ਰੂਪਨਗਰ, 29 ਜੁਲਾਈ (ਅਰਵਿੰਦਰ ਭਾਰਦਵਾਜ)- ‘ਸਰਕਾਰ ਵੱਲੋਂ ਸ਼ਹਿਰ ਦੇ 90 ਫੀਸਦੀ ਵਿਕਾਸ ਦੇ ਕੰਮ ਮੁਕੰਮਲ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ 10 ਫੀਸਦੀ ਕੰਮ ਵੀ ਸ਼ਹਿਰ ਦੇ ਕੌਂਸਲਰ ਅਤੇ ਪਤਵੰਤੇ ਵਿਅਕਤੀਆਂ ਦੇ ਸੁਝਾਵਾਂ ਅਨੁਸਾਰ ਜਲਦੀ ਹੀ ਮੁਕੰਮਲ ਕਰਵਾ ਦਿਤੇ ਜਾਣਗੇ।’ ਇਹ ਪ੍ਰਗਟਾਵਾ ਡਾ: ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਨੇ ਬੀਤੀ ਰਾਤ ਸਥਾਨਿਕ ਜੈਨ ਉਪਾਸਰਾ ਵਿਖੇ ਜੈਨ ਸੰਤ ਨਰੇਸ਼ ਮੁਨੀ ਜੀ ਮਹਾਰਾਜ ਦੇ ਦਰਸ਼ਨ ਕਰਨ ਉਪਰੰਤ ਜੈਨ ਮੁਹੱਲੇ ਵਿਚ ਰੱਖੀ ਗਈ ਇੱਕ ਪ੍ਰਭਾਵਸ਼ਾਲੀ ਪਾਰਟੀ ਵਰਕਰ ਮੀਟਿੰਗ ਦੌਰਾਨ ਕੀਤਾ ਜਿਸ ਵਿਚ ਭਾਜਪਾ-ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਜੈਨ ਸਮੂਦਾਏ ਦੇ
ਵਿਅਕਤੀ ਸ਼ਾਮਿਲ ਹੋਏ। ਡਾ: ਚੀਮਾ ਨੇ ਇਸ ਮੌਕੇ ਰਾਜ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਲਗਾਤਾਰ ਦੂਜੀ ਵਾਰ ਮੁਖ ਮੰਤਰੀ ਬਣੇ ਹਨ ਅਤੇ ਵੋਟਰਾਂ ਦੀ ਬਦੌਲਤ ਹੀ ਦਿਲੀ ਸਰਕਾਰ ਤੇ ਸ਼੍ਰੀ ਨਰਿੰਦਰ ਮੋਦੀ ਦੀ ਸ਼ਕਤੀਸ਼ਾਲੀ ਸਰਕਾਰ ਹੋਂਦ ਵਿਚ ਆਈ ਹੈ। ਇਸ ਸਰਕਾਰ ਨੇ ਇੱਕ ਸਾਲ ਵਿਚ ਹੀ ਅਨੇਕਾਂ ਵਿਕਾਸ ਕਾਰਜ ਕੀਤੇ ਹਨ ਜਿਨ੍ਹਾਂ, ਵਿੱਚ ਭਾਵੇਂ ਸਾਫ ਸਫਾਈ ਹੋਵੇ, ਜਾਂ ਬੱਚਿਆਂ ਦੀ ਪੜ੍ਹਾਈ ਜਾਂ ਫਿਰ ਭਾਵੇਂ ਦੇਸ਼ ਦੇ ਲੋਕਾਂ ਦੇ ਬੈਂਕ ਖਾਤੇ ਖੋਲ੍ਹਣੇ ਹੋਣ, ਵਿਚ ਬਾਖੂਬੀ ਕਾਮਯਾਬ ਰਹੀ ਹੈ। ਕੇਂਦਰ ਦੀ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਇੱਕ ਸਾਫ-ਸੁਥਰਾ ਰਾਜ ਦਿਤਾ ਅਤੇ ਪੰਜਾਬ ਸਰਕਾਰ ਇਸ ਐਨ.ਡੀ.ਏ. ਸਰਕਾਰ ਦੀ ਕੇਂਦਰ ਵਿਚ ਭਾਈਵਾਲ ਹੈ ਜਦੋਂ ਪਿਛਲੇ ਦਿਨੀ ਅੰਮ੍ਰਿਤਸਰ ਸਹਿਰ ਨੂੰ ਹੈਰੀਟੇਜ ਸਹਿਰ ਵਜੋਂ ਘੋਸ਼ਿਤ ਕਰਨ ਦੇ ਸ਼ੁਕਰਾਨੇ ਵਜੋਂ ਪੰਜਾਬ ਸਰਕਾਰ ਨੇ ਇੱਕ ਸਮਾਗਮ ਰਖਿਆ ਸੀ ਜਿਸ ਵਿਚ ਕੇਂਦਰੀ ਵਿਤ ਮੰਤਰੀ ਸ੍ਰੀ ਅਰੁਣ ਜੇਤਲੀ ਉਚੇਚੇ ਤੌਰ ਤੇ ਸ਼ਾਮਿਲ ਹੋਏ ਸਨ ਤੇ ਉਨਾਂ ਆਪਣੇ ਸੰਬੋਧਨ ਦੌਰਾਨ ਇਹ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਕੇਵਲ ਦੋ ਪਾਰਟੀਆਂ ਦੀ ਸਾਂਝ ਹੀ ਨਹੀਂ ਹੈ ਸਗੋਂ ਇਹ ਸਮਾਜਿਕ ਰਿਸ਼ਤਾ ਹੈ ਜੋ ਕਿ ਕਦੇ ਵੀ ਨਹੀਂ ਟੁਟ ਸਕਦਾ ਅਤੇ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਮਿਲਜੁਲ ਕੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਟੀਮ ਬਣਾਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਤੱਕ ਕੇਵਲ ਸੌ ਫੀਸਦੀ ਹੀ ਵਿਕਾਸ ਦੇ ਕੰਮ ਮੁਕੰਮਲ ਨਹੀਂ ਕਰਵਾਏ ਜਾਣਗੇ ਸਗੋਂ 110 ਫੀਸਦੀ ਵਿਕਾਸ ਕਾਰਜ ਮੁਕੰਮਲ ਕਰਵਾ ਦਿਤੇ ਜਾਣਗੇ।
ਉਨ੍ਹਾਂ ਇਹ ਵੀ ਦਸਿਆ ਕਿ ਰੂਪਨਗਰ ਬਾਈਪਾਸ ਦਾ ਕੰਮ ਲਗਭਗ ਮੁਕੰਮਲ ਹੋ ਚੁਕਿਆ ਹੈ, ਸ਼ਹਿਰ ਦੇ ਤਿੰਨ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਉਸਾਰੀ ਦਾ ਕੰਮ ਵੀ ਲਗਭਗ ਮੁਕੰਮਲ ਹੋ ਗਿਆ ਹੈ ਉਨ੍ਹਾਂ ਕਿਹਾ ਕਿ ਉਹ ਐਸ.ਐਸ.ਜੈਨ ਸਭਾ ਕੇ ਪ੍ਰਧਾਨ ਸ਼੍ਰੀ ਰਾਜੇਸ਼ਵਰ ਜੈਨ ਦੇ ਉਚੇਚੇ ਤੌਰ ਤੇ ਧੰਨਵਾਦੀ ਹਨ ਜਿੰਨਾਂ ਨੇ ਅੱਜ ਇਥੇ ਉਨਾਂ ਨੂੰ ਸੱਦ ਕੇ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਦੇ ਦਰਸ਼ਨ ਕਰਨ ਦਾ ਮੌਕਾ ਦਿਤਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੀ ਜੈਨ ਸ਼ਹਿਰ ਦੇ ਵਿਕਾਸ ਲਈ ਜੋ ਵੀ ਉਨਾਂ ਨੂੰ ਕਹਿਣਗੇ ਉਹ ਕਰਵਾ ਦਿਤਾ ਜਾਵੇਗਾ।ਉਨਾਂ ਇਸ ਮੌਕੇ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸ਼੍ਰੀ ਪਰਮਜੀਤ ਸਿੰਘ ਮਾਕੜ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸ਼ਹਿਰ ਦੇ ਵਿਕਾਸ ਦੇ ਸਾਰੇ ਕੰਮ ਉਨਾਂ ਦੀ ਮਿਹਨਤ ਸਦਕਾ ਹੀ ਮੁਕੰਮਲ ਹੋਏ ਹਨ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਪਰਵੇਸ਼ ਗੋਇਲ ਜ਼ਿਲ੍ਹਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਰੂਪਨਗਰ ਅਤੇ ਇਸ ਦੇ ਆਲੇ ਦੁਆਲੇ ਦੇ ਸਾਰੇ ਸਹਿਰਾਂ ਵਿਚ ਮੌਜੂਦਾ ਸਰਕਾਰ ਨੇ ਵਿਕਾਸ ਦੇ ਅਨੇਕਾਂ ਕੰਮ ਕਰਵਾਏ ਹਨ ਜਿਸ ਲਈ ਉਹ ਸਿਖਿਆ ਮੰਤਰੀ ਦੇ ਰਿਣੀ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਤੇਜਦੀਪ ਸੈਣੀ ਐਸ.ਡੀ.ਐਮ. ਰੂਪਨਗਰ, ਨਗਰ ਕੌਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਸ਼੍ਰੀਮਤੀ ਪਰਵੀਨ ਛਤਵਾਲ , ਕੌਂਸਲਰ ਸ੍ਰੀ ਰਮਨ ਜਿੰਦਲ, ਸ਼੍ਰੀ ਤਰਲੋਕ ਚੰਦ ਜੈਨ , ਐਸ.ਐਸ.ਜੈਨ ਸਭਾ ਕੇ ਪ੍ਰਧਾਨ ਸ਼੍ਰੀ ਰਾਜੇਸ਼ਵਰ ਜੈਨ ਸ਼੍ਰੀ ਦਰਸ਼ਨ ਲਾਲ ਜੈਨ,ਸ਼੍ਰੀ ਗੋਲਡੀ ਜੈਨ ਸ਼੍ਰੀ ਮੁਕੇਸ਼ ਮਹਾਜਨ,ਸ਼੍ਰੀ ਅਮਰਲਾਲ ਮਿਗਲਾਨੀ, ਐਡਵੋਕੇਟ ਵਿਨੋਦ ਸ਼ਰਮਾ, ਸ਼੍ਰੀ ਹਰੀ ਪ੍ਰਸਾਦ ਕਪੂਰ, ਸ਼੍ਰੀ ਨਿਤੇਸ਼ ਜੈਨ, ਸ਼੍ਰੀ ਵਿਨੋਦ ਜੈਨ, ਸ਼੍ਰੀ ਸ਼ਾਦੀ ਲਾਲ , ਸ਼੍ਰੀ ਰਵਿੰਦਰ ਚੋਪੜਾ , ਐਡਵੋਕੇਟ ਰਮਿਤ ਕੇਹਰ, ਅਮਿਤ ਸੋਨੀ, ਅਰੀਹੰਤ ਜੈਨ, ਸ੍ਰੀ ਹਰਮੇਸ਼ ਜੈਨ, ਸ਼੍ਰੀ ਰਾਜੇਸ਼ ਵਰਮਾ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।



