ਨਵੀਂ ਦਿੱਲੀ, 28 ਜੁਲਾਈ (ਪੀ. ਟੀ.)- 1993 ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੇਮਨ ਦੀ ਫਾਂਸੀ ਦੇ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ। ਯਾਕੂਬ ਦੀ ਅਰਜ਼ੀ ਦੀ ਸੁਣਵਾਈ ਕਰ ਰਹੇ ਸੁਪਰੀਮ ਕੋਰਟ ਦੇ ਮੌਜੂਦਾ ਬੈਂਚ ਦੇ ਦੋ ਜੱਜਾਂ ਦੀ ਰਾਏ ਇਸ ਮਾਮਲੇ ‘ਚ ਅਲੱਗ ਰਹਿਣ ਤੋਂ ਬਾਅਦ ਚੀਫ਼ ਜਸਟਿਸ ਐਚ.ਐਲ. ਦੱਤੂ ਨੇ ਮਾਮਲੇ ਦੀ ਸੁਣਵਾਈ ਲਈ ਨਵਾਂ ਬੈਂਚ ਬਣਾਉਣ ਦਾ ਫੈਸਲਾ ਲਿਆ ਹੈ। ਲਿਹਾਜ਼ਾ ਹੁਣ ਇਸ ਮਾਮਲੇ ਦੀ ਸੁਣਵਾਈ ਕੱਲ੍ਹ ਹੋਵੇਗੀ। ਯਾਕੂਬ ਨੇ ਚੀਫ ਜਸਟਿਸ ਤੋਂ ਆਪਣੇ ਮਾਮਲੇ ਦੀ ਜਲਦ ਸੁਣਵਾਈ ਦੀ ਮੰਗ ਕੀਤੀ ਸੀ। ਫੈਸਲਾ ਆਉਣ ਤੱਕ ਯਾਕੂਬ ਦੀ ਫਾਂਸੀ ਦਾ ਮਾਮਲਾ ਟਲਦਾ ਨਜ਼ਰ ਆ ਰਿਹਾ ਹੈ। ਦਰਅਸਲ, ਯਾਕੂਬ ਦੀ ਅਰਜ਼ੀ ‘ਤੇ ਸੁਣਵਾਈ ਕਰ ਰਹੇ ਬੈਂਚ ਦੇ ਦੋਵਾਂ ਜੱਜਾਂ ਦੀ ਰਾਏ ਵੱਖ-ਵੱਖ ਹੋਣ ਕਾਰਨ ਯਾਕੂਬ ਦਾ ਕੇਸ ਚੀਫ਼ ਜਸਟਿਸ ਕੋਲ ਚਲਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ‘ਚ ਇਕ ਜੱਜ ਨੇ ਕਈ ਵੱਡੇ ਸਵਾਲ ਚੁੱਕ ਦਿੱਤੇ। ਇਹ ਸਵਾਲ ਉਸ ਦੀ ਕਿਉਰੇਟਿਵ ਪਟੀਸ਼ਨ ਨੂੰ ਲੈ ਕੇ ਸਨ।



