ਸਾਹਿਬ ਵਿਖੇ ਵਾਪਰੇ ਦੁਖਾਂਤ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਮੁੱਖ ਸਕੱਤਰ ਨੂੰ ਸਥਿਤੀ ’ਤੇ ਲਗਾਤਾਰ ਨਜ਼ਰ ਰੱਖਣ ਅਤੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖਣ ਲਈ ਕਿਹਾ ਹੈ ਤਾਂ ਜੋ ਉਥੇ ਘਿਰੇ ਸ਼ਰਧਾਲੂਆਂ ਨੂੰ ਤੇਜੀ ਨਾਲ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਇਕ ਉਚ ਪੱਧਰੀ ਟੀਮ ਨੂੰ ਉਥੇ ਭੇਜਿਆ ਹੈ ਅਤੇ ਇਸ ਸੰਕਟ ਦੀ ਘੜੀ ਵਿਚ ਪੀੜਤ ਸ਼ਰਧਾਲੂਆਂ ਦੀ ਮਦਦ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਦੇ ਨਾਲ ਅਕਾਲੀ ਆਗੂ ਸ੍ਰੀ ਪਰਮਜੀਤ ਸਿੰਘ ਲਾਲੀ, ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸ੍ਰੀ ਅਵਤਾਰ ਸਿੰਘ ਵਣਵਾਲਾ, ਚੇਅਰਮੈਨ ਸ੍ਰੀ ਤੇਜਿੰਦਰ ਮਿਡੂਖੇੜਾ, ਸ੍ਰੀ ਗੁਰਬਖਸ਼ ਸਿੰਘ ਮਿਡੂਖੇੜਾ, ਚੇਅਰਮੈਨ ਕੁਲਵਿੰਦਰ ਸਿੰਘ ਭਾਈ ਕਾ ਕੇਰਾ, ਸ੍ਰੀ ਬਿੱਕਰ ਸਿੰਘ ਚੰਨੂ, ਭਾਜਪਾ ਜ਼ਿਲ੍ਹਾ ਪ੍ਰਧਾਨ ਸ੍ਰੀ ਰਾਕੇਸ ਧੀਂਗੜਾ, ਬੀਬੀ ਵੀਰਪਾਲ ਕੌਰ ਤਰਮਾਲਾ, ਸ੍ਰੀ ਜਸਵਿੰਦਰ ਸਿੰਘ ਧੌਲਾ, ਸ੍ਰੀ ਅਕਾਸ਼ਦੀਪ ਸਿੰਘ ਮਿਡੂਖੇੜਾ, ਸ੍ਰੀ ਹਰਮੇਸ਼ ਖੁਡੀਆ, ਸ੍ਰੀ ਮਨਜੀਤ ਸਿੰਘ ਲਾਲ ਬਾਈ, ਜਸਮੇਲ ਸਿੰਘ ਮਿਠੱੜੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਜਸਕਿਰਨ ਸਿੰਘ ਅਤੇ ਐਸ.ਐਸ.ਪੀ ਸ੍ਰੀ ਕੇ.ਐਸ. ਚਾਹਲ ਹਾਜਰ ਸਨ।



