ਮੈਰੀਲੈਂਡ, 30 ਜੁਲਾਈ (ਡਾ. ਗਿੱਲ)- ਗੁਰੂ ਨਾਨਕ ਫਾਊਂਡੇਸ਼ਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਲਵਰ ਸਪ੍ਰਿੰਗ ਹਰ ਸਾਲ ਸਿਖਿਆ ਦੇ ਖੇਤਰ ਵਿੱਚ ਇੱਕ ਅਵਾਰਡ ਦਿੰਦੀ ਹੈ, ਜੋ ਉਸ ਵਿਦਿਆਰਥੀ ਨੂੰ ਦਿੱਤਾ ਜਾਂਦਾ ਹੈ ਜੋ ਸਕੂਲ ਗਰੈਜੂਏਸ਼ਨ ਤੋਂ ਬਾਅਦ ਕਾਲਜ ਦੀ ਪੜ੍ਹਾਈ ਜਾਰੀ ਰੱਖੇ। ਭਾਵੇਂ ਇਹ ਸਕਾਲਰਸ਼ਿਪ ਸਿਰਫ ਸਿੱਖ ਵਿਦਿਆਰਥੀਆਂ ਲਈ ਹੈ ਪਰ ਸਕਾਲਰਸ਼ਿਪ ਪ੍ਰਾਪਤ ਸਿੱਖੀ ਵਿੱਚ ਪ੍ਰਪੱਕ, ਗੁਰੂ ਘਰ ਜਾਣ ਵਾਲਾ ਅਤੇ ਧਾਰਮਿਕ ਕੰਮਾਂ ਵਿੱਚ ਰੁਚੀ ਰੱਖਣ ਵਾਲਾ ਵਿਦਿਆਰਥੀ ਹੀ ਇਸ ਦਾ ਭਾਗੀਦਾਰ ਬਣ ਸਕਦਾ ਹੈ। ਇਸ ਗੱਲ ਦਾ ਪ੍ਰਗਟਾਵਾ ਸਿੱਖਿਆ ਮਾਹਿਰ ਰਾਜਿੰਦਰ ਸਿੰਘ ਨੇ ਕੀਤਾ।
ਜ਼ਿਕਰਯੋਗ ਹੈ ਕਿ ਇਸ ਵਾਰ ਸਿਲੈਕਸ਼ਨ ਕਮੇਟੀ ਨੇ ਪੰਜ ਵਿਦਿਆਰਥੀਆਂ ਨੂੰ ਚੁਣਿਆ ਸੀ ਅਤੇ ਮੈਰਿਟ ਦੇ ਅਧਾਰ
’ਤੇ ਤਿੰਨ ਵਿਦਿਆਰਥੀ ਜੱਜਾਂ ਦੀ ਲਿਸਟ ’ਤੇ ਆਏ ਜਿਨ੍ਹਾਂ ਵਿੱਚੋਂ ਸਾਰੇ ਪਹਿਲੂਆਂ ਨੂੰ ਦੇਖਦੇ ਹੋਏ ਜਸਕੀਰਤ ਕੌਰ ਨੂੰ ਚੁਣਿਆ ਗਿਆ ਜੋ ਆਪਣੀ ਕਾਲਜ ਦੀ ਪੜ੍ਹਾਈ ਮੈਰੀਲੈਂਡ ਕਾਲਜ ਵਿੱਚ ਸਾਇੰਸ ਅਤੇ ਪਬਲਿਕ ਹੈਲਥ ਦੇ ਵਿਸ਼ੇ ਵਿੱਚ ਡਿਗਰੀ ਪ੍ਰੋਗਰਾਮ ਰਾਹੀਂ ਕਰ ਰਹੀ ਹੈ।
ਜਸਕੀਰਤ ਕੌਰ ਨੂੰ ਕੈਸ਼ ਅਵਾਰਡ ਦੋ ਹਜ਼ਾਰ ਡਾਲਰ ਅਤੇ ਟਰਾਫੀ ਅਵਾਰਡ ਨਾਲ ਗੁਰੂ ਨਾਨਕ ਫਾਊਂਡੇਸ਼ਨ ਦੇ ਚੇਅਰਮੈਨ ਸ. ਦਰਸ਼ਨ ਸਿੰਘ ਸਲੂਜਾ ਨੇ ਨਿਵਾਜ਼ਿਆ। ਇਸ ਮੌਕੇ ਜੇਤੂ ਵਿਦਿਆਰਥੀ ਦੇ ਮਾਪੇ ਤੇਜਿੰਦਰ ਕੌਰ ਅਤੇ ਗੁਰਵਿੰਦਰ ਸਿੰਘ ਵੀ ਹਾਜ਼ਰ ਸਨ, ਜਿਨ੍ਹਾਂ ਨੇ ਦੱਸਿਆ ਕਿ ਜਸਕੀਰਤ ਕੌਰ ਹਮੇਸ਼ਾ ਹੀ ਗੁਰੂ ਦੇ ਆਸਰੇ ਨਾਲ ਹਰ ਕਾਰਜ ਕਰਦੀ ਹੈ ਅਤੇ ਉਹ ਆਪਣੇ ਮਿਸ਼ਨ ਨੂੰ ਲੈ ਕੇ ਬਹੁਤ ਹੀ ਉਤਸੁਕ ਹੈ। ਅੱਜ ਦਾ ਅਵਾਰਡ ਉਸ ਨੂੰ ਹੋਰ ਪ੍ਰੇਰਿਤ ਕਰੇਗਾ ਅਤੇ ਉਹ ਅਮਰੀਕਾ ਵਿੱਚ ਵਧੀਆ ਪੜ੍ਹਾਈ ਉਪਰੰਤ ਚੰਗੀ ਨੌਕਰੀ ਹਾਸਿਲ ਕਰਕੇ ਭਾਰਤੀ ਬੀਬੀਆਂ ਲਈ ਉਦਾਹਰਣ ਬਣੇਗੀ।



