ਮੀਰਪੁਰ ਕਲਾਂ (ਮਾਨਸਾ), 8 ਜੁਲਾਈ (ਬਲਵਿੰਦਰ ਸਿੰਘ, ਅਮਰਜੀਤ ਸਿੰਘ)- ਗੈਰ ਰਵਾਇਤੀ ਊਰਜਾ ਦੇ ਖੇਤਰ ਵਿਚ ਮਾਨਸਾ ਜਿਲ੍ਹਾ ਸਾਰੇ ਸੂਬੇ ਲਈ ਰਾਹ ਦਸੇਰਾ ਬਣ ਗਿਆ ਹੈ ਅਤੇ ਇਕ ਸਾਲ ਅੰਦਰ ਸੂਰਜੀ ਊਰਜਾ ਤੋਂ 200 ਮੈਗਾਵਾਟ ਦਾ ਬਿਜਲੀ ਉਤਪਾਦਨ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਵਿਸ਼ਵ ਪੱਧਰੀ ਕੰਪਨੀ ਮੋਜ਼ਰਬੀਅਰ ਵਲੋਂ ਮਾਨਸਾ ਜਿਲ੍ਹੇ ਵਿਚ ਹੀ 150 ਏਕੜ ਜ਼ਮੀਨ ’ਤੇ 34 ਮੈਗਾਵਾਟ ਦੀ ਸਮਰੱਥਾ ਦਾ ਇਕ ਹੋਰ ਸੌਰ ਊਰਜਾ ਪਲਾਂਟ ਸਥਾਪਿਤ ਕੀਤਾ ਜਾਵੇਗਾ।ਅੱਜ ਇੱਥੇ ਪੰਜਾਬ ਦੇ ਮਾਲ ਤੇ ਗੈਰ ਰਵਾਇਤੀ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵਲੋਂ ਸੰਸਦ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ ਨਾਲ 15.50 ਕਰੋੜ ਦੀ ਲਾਗਤ ਵਾਲੇ 2.10 ਮੈਗਾਵਾਟ ਤੇ 8 ਕਰੋੜ ਦੀ ਲਾਗਤ ਵਾਲੇ 1 ਮੈਗਾਵਾਟ ਦੇ ਸੂਰਜੀ ਊਰਜਾ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ । ਇਹ ਪ੍ਰਾਜੈਕਟ ਅਲਿਆਂਜ ਈਕੋ ਪਾਵਰ ਤੇ ਐਮ ਐਸ ਨੈਕਸਟਜੈਨ ਸੋਲਕਸ ਪਾਵਰ ਪ੍ਰਾਈਵੇਟ ਲਿਮਿਟਡ ਵਲੋਂ
ਸਥਾਪਿਤ ਕੀਤੇ ਗਏ ਹਨ। ਇਸ ਮੌਕੇ ਬੋਲਦਿਆਂ ਸ. ਮਜੀਠੀਆ ਨੇ ਕਿਹਾ ਕਿ 3 ਸਾਲ ਪਹਿਲਾਂ ਗੈਰ ਰਵਾਇਤੀ ਊਰਜਾ ਦੇ ਖੇਤਰ ਵਿਚ ਸ਼ੁਰੂ ਹੋਇਆ ਕੰਮ ਹੁਣ ਇਕ ਮੁਹਿੰਮ ਬਣ ਚੁੱਕਾ ਹੈ ਅਤੇ 1500 ਕਰੋੜ ਦੀ ਲਾਗਤ ਨਾਲ 9 ਮੈਗਾਵਾਟ ਤੋਂ ਕੁੱਲ ਸਮਰੱਥਾ 215 ਮੈਗਾਵਾਟ ਹੋ ਚੁੱਕੀ ਹੈ। ਇਸ ਤੋਂ ਇਲਾਵਾ 229 ਮੈਗਾਵਾਟ ਦੇ 1600 ਕਰੋੜ ਦੇ ਗਰਾਊਂਡ ਮਾਊਂਟਡ ਸੋਲਰ ਪਲਾਂਟ ਅਤੇ 65 ਮੈਗਾਵਾਟ ਦੀ ਸਮਰੱਥਾ ਵਾਲੇ ਛੱਤਾਂ ’ਤੇ ਲੱਗਣ ਵਾਲੇ 4 ਸੂਰਜੀ ਊਰਜਾ ਪਲਾਂਟ ਵੀ 300 ਕਰੋੜ ਦੀ ਲਾਗਤ ਨਾਲ ਸਥਾਪਿਤ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮਾਨਸਾ ਜਿਲ੍ਹੇ ਨੇ ਸੂਰਜੀ ਊਰਜਾ ਪ੍ਰਾਜੈਕਟਾਂ ਵਿਚ ਪਹਿਲ ਕੀਤੀ ਹੈ ਅਤੇ 61 ਮੈਗਾਵਾਟ ਦੇ ਪ੍ਰਾਜੈਕਟ ਸ਼ਫਲਤਾਪੂਰਵਕ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਦੀ ਕੇਂਦਰ ਸਰਕਾਰ ਵਲੋਂ ਸ਼ਲਾਘਾ ਕੀਤੀ ਗਈ ਹੈ ਅਤੇ ਰੀ-ਇਨਵੈਸਟ 2015 ਦੌਰਾਨ ਜਿੱਥੇ ਪ੍ਰਧਾਨ ਮੰਤਰੀ ਵਲੋਂ ਪੰਜਾਬ ਨੂੰ ਸਰਬੋਤਮ ਕਾਰਗੁਜ਼ਾਰੀ ਵਾਲਾ ਸੂਬਾ ਹੋਣ ’ਤੇ ਸਨਮਾਨਿਤ ਕੀਤਾ ਗਿਆ ਉ¤ਥੇ ਹਾਲ ਹੀ ਵਿਚ ਰਿਨਿਊਏਬਲ ਐਨਰਜ਼ੀ ਪ੍ਰਮੋਸ਼ਨ ਐਸੋਸੀਏਸ਼ਨ ਵਲੋਂ ਸਰਬੋਤਮ ਬਾਇਓ ਐਨਰਜ਼ੀ ਵਾਲਾ ਰਾਜ ਐਲਾਨਿਆ ਗਿਆ ਹੈ।
ਸਾਫ ਸੁਥਰੀ ਊਰਜਾ ਨੂੰ ਸਮੇਂ ਦੀ ਲੋੜ ਦੱਸਦਿਆਂ ਸ. ਮਜੀਠੀਆ ਨੇ ਕਿਹਾ ਕਿ ਲੋਕਾਂ ਨੂੰ ਗੈਰ ਰਵਾਇਤੀ ਊਰਜਾ ਦੇ ਉਤਪਾਦਨ ਵਿਚ ਭਾਗੀਦਾਰ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਨੈਟ ਮੀਟਰਿੰਗ ਨੀਤੀ 2014 ਲਾਗੂ ਕੀਤੀ ਗਈ ਹੈ। ਇਸ ਤੋਂ ਇਲਾਵਾ ਆਈ.ਡੀ.ਬੀ.ਆਈ.ਬੈਂਕ ਵਲੋਂ ਵੀ ਸੂਰੀਆ ਸ਼ਕਤੀ ਤਹਿਤ ਅਜਿਹੇ ਪ੍ਰਾਜੈਕਟਾਂ ਲਈ ਵਿੱਤੀ ਸਹਾਇਤਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਬਠਿੰਡਾ ਤੇ ਮਾਨਸਾ ਜਿਲ੍ਹੇ ਸੂਰਜੀ ਊਰਜਾ ਉਤਪਾਦਨ ਦੇ ਖੇਤਰ ਵਿਚ ਮੋਹਰੀ ਹੋ ਚੁੱਕੇ ਹਨ , ਜੋ ਕਿ ਕਿਸੇ ਸਮੇਂ ਪਛੜੇ ਗਿਣੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਵੀ ਇਸ ਖੇਤਰ ਵੱਲ ਖਾਸਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਅਤੇ 500 ਮੈਗਾਵਾਟ ਦੇ ਅੰਦਾਜ਼ੇ ਦੀ ਥਾਂ ਪੰਜਾਬ ਸਰਕਾਰ ਨੂੰ 1200 ਮੈਗਾਵਾਟ ਉਤਪਾਦਨ ਸਬੰਧੀ ਬਿਨੈਪੱਤਰ ਪ੍ਰਾਪਤ ਹੋਏ ਹਨ। ਇਸ ਨਾਲ ਘੱਟ ਉਪਜਾਊ ਜ਼ਮੀਨਾਂ ’ਤੇ ਸੋਲਰ ਪਲਾਂਟ ਲੱਗਣ ਨਾਲ ਕਿਸਾਨਾਂ ਨੂੰ ਚੰਗੀ ਆਮਦਨ ਵੀ ਹੋ ਰਹੀ ਹੈ।
ਪ੍ਰਵਾਸੀ ਭਾਰਤੀਆਂ ਵਲੋਂ ਸੂਰਜੀ ਊਰਜਾ ਦੇ ਖੇਤਰ ਵਿਚ ਕੀਤੇ ਨਿਵੇਸ਼ ਦਾ ਸਵਾਗਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਵਲੋਂ 245 ਕਰੋੜ ਦੀ ਲਾਗਤ ਵਾਲੇ 45 ਮੈਗਾਵਾਟ ਦੇ ਸੋਲਰ ਪਲਾਂਟ ਸਥਾਪਿਤ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਗੈਰ ਰਵਾਇਤੀ ਊਰਜਾ ਦੇ ਖੇਤਰ ਵਿਚ ਹੋ ਰਹੇ ਸ਼ਾਨਦਾਰ ਕੰਮਾਂ ਲਈ ਸ. ਮਜੀਠੀਆ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਸੂਬਾ ਸਰਕਾਰ ਦੀ ਕਿਸਾਨਾਂ ਲਈ ਲਾਗੂ ਕੀਤੀ ਸੂਰਜੀ ਊਰਜਾ ਨੀਤੀ ਦਾ ਲਾਭ ਉਠਾਉਣ। ਨੈਕਸਟਜੈਨ ਸੋਲਕਲ ਪਾਵਰ ਦੇ ਪ੍ਰਤੀਨਿਧੀ ਯਸ਼ਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਹਾਂ ਪੱਖੀ ਪਹੁੰਚ ਅਤੇ ਪੇਡਾ ਵਲੋਂ ਕੀਤੀ ਸਹਾਇਤਾ ਦੇ ਨਾਲ ਉਹ ਆਪਣੇ ਹਿੱਸੇਦਾਰ ਪ੍ਰਵਾਸੀ ਭਾਰਤੀ ਕੰਵਲਜੀਤ ਸਿੰਘ ਮਾਂਗਟ ਨਾਲ ਮਿਲਕੇ ਸੂਰਜੀ ਊਰਜਾ ਦੇ ਖੇਤਰ ਵਿਚ ਹੋਰ ਨਿਵੇਸ਼ ਕਰਨਗੇ। ਅਲਿਆਂਜ ਈਕੋ ਪਾਵਰ ਦੇ ਪ੍ਰਤੀਨਿਧੀ ਜਸਪਾਲ ਢੋਲ ਤੇ ਡਾਇਰੈਕਟਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਸਰਲ ਪ੍ਰਕ੍ਰਿਆ ਦੇ ਕਾਰਨ ਹੀ ਉਹ ਸਮੇਂ ਸਿਰ ਪ੍ਰਾਜੈਕਟ ਸਥਾਪਿਤ ਕਰਨ ਵਿਚ ਸਫਲ ਹੋਏ ਹਨ। ਇਸ ਮੌਕੇ ਮੁੱਖ ਤੌਰ ’ਤੇ ਵਿਧਾਇਕ ਪ੍ਰੇਮ ਮਿੱਤਲ, ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਤੇ ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਅਮਰਪਾਲ ਸਿੰਘ ਹਾਜ਼ਰ ਸਨ।



