ਬਠਿੰਡਾ, 07 ਅਗਸਤ (ਅਵਤਾਰ ਸਿੰਘ ਕੈਂਥ/ਵੀਰ ਸਿੰਘ ਕਾਲਾ):-ਐਂਟੀ ਨਾਰਕੋਟਿਕ ਸੈਲ ਨੇ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਗਿਆਨੀ ਜੈਲ ਸਿੰਘ ਕਾਲਜ ਦੇ ਨੇੜਿਓ ਨਾਕਾਬੰਦੀ ਕਰਦਿਆਂ 4 ਨੌਜਵਾਨਾਂ ਨੂੰ ਕੁਆਲਿਸ ਗੱਡੀ ਅਤੇ 1 ਕਿਲੋਂ ਅਫੀਮ ਸਮੇਤ ਗ੍ਰਿਫ਼ਤਾਰ ਕਰਦਿਆਂ ਥਾਣਾ ਕੈਨਾਲ ਕਲੋਨੀ ਵਿਖੇ ਉਕਤ ਨੌਜਵਾਨਾਂ ਖ਼ਿਲਾਫ ਐਨ ਡੀ ਪੀ ਐਸ ਐਕਟ ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ ਐਸ ਆਈ ਗੁਰਤੇਜ ਸਿੰਘ ਨੇ ਦੱਸਿਆ ਕਿ ਸਫੈਦ ਰੰਗ ਦੀ ਕੁਆਲਿਸ ਗੱਡੀ ਨੰਬਰ ਐਚ ਆਰ 56-8410 ਨੂੰ ਨਾਕਾਬੰਦੀ ਦੌਰਾਨ ਜਦੋਂ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 1 ਕਿਲੋ ਅਫ਼ੀਮ ਬਰਾਮਦ ਹੋਈ ਜਿਹੜੀ ਕਿ ਨੌਜਵਾਨਾਂ ਵੱਲੋਂ ਬਿਨ੍ਹਾਂ ਲੁਕੋਂਦਿਆਂ ਲਿਫਾਫੇ ਵਿੱਚ ਰੱਖੀ ਗਈ ਸੀ ਅਤੇ ਸਾਫ਼ ਨਜ਼ਰ ਆ ਰਹੀ ਸੀ।

ਉਨ੍ਹਾਂ ਦੱਸਿਆ ਕਿ ਉਕਤ ਗੱਡੀ ਵਿੱਚ ਸਵਾਰ ਚਾਲਕ ਗੁਰਦੀਪ ਸਿੰਘ ਉਰਫ਼ ਕਾਲਾ ਪੁੱਤਰ ਜਰਨੈਲ ਸਿੰਘ ਮਿਸਤਰੀ ਵਾਸੀ ਗਲੀ ਨੰਬਰ 7 ਗੁੰਮਟੀ ਰੋਡ ਭਗਤਾ ਭਾਇਕਾ, ਪ੍ਰਵੀਨ ਕੁਮਾਰ ਪੁੱਤਰ ਪ੍ਰਿਥਵੀਰਾਜ ਵਾਸੀ ਢਾਣੀ 5 ਕੇ ਐਚ ਆਰ, ਖਾਰਾ ਖੇੜਾ ਥਾਣਾ ਸੰਗਰੀਆ ਰਾਜਸਥਾਨ ਵਨੀਤ ਪੁੱਤਰ ਧਰਮਪਾਲ ਵਾਸੀ ਸਾਬੂਆਣਾ ਰੋਡ ਚੋਟਾਲਾ ਥਾਣਾ ਸਦਰ ਡੱਬਵਾਲੀ ਹਰਿਆਣਾ ਅਤੇ ਕੁਲਦੀਪ ਸ਼ਰਮਾ ਪੁੱਤਰ ਰਾਮ ਕੁਮਾਰ ਵਾਸੀ ਨੇੜੇ ਕ੍ਰਿਸ਼ਨਾ ਮੰਦਰ ਸਾਬੂਆਣਾ ਥਾਣਾ ਸਦਰ ਡੱਬਵਾਲੀ ਹਰਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਏ ਐਸ ਆਈ ਗੁਰਤੇਜ ਸਿੰਘ ਨੇ ਦੱਸਿਆ ਕਿ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਉਕਤ ਗੱਡੀ ਦੀ ਆਰ ਸੀ ਸੰਦੀਪ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਭਗਤਾ ਰਾਮਪੁਰਾ ਦੇ ਨਾਂ ਤੇ ਡੇਟੀਓ ਦਫ਼ਤਰ ਫਰੀਦਕੋਟ ਵੱਲੋਂ ਜਾਰੀ ਕੀਤੀ ਗਈ ਹੈ। ਭਰੋਸੇਯੋਗ ਸੂਤਰਾਂ ਮੁਤਾਬਿਕ ਰਾਜਸਥਾਨ ਤੋਂ ਉਕਤ ਅਫ਼ੀਮ ਚੋਟਾਲਾ ਪਹੁੰਚਾਈ ਗਈ ਸੀ ਜਿਹੜੀ ਕਿ 50 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਲਿਆਂਦੀ ਗਈ ਸੀ ਅਤੇ ਭਗਤਾ ਭਾਇਕਾ ਬਠਿੰਡਾ ਵਿਖੇ 70 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਪਲਾਈ ਕੀਤੀ ਜਾਣੀ ਸੀ। ਅਫ਼ੀਮ ਸਮਗਲਰਾਂ ਨੇ ਰਾਜਸਥਾਨ ਤੋਂ ਆਪਣੇ ਵਿਅਕਤੀ ਹਰਿਆਣਾ ਦੇ ਪਿੰਡ ਚੋਟਾਲਾ ਵਿਖੇ ਭੇਜੇ ਸਨ। ਜਦੋਂਕਿ ਭਗਤਾ ਭਾਇਕਾ ਤੋਂ 1 ਨੌਜਵਾਨ ਨੂੰ ਉਕਤ ਅਫ਼ੀਮ ਲਿਆਉਂਣ ਲਈ ਚੋਟਾਲਾ ਭੇਜਿਆ ਗਿਆ ਸੀ ਉਥੇ ਹੀ ਰਾਜਸਥਾਨ ਅਤੇ ਚੋਟਾਲਾ ਦੇ ਵਿਅਕਤੀਆਂ ਵੱਲੋਂ ਭਗਤਾ ਭਾਇਕਾ ਵਾਸੀ ਨੌਜਵਾਨ ਨਾਲ ਮਿਲਕੇ ਉਕਤ ਅਫ਼ੀਮ ਨੂੰ ਭਗਤਾ ਭਾਇਕਾ ਵਿਖੇ ਸਪਲਾਈ ਕੀਤਾ ਜਾਣਾ ਸੀ। ਜਿਹੜੇ ਬਠਿੰਡਾ ਪਹੁੰਚਦੇ ਹੀ ਐਂਟੀ ਨਾਰਕੋਟਿਕ ਸੈਲ ਅਤੇ ਪੁਲਿਸ ਦੇ ਹੱਥੇ ਚੱੜ੍ਹ ਗਏ। ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਦੀ ਗੱਲ ਆਖ਼ੀ ਜਾ ਰਹੀ ਹੈ।
ਇਕ ਕਿੱਲੋ ਅਫੀਮ ਸਮੇਤ 4 ਨੌਜਵਾਨ ਕਾਬੂ



