ਮੌੜ ਮੰਡੀ, 7 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਮੀਂਹ ਪੈਣ ਕਾਰਨ ਸ਼ਹਿਰ ‘ਚ ਜਗ੍ਹਾ-ਜਗ੍ਹਾ ਪਾਣੀ ਭਰ ਗਿਆ। ਸਵੇਰ ਤੋਂ ਸ਼ੁਰੂ ਹੋਈ ਬਰਸਾਤ ਨੇ ਸ਼ਹਿਰ ਦੇ ਕਈ ਇਲਾਕੇ ਨੂੰ ਤਲਾਬ ਬਣਾ ਦਿੱਤਾ। ਨਿਕਾਸੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਘਰਾਂ ‘ਚ ਪਾਣੀ ਭਰ ਜਾਣ ਤੋਂ ਇਲਾਵਾ ਪੁਲਿਸ ਥਾਣਾ ਮੌੜ ਦੀ ਹਵਾਲਾਤ ਵਿੱਚ ਪਾਣੀ ਭਰ ਗਿਆ। ਪੁਰਾਣੀ ਸਬਜੀ ਮੰਡੀ, ਮੇਨ ਬਜਾਰ, ਬੋਹੜ ਵਾਲਾ ਚੌਕ, ਬੀ.ਡੀ.ਓ. ਦਫ਼ਤਰ ਰੋਡ ਅਤੇ ਗਨੇਸ਼ ਮਿੱਲ ਰੋਡ ਦੇ ਕਈ ਇਲਾਕਿਆ ‘ਚ ਪਾਣੀ ਭਰਨ ਕਾਰਨ ਰਾਹੀਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਪੁਲਿਸ ਥਾਣਾ ਮੌੜ ਦੀ ਹਵਾਲਾਤ ‘ਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਹਵਾਲਤਾ ਵਿੱਚ ਬੰਦ ਵਿਆਕਤੀਆਂ ਨੂੰ ਪਹਿਲਾਂ ਪਾਣੀ ‘ਚ ਖੜ੍ਹੇ ਹੋ ਕੇ ਬਰਸਾਤ ਰੁਕਣ ਦਾ ਇੰਤਜਾਰ ਕੀਤਾ ਅਤੇ ਅਤੇ ਬਾਅਦ ਵਿੱਚ ਦੋ ਘੰਟੇ ਤੱਕ ਡੱਬਿਆਂ ਨਾਲ ਹਵਾਲਾਤ ‘ਚੋਂ ਪਾਣੀ ਨੂੰ ਬਾਹਰ ਕੱਢਦੇ ਰਹੇ। ਪੁਲਿਸ ਥਾਣਾ ਮੌੜ ਦੀ ਇਮਾਰਤ ਉਸਾਰੀ ਅਧੀਂ ਚੱਲ ਰਹੀ ਹੈ, ਜਿਸ ਕਾਰਨ ਪੁਲਿਸ ਮੁਲਾਜ਼ਮ ਖੁਦ ਇਸ ਸਮੱਸਿਆ ਤੋਂ ਘਿਰੇ ਹੋਏ ਹਨ। ਬਰਸਾਤ ਸਮੇਂ ਉਨ੍ਹਾਂ ਨੂੰ ਵੀ ਇਸ ਸਮੱਸਿਆ ਦਾ ਸਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਦੇ ਨਾਮ ਉਪਰ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਪ੍ਰੰਤੂ ਇਸ ਦੇ ਬਾਵਜੂਦ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਹੈ। ਇਸ ਦੇ ਚੱਲਦੇ ਵਾਰਡ ਨੰਬਰ ਚਾਰ ਦੇ ਰਾਮੇ ਵਾਲਾ ਹਸਪਤਾਲ ਰੋਡ, ਨਾਥੀ ਡਾਟਕਟਰ ਵਾਲੀ ਗਲੀ, ਰੇਲਵੇ ਰੋਡ ਉਪਰ ਦਰਜਨਾਂ ਘਰਾਂ ਵਿੱਚ ਪਾਣੀ ਭਰ ਗਿਆ। ਲੋਕਾਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਇਸ ਸਮੱਸਿਆਂ ਨੂੰ ਤੁਰੰਤ ਹਲ ਕੀਤਾ ਜਾਵੇ।