ਮੈਰੀਲੈਂਡ (ਯੂਐਸਏ), 20 ਜੁਲਾਈ (ਡਾ. ਸੁਰਿੰਦਰ ਸਿੰਘ ਗਿੱਲ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਅਮਰੀਕਾ ਦੌਰੇ ਜਿਸ ਨੂੰ ਮਿਸ਼ਨ 2017 ਆਖਿਆ ਜਾ ਰਿਹਾ ਹੈ ਦਾ ਮੈਰੀਲੈਂਡ ਵਿਖੇ ਆਖਰੀ ਸਮਾਗਮ ਬੇਹੱਦ ਸਫਲ ਰਿਹਾ। ਇਸ ਸਮਾਗਮ ਨੂੰ ਸੰਗਤ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਭਰਿਆ ਗਿਆ। ਨਿਰਵਿਘਨ ਨੇਪਰੇ ਚੜ੍ਹਿਆ ਇਹ ਸਮਾਗਮ ਸ. ਹਰਬੰਸ ਸਿੰਘ ਸੰਧੂ ਵੱਲੋਂ ਆਪਣੇ ਘਰ ਦੇ ਖੁੱਲ੍ਹੇ ਹਾਲ ਵਿੱਚ ਕੀਤਾ ਗਿਆ, ਜਿੱਥੇ ਸੈਂਕੜੇ ਵਰਕਰਾਂ ਨੇ ਪ੍ਰੋਗਰਾਮ ’ਚ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਸ. ਹਰਮੋਹਿੰਦਰ ਸਿੰਘ ਚਹਿਲ ਵੱਲੋਂ ਜੀ ਆਇਆਂ ਕਹਿ ਕੇ ਕੀਤੀ ਗਈ। ਭਾਵੇਂ ਬੁਲਾਰਿਆਂ ਦੀ ਲੰਬੀ ਕਤਾਰ ਸੀ ਜਿਸ ਵਿੱਚ ਨਿੱਜ ਨੂੰ ਉਭਾਰਨ ਨੂੰ ਤਰਜੀਹ ਦਿੱਤੀ ਗਈ ਅਤੇ ਜਥੇਦਾਰ ਤੋਤਾ ਸਿੰਘ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਜ਼ਰ ਆਈ,
ਪਰ ਮੁੱਖ ਬੁਲਾਰਿਆਂ ਵਿੱਚ ਸ. ਜਸਪ੍ਰੀਤ ਸਿੰਘ ਅਟਾਰਨੀ, ਸ. ਸਤਪਾਲ ਸਿੰਘ ਬਰਾੜ ਅਤੇ ਜਥੇਦਾਰ ਤੋਤਾ ਸਿੰਘ ਦੇ ਭਾਸ਼ਨਾਂ ਨੇ ਆਏ ਮਹਿਮਾਨਾਂ ਨੂੰ ਕੀਲ ਕੇ ਰੱਖ ਦਿੱਤਾ। ਸ. ਜਸਪ੍ਰੀਤ ਸਿੰਘ ਨੇ ਕਿਹਾ ਕਿ ਸਮਾਂ ਮੰਗ ਕਰਦਾ ਹੈ ਕਿ ਅਸੀਂ ਇੱਕ ਅਜਿਹਾ ਪਲੇਟਫਾਰਮ ਬਣਾਈਏ ਜਿਸ ਵਿੱਚ ਹਰੇਕ ਸਿੱਖ ਜਥੇਬੰਦੀ ਦਾ ਨੁਮਾਇੰਦਾ ਹੋਵੇ
(ਸਫਾ 1 ਦੀ ਬਾਕੀ)
ਤਾਂ ਜੋ ਸਿੱਖ ਸੋਚ ਨੂੰ ਮਜ਼ਬੂਤੀ ਨਾਲ ਪੇਸ਼ ਕਰਕੇ ਭੁੱਲੇ ਭਟਕੇ, ਗੁੰਮਰਾਹ ਨੌਜਵਾਨਾਂ ਨੂੰ ਨਾਲ ਜੋੜਿਆ ਜਾਵੇ ਅਤੇ ਪੰਥਕ ਸੋਚ ਨੂੰ ਸਹੀ ਤੌਰ ’ਤੇ ਪੇਸ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਜ ਝੂਠ ਦੇ ਪ੍ਰਚਾਰ ਦਾ ਬੋਲਬਾਲਾ ਹੈ, ਕੁਝ ਅਨਸਰ ਅਸਲੀਅਤ ਤੋਂ ਕੋਹਾਂ ਦੂਰ ਆਪਣੀਆਂ ਰੋਟੀਆਂ ਸੇਕ ਰਹੇ ਹਨ। ਜੇਕਰ ਅਜਿਹੇ ਅਨਸਰਾਂ ਨੂੰ ਨੱਥ ਨਾ ਪਾਈ ਤਾਂ ਅਸੀਂ ਆਪਣੇ ਧਰਮ ਅਤੇ, ਆਪਣੀ ਪਹਿਚਾਣ ਤੋਂ ਕੋਹਾਂ ਦੂਰ ਚਲੇ ਜਾਵਾਂਗੇ। ਲੋੜ ਹੈ ਜਥੇਬੰਦਕ ਹੋ ਕੇ ਤਰਕ ਨਾਲ ਆਪਣੀ ਗੱਲ ਨੂੰ ਪੇਸ਼ ਕਰਨ ਦੀ ਤਾਂ ਜੋ ਅਸੀਂ ਮਜ਼ਬੂਤੀ ਨਾਲ ਉਭਰਕੇ ਮਾੜੇ ਅਨਸਰਾਂ ਨੂੰ ਪਛਾੜ ਸਕੀਏ। ਅਮਰੀਕਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਸ. ਸਤਪਾਲ ਸਿੰਘ ਬਰਾੜ ਨੇ ਕਿਹਾ ਕਿ ਅਸੀਂ, ਸਾਡੇ ਰਿਸ਼ਤੇਦਾਰ, ਇੱਥੋਂ ਤੱਕ ਕਿ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਰਿਸ਼ਤੇਦਾਰਾਂ ਨੇ ਵੀ ਵਿਦੇਸ਼ਾਂ ਵਿੱਚ ਰਾਜਸੀ ਸ਼ਰਨਾਂ ਲਈਆਂ ਹੋਈਆਂ ਹਨ। ਫਿਰ ਅਸੀਂ ਜਾਂ ਸਾਡੇ ਲੀਡਰ ਚਾਹੇ ਧਾਰਮਿਕ ਹੋਣ ਕਿਸ ਤਰ੍ਹਾਂ ਕਹਿ ਸਕਦੇ ਹਨ ਕਿ ਝੂਠੀਆਂ ਰਾਜਸੀ ਸ਼ਰਨਾਂ ਸਬੰਧੀ ਕੁਝ ਕਹਿਣ ਜਾਂ ਸ਼ਿਕਾਇਤ ਕਰਨ। ਅਸੀਂ ਤਾਂ ਹਿੰਦੋਸਤਾਨ ਸਰਕਾਰ ਰਾਹੀਂ ਰਾਜਸੀ ਸ਼ਰਨ ਨੂੰ ਇਕਨੋਮਿਕ ਰਾਜਸੀ ਸ਼ਰਨ ਦਾ ਦਰਜਾ ਦਿਵਾ ਕੇ ਪਾਸਪੋਰਟ ਅਤੇ ਵੀਜ਼ੇ ਦਿਵਾਉਣ ਦੀ ਗੱਲ ਪਾਰਲੀਮੈਂਟ ਵਿੱਚ ਉਠਾਉਣ ’ਤੇ ਜ਼ੋਰ ਦੇ ਰਹੇ ਹਾਂ ਤਾਂ ਜੋ ਵਿਦੇਸ਼ਾਂ ਵਿੱਚ ਬੈਠੇ ਸਾਡੇ ਵੀਰ, ਭੈਣਾਂ ਅਤੇ ਪਰਿਵਾਰ ਆਪਣੇ ਵਤਨ, ਆਪਣੀ ਮਿੱਟੀ, ਰਿਸ਼ਤੇਦਾਰੀ ਅਤੇ ਜਾਇਦਾਦ ਦਾ ਅਨੰਦ ਮਾਣ ਸਕਣ, ਪਰ ਕੁਝ ਵਿਅਕਤੀ ਆਪਣੀ ਹਉਮੈ ਦੀ ਲਾਲਸਾ ਅਤੇ ਪੈਸੇ ਦੇ ਮੋਹ ਕਰਕੇ ਪ੍ਰਵਾਸੀ ਵੀਰਾਂ ਨੂੰ ਗੁੰਮਰਾਹ ਕਰ ਰਹੇ ਹਨ, ਉਨ੍ਹਾਂ ਤੋਂ ਸੁਚੇਤ ਰਹਿਣ ਲਈ ਬੇਨਤੀ ਕਰਦੇ ਹਾਂ। ਉਨ੍ਹਾਂ ਕਿਹਾ ਸਾਡੀ ਸੋਚ ਵੱਖਰੀ ਹੋ ਸਕਦੀ ਹੈ, ਪਰ ਸੱਚੀ ਸੁੱਚੀ ਸੋਚ ਨਾਲ ਅਗਾਂਹਵਧੂ ਕੰਮ ਕਰਕੇ ਪੰਜਾਬ ਨੂੰ ਬਚਾਈਏ ਅਤੇ ਸੰਸਾਰ ਵਿੱਚ ਸਿੱਖ ਕੌਮ ਦਾ ਨਾਂ ਉ¤ਚਾ ਕਰੀਏ। ਅਸੀਂ ਬਹੁਤ ਸ਼ਹੀਦੀਆਂ ਪਾਈਆਂ ਹਨ, ਰਾਜ ਪ੍ਰਾਪਤ ਕੀਤੇ ਪਰ ਨਿਗਾਹ ਮਾਰੋ ਸਾਡੇ ਰਾਜ ਨੂੰ ਢਾਹ ਕਿਸ ਨੇ ਲਾਈ। ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਅੱਜ ਤੱਕ ਅਸੀਂ ਗੁੰਮਰਾਹ ਹੋ ਰਹੇ ਹਾਂ। ਕੀ ਅਸੀਂ ਆਪਣੀਆਂ ਮੰਗਾਂ ਕਿਸੇ ਹੋਰ ਕੌਮ ਰਾਹੀਂ ਹੱਲ ਕਰਾਵਾਂਗੇ। ਪੰਜਾਬ ਦੇ ਮਸਲੇ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਉਠਾ ਸਕਦਾ ਹੈ ਅਤੇ ਹਰੇਕ ਮੋਰਚੇ ਵਿੱਚ ਪੰਥਕ ਸੋਚ ਨੇ ਹੀ ਸਰਕਾਰਾਂ ਨੂੰ ਹਲੂਣਿਆ ਹੈ। ਐਮਰਜੈਂਸੀ, ਜੈਤੋ ਦਾ ਮੋਰਚਾ, ਪੰਜਾਬੀ ਸੂਬਾ, ਸਿੱਖ ਬੰਦੀਆਂ ਦੀ ਰਿਹਾਈ ਲਈ ਕੌਣ ਜਦੋ-ਜਹਿਦ ਕਰ ਰਿਹਾ ਹੈ। ਆਓ ਆਪਣੀ ਨਿੱਜ ਨੂੰ ਭੁਲਾ ਕੇ ਇੱਕ ਪਲੇਟਫਾਰਮ ’ਤੇ ਇਕੱਠੇ ਹੋਈਏ ਤੇ ਸ਼੍ਰੋਮਣੀ ਅਕਾਲੀ ਦਲ 2017 ਮਿਸ਼ਨ ਰਾਹੀਂ ਕਾਮਯਾਬੀ ਹਾਸਲ ਕਰੀਏ।
ਜਥੇਦਾਰ ਤੋਤਾ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਜਮਾਤ ਹੈ, ਪੰਥਕ ਸੋਚ ਹੈ ਅਤੇ ਹਰੇਕ ਮਸਲੇ ਲਈ ਉਹ ਕੁਰਬਾਨੀ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਨੂੰ ਤੇਰਾਂ ਸੀਟਾਂ ਜਿਤਾਈਆਂ ਸਨ ਪਰ ਉਨ੍ਹਾਂ ਨੇ ਸਹੁੰ ਹੀ ਨਹੀਂ ਚੁੱਕੀ। ਕੀ ਸਰਕਾਰ ਤੋਂ ਦੂਰ ਰਹਿ ਕੇ ਕੁਝ ਹੱਲ ਹੋ ਸਕਦਾ ਹੈ। ਅਸੀਂ ਸਹਿਮਤ ਹਾਂ ਕਿ ਵਿਅਕਤੀ ਮਾੜਾ ਕੋਈ ਹੋ ਸਕਦਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਕਦੇ ਮਾੜਾ ਨਹੀਂ ਹੋ ਸਕਦਾ। ਉਹ ਹਮੇਸ਼ਾ ਹੀ ਸਿੱਖਾਂ ਲਈ ਪੰਜਾਬ ਦੀ ਬਿਹਤਰੀ ਲਈ ਸਿਰ ਧੜ ਦੀ ਬਾਜ਼ੀ ਲਾਵੇਗਾ। ਸਾਨੂੰ ਸਾਥ ਦਿਓ। ਉਨ੍ਹਾਂ ਅੱਗੇ ਕਿਹਾ ਕਿ ਪ੍ਰਵਾਸੀ ਵੀਰਾਂ ਦੀਆਂ ਜ਼ਮੀਨਾਂ, ਕੋਠੀਆਂ ਦੇ ਨਜਾਇਜ਼ ਕਬਜ਼ੇ ਛੁਡਾਉਣ ਲਈ ਨਵਾਂ ਕਾਨੂੰਨ ਬਣਾ ਦਿੱਤਾ ਹੈ ਜਿਸ ਦਾ ਲਾਹਾ ਤੁਸੀਂ ਲੈ ਰਹੇ ਹੋ। ਹੁਣ ਅਸੀਂ ਹਰ ਜ਼ਿਲ੍ਹੇ ਵਿੱਚ ਐਨਆਰਆਈ ਦਫਤਰ ਖੋਲ ਕੇ ਪ੍ਰਵਾਸੀਆਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ। ਵਿਦੇਸ਼ਾਂ ਵਿੱਚ ਵੀ ਜਿੱਥੇ ਜ਼ਿਆਦਾਤਰ ਪੰਜਾਬੀ ਰਹਿੰਦੇ ਹਨ ਉ¤ਥੇ ਐਨਆਰਆਈ ਕੇਂਦਰ ਖੋਲ੍ਹ ਕੇ ਸਿੱਧੇ ਸਬੰਧਾਂ ਰਾਹੀਂ ਤੁਹਾਡੀਆਂ ਮੁਸ਼ਕਲਾਂ ਹੱਲ ਕਰਾਂਗੇ। ਉਨ੍ਹਾਂ ਕਿਹਾ ਕਿ ਕੂੜ ਪ੍ਰਚਾਰ ਤੋਂ ਦੂਰ ਰਹੋ ਅਤੇ ਅਕਾਲੀ ਦਲ ਦਾ ਸਾਥ ਦੇ ਕੇ ਪੰਥਕ ਹੋਣ ਦਾ ਸਬੂਤ ਦੇਵੋ। ਇਸ ਮੌਕੇ ਹਾਲ ਤਾੜੀਆਂ ਨਾਲ ਗੂੰਜ ਉਠਿਆ। ਅਖੀਰ ਵਿੱਚ ਸ. ਗੁਰਪ੍ਰਤਾਪ ਸਿੰਘ ਵੱਲਾ ਨੇ ਆਏ ਮਹਿਮਾਨਾਂ ਦਾ ਧਨਵਾਦ ਕੀਤਾ।



