ਸ੍ਰੀਨਗਰ, 17 ਜੁਲਾਈ (ਪੀ. ਟੀ. ਲਾਇਵ)- ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਵਿਖੇ ਇੱਕ ਵਾਰ ਫਿਰ ਵੱਖਵਾਦੀਆਂ ਨੇ ਪਾਕਿਸਤਾਨ ਦਾ ਝੰਡਾ ਲਹਿਰਾਇਆ। ਇਸ ਤੋਂ ਵੀ ਵਧ ਇਹ ਕਿ ਪਾਕਿਸਤਾਨੀ ਝੰਡਾ ਪੁਲਿਸ ਦੀ ਮੌਜੂਦਗੀ ਵਿੱਚ ਲਹਿਰਾਇਆ ਗਿਆ। ਇੱਥੋਂ ਤੱਕ ਕਿ ਪਾਕਿਸਤਾਨ ਦਾ ਹਰਾ ਝੰਡਾ ਹੀ ਨਹੀਂ ਬਲਕਿ ਲਸ਼ਕਰ-ਏ-ਤਾਇਬਾ ਅਤੇ ਆਈਐਸਆਈਐਸ ਦੇ ਝੰਡੇ ਵੀ ਲਹਿਰਾਏ ਗਏ। ਇਹ ਵਾਰਦਾਤ ਸ੍ਰੀਨਗਰ ’ਚ ਪੈਂਦੇ ਨੌਹਟਾ ਖੇਤਰ ਦੀ ਹੈ। ਪ੍ਰਾਪਤ ਵੇਰਵੇ ਅਨੁਸਾਰ ਅੱਜ ਅਲਵਿਦਾ ਦੀ ਨਮਾਜ਼ ਦੇ ਬਾਅਦ ਵੱਖਵਾਦੀਆਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਵੱਖਵਾਦ ਸਮਰਥਕਾਂ ਨੇ ਪਾਕਿਸਤਾਨ ਹਮਾਇਤੀ ਨਾਆਰੇ ਵੀ ਲਗਾਏ। ਅਧਿਕਾਰੀਆਂ ਨੇ ਦੱਸਿਆ ਕਿ ਵੱਖਵਾਦੀਆਂ ਨੇ ਨੌਹਟਾ ਚੌਕ ਤੋਂ ਖਨਕਾਰ ਚੌਕ ਵੱਲ ਜਾਣ ਤੋਂ ਪਹਿਲਾਂ ਭਾਰਤੀ ਤਿਰੰਗੇ ਨੂੰ ਅੱਗ ਵੀ ਲਾ ਦਿੱਤੀ। ਵੱਖਵਾਦੀ ਨੌਜਵਾਨਾਂ ਦਾ ਵਤੀਰਾ ਦੇਖਦਿਆਂ ਪਹਿਲਾਂ ਉੱਥੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਮਾਮਲਾ ਸ਼ਾਂਤ ਕਰਨ
ਦੀ ਕੋਸ਼ਿਸ਼ ਕੀਤੀ, ਪਰ ਅਜਿਹਾ ਕਰਨ ਦੇ ਬਾਵਜੂਦ ਮਾਹੌਲ ਹੋਰ ਗਰਮਾ ਗਿਆ। ਵੱਖਵਾਦੀ ਪੁਲਿਸ ਮੁਲਾਜ਼ਮਾਂ ਉੱਤੇ ਭਾਰੀ ਪੈਣ ਲੱਗੀ।
ਉਨ੍ਹਾਂ ਨੇ ਇਸ ਦੌਰਾਨ ਪੁਲਿਸ ਉੱਪਰ ਪਥਰਾਅ ਕੀਤਾ। ਵਿਰੋਧ ਵਧਦਾ ਦੇਖ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ। ਵੱਖਵਾਦੀਆਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਅਥਰੂ ਗੈਸ ਦੇ ਗੋਲੇ ਵੀ ਦਾਗਣੇ ਪਏ। ਕਾਫੀ ਦੇਰ ਬਾਅਦ ਮਾਹੌਲ ਸ਼ਾਂਤ ਹੋਇਆ। ਹਾਲੇ ਤੱਕ ਇਸ ਮਾਮਲੇ ਵਿੱਚ ਕਿਸੇ ਵੀ ਗ੍ਰਿਫਤਾਰੀ ਦੀ ਸੂਚਨਾ ਨਹੀਂ ਹੈ।



