ਚੰਡੀਗੜ੍ਹ, 28 ਜੁਲਾਈ (ਪੀ. ਟੀ.)- ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਨੇ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿਚ ਰੁੱਖ ਲਗਾਉਣ ਅਤੇ ਲਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਪਿੰਡ ਪੱਧਰ ਤੱਕ ਕੰਮ ਕਰਦੇ ਹਨ ਅਤੇ ਉਨ੍ਹਾਂ ਦਾ ਦਾਇਰਾ ਆਮ ਲੋਕਾਂ, ਪੰਚਾਂ-ਸਰਪੰਚਾਂ ਅਤੇ ਹੋਰ ਲੋਕ ਨੁਮਾਇੰਦਿਆਂ ਤੱਕ ਹੁੰਦਾ ਹੈ। ਜੇਕਰ ਉਹ ਹਰੇਕ ਵਿਅਕਤੀ ਨੂੰ ਘੱਟੋ-ਘੱਟ ਦੋ ਰੁੱਖ ਲਗਾਉਣ ਲਈ ਪ੍ਰੇਰਿਤ ਕਰਨ ਤਾਂ ਇਸ ਨਾਲ ਵਾਤਾਵਰਣ ਨੂੰ ਹੋਰ ਹਰਾ-ਭਰਾ ਬਣਾਇਆ ਜਾ ਸਕਦਾ ਹੈ
। ਸ੍ਰੀ ਰਣੀਕੇ ਨੇ ਕਿਹਾ ਕਿ ਇਸ ਮਕਸਦ ਲਈ ਉਹ ਵਣ ਵਿਭਾਗ ਨੂੰ ਸਹਿਯੋਗ ਦੇਣ ਲਈ ਵੀ ਇਕ ਪੱਤਰ ਲਿਖਣਗੇ ਅਤੇ ਹੋਰ ਵਿਭਾਗਾਂ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵੀ ਮਦਦ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮਾਂ ਪੌਦੇ ਲਗਾੳੇੁਣ ਦਾ ਢੁਕਵਾਂ ਸਮਾਂ ਹੈ ਅਤੇ ਜੇਕਰ ਹਰ ਕੋਈ ਦੋ ਰੁੱਖ ਲਾਵੇ ਅਤੇ ਲਗਵਾਵੇ ਤਾਂ ਇਸ ਨਾਲ ਵਾਤਾਵਰਣ ਨੂੰ ਹਰਿਆਲੀ ਭਰਪੂਰ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰੁੱਖਾਂ ਦੀ ਮਨੁੱਖੀ ਜੀਵਨ ਵਿਚ ਅਹਿਮ ਮਹੱਤਤਾ ਹੈ ਇਸ ਲਈ ਇਸ ਕਾਰਜ ਨੂੰ ਨਿੱਜੀ ਦਿਲਚਸਪੀ ਲੈ ਕੇ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਅਧਿਕਾਰੀ ਜਾਂ ਕਰਮਚਾਰੀ ਇਸ ਕੰਮ ਪ੍ਰਤੀ ਆਪਣਾ ਵਧੀਆ ਯੋਗਦਾਨ ਪਾਵੇਗਾ ਉਸਨੂੰ ਵਿਭਾਗ ਵੱਲੋਂ ਸਨਮਾਨਿਤ ਕੀਤਾ ਜਾਵੇਗਾ।



