ਅੰਮ੍ਰਿਤਸਰ, 27 ਜੁਲਾਈ (ਪੀ.ਟੀ.)- ਜ਼ਿਲ੍ਹਾ ਗੁਰਦਾਸਪੁਰ ਦੇ ਇਲਾਕੇ ਦੀਨਾਨਗਰ ‘ਚ ਅੱਤਵਾਦੀ ਹਮਲੇ ਉਪਰੰਤ ਜ਼ਖ਼ਮੀ ਹੋਏ ਦੋ ਪੁਲਿਸ ਮੁਲਾਜ਼ਮਾਂ ਸਮੇਤ 5 ਜ਼ਖ਼ਮੀਆਂ ਨੂੰ ਇੱਥੇ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ, ਮੁੱਖ ਸੰਸਦੀ ਸਕੱਤਰ ਡਾ: ਨਵਜੋਤ ਕੌਰ ਸਿੱਧੂ ਸਮੇਤ ਵੱਖ ਵੱਖ ਸ਼ਖ਼ਸੀਅਤਾਂ ਨੇ ਹਾਲ ਚਾਲ ਪੁੱਛਿਆ। ਹਸਪਤਾਲ ‘ਚ ਜੇਰੇ ਇਲਾਜ ਜ਼ਖ਼ਮੀ ਸਤੀਸ਼ ਕੁਮਾਰ ਨੇ ਦੱਸਿਆ ਕਿ ਉਹ ਹਲਵਾਈ ਦਾ ਕੰਮ ਕਰਦਾ ਹੈ। ਅੱਜ ਤੜਕਸਾਰ ਦਸੂਹਾ ਜਾਣ ਲਈ ਉਹ ਬੱਸ ਉਡੀਕ ਰਿਹਾ ਹੈ, ਜਦੋਂ ਕਿ ਫ਼ੌਜ ਦੀਆਂ ਵਰਦੀਆਂ ‘ਚ ਆਏ 4 ਨੌਜਵਾਨ ਜੋ ਭਾਰੀ ਹਥਿਆਰਾਂ ਨਾਲ ਲੈਸ ਸਨ, ਨੇ ਉਨ੍ਹਾਂ ‘ਤੇ ਗੋਲੀਆਂ
ਚਲਾ ਦਿੱਤੀਆਂ ਅਤੇ ਇਕ ਚਿੱਟੇ ਰੰਗ ਦੀ ਮਾਰੂਤੀ ਕਾਰ ਲੈ ਕੇ ਥਾਣੇ ਵੱਲ ਚਲੇ ਗਏ, ਜਿੱਥੇ ਜਾ ਕੇ ਉਨ੍ਹਾਂ ਨੇ ਥਾਣੇ ‘ਤੇ ਕਬਜ਼ਾ ਕਰ ਲਿਆ। ਪੁਲਿਸ ਮੁਲਾਜ਼ਮਾਂ ‘ਚ ਜ਼ਖ਼ਮੀ ਹੋਏ ਵਿਅਕਤੀਆਂ ਦੀ ਸ਼ਨਾਖ਼ਤ ਰਾਮ ਲਾਲ ਤੇ ਰਜਿੰਦਰ ਕੁਮਾਰ ਵਜੋਂ ਹੋਈ ਅਤੇ ਪੰਜਵਾਂ ਤਰੁਣ ਲੂਥਰਾ ਨਾਮਕ ਵਿਅਕਤੀ ਵੀ ਗੁਰੂ ਨਾਨਕ ਦੇਵ ਹਸਪਤਾਲ ‘ਚ ਇਲਾਜ ਲਈ ਲਿਆਂਦਾ ਗਿਆ ਹੈ। ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਹਸਪਤਾਲ ਪ੍ਰਬੰਧਕਾਂ ਨੂੰ ਜ਼ਖ਼ਮੀਆਂ ਦਾ ਵਧੀਆ ਤੇ ਮੁਫ਼ਤ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ: ਸੁਜਾਤਾ ਸ਼ਰਮਾ ਨੇ ਦੱਸਿਆ ਕਿ ਐਮਰਜੈਂਸੀ ‘ਚ ਪੁੱਜੇ ਮਰੀਜ਼ਾਂ ਦਾ ਮੁਢਲਾ ਚੈੱਕਅਪ ਕਰਨ ਉਪਰੰਤ ਉਨ੍ਹਾਂ ਨੂੰ ਵੱਖ ਵੱਖ ਵਾਰਡਾਂ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਸਾਰੇ ਜ਼ਖ਼ਮੀਆਂ ਦੀ ਹਾਲਤ ਸਥਿਰ ਤੇ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।



