ਜਲੰਧਰ/ਚੰਡੀਗੜ੍ਹ, 18 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਮਹਾਨ ਸਿੱਖ ਯੋਧੇ ਮਹਾਰਾਜਾ ਰਣਜੀਤ ਸਿੰਘ ਦਾ ਆਦਮ ਕੱਦ ਬੁੱਤ ਉਨ੍ਹਾਂ ਦੇ ਜਨਰਲ ਜੀਨ ਫਰਾਂਕੋਇਸ ਅਲਾਰਡ ਦੇ ਜਨਮ ਸਥਾਨ ਸੇਂਟ-ਟਰੋਪੇਜ਼ (ਫਰਾਂਸ) ਵਿਖੇ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ ਹੈ।
ਸ. ਬਾਦਲ ਨੇ ਇਹ ਭਰੋਸਾ ਸੇਂਟ-ਟਰੋਪੇਜ਼ ਦੇ ਡਿਪਟੀ ਮੇਅਰ ਸ੍ਰੀ ਹੈਨਰੀ ਅਲਾਰਡ ਨੂੰ ਅੱਜ ਸ਼ਾਮ ਮੁੱਖ ਮੰਤਰੀ ਦੇ ਨਿਵਾਸ ਸਥਾਨ ’ਤੇ ਹੋਈ ਇਕ ਮੀਟਿੰਗ ਦੌਰਾਨ ਦਿਵਾਇਆ। ਸ੍ਰੀ ਹੈਨਰੀ ਦਾ ਜਨਰਲ ਅਲਾਰਡ ਨਾਲ ਸਿੱਧਾ ਸਬੰਧ ਹੈ।ਵਿਚਾਰ-ਚਰਚਾ ਦੌਰਾਨ ਸ੍ਰੀ ਹੈਨਰੀ ਅਲਾਰਡ ਜੋ ਕਿ ਜਨਰਲ ਅਲਾਰਡ ਦੀ ਚੌਥੀ ਪੀੜੀ ਵਿੱਚੋਂ ਹਨ, ਨੇ ਸ. ਬਾਦਲ ਨੂੰ ਦੱਸਿਆ ਕਿ ਉਹ ਮਹਾਨ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਸਤਿਕਾਰ ਵਜੋਂ ਉਨ੍ਹਾਂ ਦਾ ਬੁੱਤ ਸੇਂਟ-ਟਰੋਪੇਜ਼ ਵਿਖੇ ਸਥਾਪਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਜਨਰਲ ਅਲਾਰਡ (ਫਰਾਂਸ) ਨੇ ਜਨਰਲ ਵੇਂਟੂਰਾ
(ਇਟਲੀ) ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸੇਵਾ ਨਿਭਾਈ ਹੈ। ਦੋਵਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਆਧੁਨਿਕੀਕਰਨ ਲਈ ਵਿਲੱਖਣ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਰਣਨੀਤਿਕ ਤਜਰਬਿਆਂ ਦੇ ਰਾਹੀਂ ਉਨ੍ਹਾਂ ਨੇ ਫੌਜ-ਏ-ਖਾਸ ਜਾਂ ਰੌਇਲ ਬ੍ਰਿਗੇਡ ਦਾ ਖ਼ਿਤਾਬ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸੇਂਟ-ਟਰੋਪੇਜ਼ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਕਰਨ ਦੇ ਨਾਲ ਪੰਜਾਬ ਤੇ ਫਰਾਂਸ ਦੇ ਲੋਕਾਂ ਦਰਮਿਆਨ ਸਦਭਾਵਨਾ ਤੇ ਮਿੱਤਰਤਾ ਦੀਆਂ ਤੰਦਾਂ ਮਜ਼ਬੂਤ ਹੋਣਗੀਆਂ। ਇਸ ਮੌਕੇ ਸੇਂਟ-ਟਰੋਪੇਜ਼ ਟੂਰਿਜ਼ਮ ਦੇ ਡਾਇਰੈਕਟਰ ਸ੍ਰੀ ਕਲੌਡ ਮੈਨਿਸਕਾਲਕੋ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੇਂਟ-ਟਰੋਪੇਜ਼ ਦੁਨੀਆ ਭਰ ਵਿੱਚ ਸੈਰ-ਸਪਾਟੇ ਦਾ ਬਹੁਤ ਮਹੱਤਵਪੂਰਨ ਸਥਾਨ ਹੈ ਅਤੇ ਇੱਥੇ ਹਰ ਸਾਲ 6.5 ਮਿਲੀਅਨ ਲੋਕ ਸੈਰ ਕਰਨ ਆਉਂਦੇ ਹਨ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅਗਲੇ ਸਾਲ ਸੇਂਟ-ਟਰੋਪੇਜ਼ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਚਿੱਟੇ ਮਾਰਬਲ ਦਾ ਬੁੱਤ ਸਥਾਪਤ ਕਰੇਗਾ। ਇਸ ਦੇ ਨਾਲ ਭਾਰਤ ਖਾਸ ਕਰਕੇ ਪੰਜਾਬ ਤੇ ਫਰਾਂਸ ਵਿਚਕਾਰ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਣਗੇ ਕਿਉਂਕਿ ਜਨਰਲ ਅਲਾਰਡ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਵੱਡਾ ਯੋਗਦਾਪ ਪਾਇਆ ਸੀ। ਉਨ੍ਹਾਂ ਨੇ ਸੇਂਟ-ਟਰੋਪੇਜ਼ ਵਿਖੇ ਉਦਘਾਟਨੀ ਸਮਾਰੋਹ ਦੌਰਾਨ ਬੁੱਤ ਤੋਂ ਪਰਦਾ ਹਟਾਉਣ ਬਾਰੇ ਸੱਦੇ ਨੂੰ ਪ੍ਰਵਾਨ ਕਰ ਲਿਆ ਹੈ। ਮੁੱਖ ਮੰਤਰੀ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਵੀ ਹਾਜ਼ਰ ਸਨ।



