ਵਾਸ਼ਿੰਗਟਨ ਡੀਸੀ, 10 ਜੁਲਾਈ (ਡਾ. ਗਿੱਲ)- ਸਿੱਖਸ ਆਫ ਅਮਰੀਕਾ ਦੀ ਪ੍ਰੇਡ ਉਪਰੰਤ ਸਮੀਖਿਆ ਮੀਟਿੰਗ ਸੈਂਟਰ ਫਾਰ ਸੋਸ਼ਲ ਚੇਂਜ ਆਫਿਸ ਵਿਖੇ ਹੋਈ ਜਿੱਥੇ 4 ਜੁਲਾਈ ਨੂੰ ਹੋਈ ਪ੍ਰੇਡ ਸਬੰਧੀ ਕਮੀਆਂ ਅਤੇ ਪ੍ਰਫੁੱਲਤ ਕਰਨ ਸਬੰਧੀ ਵਿਸਥਾਰਪੂਰਵਕ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਵਿੱਚ ਜਿੱਥੇ ਪ੍ਰੇਡ ਨੂੰ ਕਾਮਯਾਬ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ ਉੱਥੇ ਅਮਰੀਕਨਾਂ ਦਾ ‘ਧਨਵਾਦ ਦਿਵਸ’ ਜੋ ਨਵੰਬਰ ਵਿੱਚ ਆ ਰਿਹਾ ਹੈ, ਉਸ ਦਿਨ ਗੋਰਿਆਂ, ਗੋਰੀਆਂ ਨੂੰ ਹਾਰਬਰ ਦੇ ਕੰਢੇ ’ਤੇ ਦਸਤਾਰਾਂ ਸਜਾਈਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਸਿੱਖ ਧਰਮ ਅਤੇ ਪਹਿਚਾਣ ਸਬੰਧੀ ਜਾਗਰੂਕ ਕੀਤਾ ਜਾਵੇਗਾ। ਗੌਰਤਲਬ ਹੈ ਕਿ ਇਸ ਸਬੰਧੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ, ਜਿਸ ਵਿੱਚ ਸੈਂਕੜੇ ਅਮਰੀਕਨਾਂ ਨੂੰ ਦਸਤਾਰ ਪ੍ਰਤੀ ਅਤੇ ਸਿੱਖੀ ਪਹਿਚਾਣ ਵਿੱਚ ਸ਼ਾਮਿਲ ਕਰਕੇ ਉਨ੍ਹਾਂ ਨੂੰ ਯਾਦਗਾਰੀ ਚਿੰਨ ਵਜੋਂ ਤਸਵੀਰਾਂ ਮੁਫਤ ਦਿੱਤੀਆਂ ਜਾਣਗੀਆਂ। ਇਸ ਮੌਕੇ
ਕਾਰਜ ਨੂੰ ਨੇਪਰੇ ਚਾੜ੍ਹਣ ਲਈ ਜੱਸਦੀਪ ਸਿੰਘ ਜੱਸੀ, ਮਨਪ੍ਰੀਤ ਸਿੰਘ, ਕੰਵਲਜੀਤ ਸਿੰਘ ਸੋਨੀ ਅਤੇ ਬਖਸ਼ੀਸ਼ ਸਿੰਘ ਨੇ ਅਮਰੀਕਨ ਗੋਰਿਆਂ ਅਤੇ ਗੋਰੀਆਂ ਦਾ ਡਾਟਾ ਪੇਸ਼ ਕਰਨ ਦੀ ਤਜਵੀਜ਼ ਦਿੱਤੀ। ਗੁਰਚਰਨ ਸਿੰਘ ਵਰਲਡ ਬੈਂਕ ਨੇ ਫੇਥ ਵਿਸ਼ੇ ਦੇ ਅਧੀਨ ਸਿੱਖਾਂ ਦੀ ਪਹਿਚਾਣ ਸਬੰਧੀ ਸੈਮੀਨਾਰ ਕਰਵਾਉਣ ਬਾਰੇ ਕਿਹਾ। ਸਾਜਿਦ ਤਰਾਰ ਲਹਿੰਦੇ ਪੰਜਾਬੀ ਨੇ ਕਿਹਾ ਕਿ ਸਾਨੂੰ ਦੂਜੀਆਂ ਸਟੇਟਾਂ ਵਿੱਚ ਵੀ ਯੂਨਿਟ ਬਣਾ ਕੇ ਇਸ ਪ੍ਰੇਡ ਪ੍ਰਤੀ ਜਾਗਰੂਕ ਕਰਕੇ 4 ਜੁਲਾਈ ਦਾ ਦਿਹਾੜਾ ਸਿੱਖਾਂ ਲਈ ਇਤਿਹਾਸਿਕ ਹੋਣਾ ਚਾਹੀਦਾ ਹੈ। ਚਤਰ ਸਿੰਘ ਸੈਣੀ ਨੇ ਕਿਹਾ ਕਿ ਅਮਰੀਕਨਾਂ ਦੇ ਮੇਲਿਆਂ ਵਿੱਚ ਵੀ ਪਹੁੰਚ ਕਰਕੇ ਸਿੱਖੀ ਬਾਰੇ ਲਿਟਰੇਚਰ ਅਤੇ ਇਵੈਂਟ ਕਰਵਾ ਕੇ ਇਸ ਲਈ ਸੰਜੀਦਾ ਹੋਣਾ ਜ਼ਰੂਰੀ ਹੈ। ਸਤਪਾਲ ਬਰਾੜ ਸੀਨੀਅਰ ਅਕਾਲੀ ਨੇਤਾ ਅਤੇ ਯੂਥ ਅਕਾਲੀ ਨੇਤਾ ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਅਸੀਂ ਹਰੇਕ ਕਾਰਜ ਵਿੱਚ ਹਿੱਸਾ ਲਵਾਂਗੇ ਅਤੇ ਇਸ ਦੀ ਸ਼ੁਰੂਆਤ ਵਾਸ਼ਿੰਗਟਨ ਡੀਸੀ ਵਿਖੇ ਗਰੀਬਾਂ ਦੇ ਕੈਂਪ ਵਿੱਚ ਮੁਫਤ ਭੋਜਨ ਦੇ ਕੇ ਕੀਤੀ ਜਾਵੇ ਤਾਂ ਜੋ ਸਿੱਖਾਂ ਦੇ ਮਿਸ਼ਨ ਨੂੰ ਮਜ਼ਬੂਤ ਕੀਤਾ ਜਾਵੇ। ਅੰਤ ਵਿੱਚ ਧਨਵਾਦ ਦੇ ਮਤੇ ਨਾਲ ਮੀਟਿੰਗ ਉਠਾ ਦਿੱਤੀ ਗਈ ਅਤੇ ਦਸਤਾਰ ਦੇ ਮੁਕਾਬਲਿਆਂ ਪ੍ਰਤੀ ਦ੍ਰਿੜ੍ਹਤਾ ਪ੍ਰਗਟਾਈ ਗਈ।


