ਪਟਨਾ, 9 ਅਗਸਤ (ਪੀ. ਟੀ.)- ਗਯਾ ’ਚ ਪ੍ਰਧਾਨ ਮੰਤਰੀ ਦੀ ਰੈਲੀ ਤੋਂ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕੇਂਦਰ ਸਰਕਾਰ ‘ਤੇ ਵੱਡਾ ਹਮਲਾ ਬੋਲਿਆ ਹੈ। ਨਿਤਿਸ਼ ਕੁਮਾਰ ਨੇ ਇਲਜ਼ਾਮ ਲਗਾਇਆ ਹੈ ਕਿ ਕੇਂਦਰ ਦੀ ਸਰਕਾਰ ਨੂੰ ਠੀਕ ਮਾਅਨੇ ‘ਚ ਯੂਨੀਅਨ ਟਵਿਟਰ ਗਵਰਨਮੈਂਟ ਕਿਹਾ ਜਾ ਸਕਦਾ ਹੈ। ਮਜ਼ੇ ਦੀ ਗੱਲ ਹੈ ਕਿ ਇਹ ਇਲਜ਼ਾਮ ਲਗਾਉਣ ਲਈ ਨਿਤਿਸ਼ ਨੇ ਵੀ ਖ਼ੁਦ ਟਵੀਟ ਕੀਤਾ ਹੈ। ਨਿਤਿਸ਼ ਨੇ ਲਿਖਿਆ ਹੈ ਕਿ ਆਖ਼ਿਰਕਾਰ ਸਾਨੂੰ ਅਜਿਹੀ ਸਰਕਾਰ ਮਿਲ ਗਈ ਹੈ. ਜਿਸਨੂੰ ਸਹੀ ’ਚ ਯੂਨੀਅਨ ਟਵਿਟਰ ਗਵਰਨਮੈਂਟ ਕਿਹਾ ਜਾ ਸਕਦਾ ਹੈ। ਨਿਤਿਸ਼ ਨੇ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਟਵਿਟਰ ’ਤੇ ਹੀ ਸੁਣਦੀ ਹੈ ਤੇ ਟਵਿਟਰ ’ਤੇ ਹੀ ਕੰਮ ਕਰਦੀ ਹੈ।ਦਿੱਲੀ ’ਚ ਜਿਸ ਤਰ੍ਹਾਂ ਉਪ ਰਾਜਪਾਲ ਨਜੀਬ ਜੰਗ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ‘ਚ ਖੀਚੋਤਾਨੀ ਚੱਲ ਰਹੀ ਹੈ, ਸ਼ਾਇਦ ਉਸਦੀ ਸ਼ੁਰੂਆਤ ਹੁਣ ਬਿਹਾਰ ’ਚ ਵੀ ਰਾਜਪਾਲ ਰਾਮਨਾਥ ਕੋਵਿੰਦ ਦੀ ਨਿਯੁਕਤੀ ਦੇ ਨਾਲ ਹੋ ਗਈ ਹੈ। ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕੋਵਿੰਦ ਦੀ ਨਿਯੁਕਤੀ ਦੀ ਜਾਣਕਾਰੀ ਨਾ ਦੇਣ ਲਈ ਮੋਦੀ ਸਰਕਾਰ ਨੂੰ ਘੇਰਿਆ ਹੈ। ਨਿਤਿਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਜਪਾਲ ਦੀ ਨਿਯੁਕਤੀ ਦੇ ਬਾਰੇ ‘ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਸਗੋਂ ਇਸ ਬਾਰੇ ਉਨ੍ਹਾਂ ਨੂੰ ਤਾਂ ਟੀਵੀ ਦੇਖਕੇ ਪਤਾ ਲੱਗਾ।
ਉਨ੍ਹਾਂ ਨੇ ਕਿਹਾ ਕਿ ਰਾਜਪਾਲ ਲਈ ਮੁੱਖ ਮੰਤਰੀ ਨਾਲ ਗੱਲ ਕਰਨ ਦੀ ਪਰੰਪਰਾ ਹੈ, ਲੇਕਿਨ ਇਸ ਵਾਰ ਇਸ ਪਰੰਪਰਾ ਨੂੰ ਨਹੀਂ ਨਿਭਾਇਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਵੇਖ ਰਹੇ ਹਾਂ ਕਿ ਜੋ ਗਵਰਨਰ ਆਏ ਹਨ, ਭਾਜਪਾ ਦੇ ਲੋਕ ਉਨ੍ਹਾਂ ਨੂੰ ਦਲਿਤ ਦੱਸ ਕੇ ਉਨ੍ਹਾਂ ਦੀ ਕਾਸਟ ਆਈਡੈਂਟਿਟੀ ਦੱਸ ਰਹੇ ਹਨ। ਮੇਰੇ ਤੋਂ ਪੁੱਛਿਆ ਗਿਆ ਸੀ ਤਾਂ ਮੈਂ ਕਿਹਾ ਸੀ ਕਿ ਮੈਨੂੰ ਜਾਣਕਾਰੀ ਨਹੀਂ ਹੈ।



