ਮੁਕਾਬਲੇ ’ਚ ਐਸਪੀ (ਡੀ) ਅਤੇ ਦੋ ਹੋਮਗਾਰਡ ਜਵਾਨ ਸ਼ਹੀਦ, 4 ਆਮ ਨਾਗਰਿਕਾਂ ਦੀ ਮੌਤ
ਦੀਨਾਨਗਰ (ਗੁਰਦਾਸਪੁਰ), 27 ਜੁਲਾਈ (ਪੀ.ਟੀ.ਲਾਇਵ)- ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾਨਗਰ ’ਚ ਅੱਜ ਸਵੇਰੇ ਸਾਢੇ 5 ਵਜੇ ਅੱਤਵਾਦੀਆਂ ਵੱਲੋਂ ਥਾਣੇ ਅਤੇ ਬੱਸ ਉੱਪਰ ਹਮਲਾ ਕੀਤਾ ਗਿਆ, ਜਿਸ ਦੌਰਾਨ ਇੱਕ ਐਸਪੀ, ਦੋ ਹੋਮਗਾਰਡ ਜਵਾਨ ਅਤੇ ਚਾਰ ਆਮ ਨਾਗਰਿਕ ਮਾਰੇ ਗਏ। ਇਸ ਦੌਰਾਨ ਸਵੇਰ ਵੇਲੇ ਤੋਂ 11 ਘੰਟੇ ਚੱਲੇ ਗਹਿਗੱਚ ਮੁਕਾਬਲੇ ਵਿਚ ਸਾਰੇ ਤਿੰਨ ਅੱਤਵਾਦੀ ਮਾਰੇ ਗਏ। ਸਮਝਿਆ ਜਾਂਦਾ ਹੈ ਕਿ ਇਹ ਅੱਤਵਾਦੀ ਸਰਹੱਦ ਪਾਰ ਤੋਂ ਲਸ਼ਕਰ-ਏ-ਤਾਇਬਾ ਜਾਂ ਜੈਸ਼-ਏ-ਮੁਹੰਮਦ ਨਾਲ ਸਬੰਧਿਤ ਹਨ। ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਬੀਤੇ ਐਤਵਾਰ ਦੀ ਰਾਤ ਪਾਕਿਸਤਾਨ ਵੱਲੋਂ ਜਿਸ ਜਗ੍ਹਾ ਸਰਹੱਦ ’ਤੇ ਵਾੜ ਨਹੀਂ ਹੈ, ਵੱਲੋਂ ਜ਼ਿਲ੍ਹਾ ਜੰਮੂ ਦੇ ਚੱਕ ਹੀਰਾ
’ਚੋਂ ਭਾਰਤ ਅੰਦਰ ਦਾਖਲ ਹੋਏ।
ਇਸ ਦੇ ਨਾਲ ਹੀ ਗੁਰਦਾਸਪੁਰ-ਪਠਾਨਕੋਟ ਰੇਲਵੇ ਮਾਰਗ ’ਤੇ ਇਨ੍ਹਾਂ ਅੱਤਵਾਦੀਆਂ ਵੱਲੋਂ ਪੰਜ ਬੰਬ ਲਗਾਏ ਜਾਣ ਕਾਰਨ ਸਮੁੱਚੀ ਰੇਲ ਆਵਾਜਾਈ ਨੂੰ ਰੋਕ ਦਿੱਤਾ ਗਿਆ। ਪ੍ਰਾਪਤ ਵੇਰਵੇਂ ਅਨੁਸਾਰ ਅੱਜ ਸਵੇਰੇ ਪਹਿਲਾਂ ਅੱਤਵਾਦੀਆਂ ਨੇ ਦੀਨਾਨਗਰ ਨੇੜੇ ਇੱਕ ਘਰ ਦੇ ਬਾਹਰ ਖੜ੍ਹੀ ਕਾਰ ਦੇ ਮਾਲਕ ਨੂੰ ਗੋਲੀ ਮਾਰ ਕੇ ਉਸ ਤੋਂ ਕਾਰ ਖੋਹ ਲਈ ਅਤੇ ਰਸਤੇ ਵਿਚ ਇਕ ਬੱਸ ’ਤੇ ਫਾਇਰਿੰਗ ਕੀਤੀ। ਇਸ ਬਾਅਦ ਅੱਤਵਾਦੀਆਂ ਨੇ ਇਕ ਨਾਨ ਦੀ ਰੇਹੜੀ ਲਗਾਉਣ ਵਾਲੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਫਿਰ ਅੱਤਵਾਦੀ ਕਾਰ ਸਮੇਤ ਦੀਨਾਨਗਰ ਥਾਣੇ ਪੁੱਜੇ ਅਤੇ ਥਾਣੇ ਅੰਦਰ ਮੌਜੂਦ ਮੁਲਾਜ਼ਮਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬਾਅਦ ਵਿਚ ਪੰਜਾਬ ਪੁਲਿਸ ਦੇ ਵਿਸ਼ੇਸ਼ ਕਮਾਂਡੋ ਦਸਤਿਆਂ, ਫੌਜ ਦੀ ਸਪੈਸ਼ਲ ਫੋਰਸ ਦੇ ਜਵਾਨਾਂ ਅਤੇ ਹੋਰ ਅਰਧ ਫੌਜੀ ਬਲਾਂ ਦੇ ਜਵਾਨਾਂ ਨੇ ਮੋਰਚਾ ਸੰਭਾਲਦਿਆਂ ਇਲਾਕੇ ਦੀ ਘੇਰਾਬੰਦੀ ਕਰਕੇ ਜੁਆਬੀ ਗੋਲਾਬਾਰੀ ਸ਼ੁਰੂ ਕੀਤੀ। ਇਸ ਮੁਕਾਬਲੇ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਐਸ ਪੀ (ਡੀ) ਬਲਜੀਤ ਸਿੰਘ ਸ਼ਹੀਦ ਹੋ ਗਏ। ਡੀਜੀਪੀ ਪੰਜਾਬ ਸੁਮੇਧ ਸੈਣੀ ਨੇ ਖੁਦ ਇਸ ਅਪ੍ਰੇਸ਼ਨ ਦੀ ਅਗਵਾਈ ਕੀਤੀ। ਪੰਜਾਬ ਪੁਲਿਸ ਦੇ ਵਿਸ਼ੇਸ਼ ਬਲ ਨੇ ਅੱਤਵਾਦੀਆਂ ਦੇ ਮੁਕੰਮਲ ਸਫਾਏ ਦਾ ਜਿਵੇਂ ਹੀ ਸੰਕੇਤ ਦਿੱਤਾ ਸ੍ਰੀ ਸੁਮੇਧ ਸੈਣੀ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਥਾਣੇ ਦੀ ਇਮਾਰਤ ਅੰਦਰ ਦਾਖਲ ਹੋਏ। ਜਿਸ ਬਾਅਦ ਪੁਸ਼ਟੀ ਕੀਤੀ ਗਈ ਕਿ ਸਾਰੇ ਤਿੰਨ ਅੱਤਵਾਦੀ ਮਾਰੇ ਗਏ ਹਨ। ਇਸ ਤੋਂ ਪਹਿਲਾਂ ਅੰਦੇਸ਼ਾ ਸੀ ਕਿ ਕੁਲ ਚਾਰ ਅੱਤਵਾਦੀਆਂ ਨੇ ਹਮਲੇ ਨੂੰ ਅੰਜ਼ਾਮ ਦਿੱਤਾ ਹੈ।
ਦੂਜੇ ਪਾਸੇ ਇਸ ਹਮਲੇ ਦਾ ਅਸਰ ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟ ਸਬੰਧਾਂ ਉੱਪਰ ਵੀ ਪੈਂਦਾ ਦਿਖਾਈ ਦੇ ਰਿਹਾ ਹੈ। ਬੀਸੀਸੀਆਈ ਦੇ ਸਕੱਤਰ ਅਨੁਰਾਗ ਠਾਕੁਰ ਨੇ ਕਿਹਾ ਕਿ ਅੱਤਵਾਦ ਅਤੇ ਕ੍ਰਿਕਟ ਦੋਨੋਂ ਨਾਲ-ਨਾਲ ਨਹੀਂ ਚੱਲ ਸਕਦੇ। ਜ਼ਿਕਰਯੋਗ ਹੈ ਕਿ ਦਸੰਬਰ ਵਿਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਕ੍ਰਿਕਟ ਸੀਰੀਜ਼ ਹੋਣੀ ਸੀ, ਜਿਹੜੀ ਹੁਣ ਖਟਾਈ ਵਿਚ ਪੈ ਗਈ ਹੈ।
ਇਸ ਹਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਵਿਚ ਕੇਂਦਰੀ ਮੰਤਰੀਆਂ ਦੀ ਮੀਟਿੰਗ ਵੀ ਹੋਈ।



