Skip to content
Independent perspectives. Global stories.
BREAKING

ਕਾਂਗਰਸ ਨੇ ਮੈਗਾ ਫੂਡ ਪਾਰਕਾਂ ਵੇਲੇ ਰੌਲਾ ਨਹੀਂ ਪਾਇਆ ਤਾਂ ਏਮਜ ਬਠਿੰਡਾ ਸਮੇਂ ਰੌਲਾ ਕਿਉਂ? : ਹਰਸਿਮਰਤ ਬਾਦਲ

Share this story

ਬਾਠ (ਬਠਿੰਡਾ), 6 ਜੁਲਾਈ (ਅਮਰਜੀਤ ਸਿੱਧੂ, ਸਤਪਾਲ ਮਾਨ, ਸੁਖਵਿੰਦਰ ਸਰਾਂ, ਗੋਬਿੰਦ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਵਲੋਂ ਜਦੋਂ ਫਾਜ਼ਿਲਕਾ ਵਿਖੇ ਮੈਗਾ ਫੂਡ ਪਾਰਕ ਸਥਾਪਿਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਲੁਧਿਆਣਾ ਤੇ ਕਪੂਰਥਲਾ ਵਿਖੇ ਮੈਗਾ ਫੂਡ ਪਾਰਕਾਂ ਨੂੰ ਮਨਜ਼ੂਰੀ ਦਿੱਤੀ ਗਈ, ਤਾਂ ਪੰਜਾਬ ਕਾਂਗਰਸ ਨੇ ਕੋਈ ਰੌਲਾ ਨਹੀਂ ਪਾਇਆ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਅੰਮ੍ਰਿਤਸਰ ਵਿਖੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਨੂੰ ਮਨਜ਼ੂਰੀ ਦਿੱਤੀ ਅਤੇ ਪੰਜਾਬ ਦੇ ਖਾਲਾਂ ਨੂੰ ਪੱਕਾ ਕਰਨ ਲਈ 1000 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ, ਤਦ ਵੀ ਕਾਂਗਰਸ ਦੇ ਸੂਬਾ ਪ੍ਰਧਾਨ ਸ੍ਰ. ਪ੍ਰਤਾਪ ਸਿੰਘ ਬਾਜਵਾ ਨੇ ਮੌਨ ਧਾਰਨ ਕਰੀ ਰੱਖਿਆ, ਹੁਣ ਜਦ ਬਠਿੰਡਾ ਜ਼ਿਲ੍ਹੇ ਲਈ ਕੇਂਦਰ ਸਰਕਾਰ ਨੇ ਦੇਸ਼ ਦਾ ਉਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ਼ਜ (ਏਮਜ਼) ਖੋਲ੍ਹਣ ਨੂੰ ਹਰੀ ਝੰਡੀ ਦੇ ਦਿੱਤੀ ਹੈ, ਤਾਂ ਕਾਂਗਰਸ ਕਿਉਂ

ਰੌਲਾ ਪਾ ਰਹੀ ਹੈ? ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਅਤੇ ਭ੍ਰਿਸ਼ਟ ਨੇਤਾਵਾਂ ਦੀ ਬਦੌਲਤ ਹੀ ਅੱਜ ਕਾਂਗਰਸ ਦਾ ਨਾ ਤਾਂ ਸੂਬੇ ਅੰਦਰ ਅਤੇ ਨਾ ਹੀ ਦੇਸ਼ ਅੰਦਰ ਕੋਈ ਆਧਾਰ ਹੈ ਅਤੇ ਇਹ ਸਿਰਫ਼ ਬਿਆਨਬਾਜ਼ੀਆਂ ਤੱਕ ਹੀ ਸੀਮਤ ਰਹਿ ਗਏ ਹਨ। ਇਸ ਗੱਲ ਦਾ ਪ੍ਰਗਟਾਵਾ ਬੀਬੀ ਬਾਦਲ ਨੇ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬੀਬੀ ਬਾਦਲ ਨੇ ਕਿਹਾ ਕਿ ਏਮਜ਼ ਦੇ ਆਉਣ ਨਾਲ ਬਠਿੰਡਾ, ਆਸੇ-ਪਾਸੇ ਦੇ ਜ਼ਿਲ੍ਹੇ ਅਤੇ ਗੁਆਂਢੀ ਸੂਬਿਆਂ ਨੂੰ ਜਿੱਥੇ ਵੱਡੀ ਰਾਹਤ ਮਿਲੇਗੀ, ਉਥੇ ਹੀ ਆਮ ਲੋਕਾਂ ਨੂੰ ਵਿਸ਼ਵ ਪੱਧਰ ਦਾ ਵਧੀਆ ਇਲਾਜ ਪ੍ਰਾਪਤ ਹੋ ਸਕੇਗਾ। ਉਨ੍ਹਾਂ ਕਿਹਾ ਕਿ ਨਾਮੁਰਾਦ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਲੋਕਾਂ ਲਈ ਇਹ ਇਕ ਆਸ਼ਾ ਦੀ ਕਿਰਨ ਹੈ, ਜਿਸ ਨੂੰ ਕਾਂਗਰਸ ਪਾਰਟੀ ਸਿਆਸੀ ਬਿਆਨ ਬਾਜ਼ੀਆਂ ਅਤੇ ਦੁਸ਼ਟ ਪ੍ਰਚਾਰ ’ਚ ਉਲਝਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਕ ਫ਼ਸਲੀ ਬਟੇਰਿਆਂ ਦੀ ਪਾਰਟੀ ਹੈ, ਜਿਸ ਦਾ ਦੂਜਾ ਨਾਮ ਭ੍ਰਿਸ਼ਟਾਚਾਰ ਅਤੇ ਝੂਠ ਦਾ ਪੁ¦ਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ 10 ਸਾਲ ਦੇ ਕੇਂਦਰ ਸ਼ਾਸ਼ਨ ਦੌਰਾਨ ਪੰਜਾਬ ਤੋਂ 5-6 ਕੇਂਦਰੀ ਮੰਤਰੀ ਸਨ, ਪਰ ਕੋਈ ਵੀ ਪੰਜਾਬ ਲਈ ਵੱਡਾ ਪ੍ਰੋਜੈਕਟ ਨਾ ਲਿਆ ਸਕਿਆ, ਜਦਕਿ ਹੁਣ ਦੀ ਮੌਜੂਦਾ ਕੇਂਦਰੀ ਸਰਕਾਰ ਨੇ ਸਿਰਫ਼ ਪਿਛਲੇ ਇਕ ਸਾਲ ਦੇ ਸਮੇਂ ਦੌਰਾਨ ਪੰਜਾਬ ਨੂੰ ਗ੍ਰਾਂਟਾ ਦੇ ਕਈ ਵੱਡੇ ਗੱਫ਼ੇ ਅਤੇ ਪ੍ਰੋਜੈਕਟ ਦਿੱਤੇ ਹਨ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਨੇ ਪੈਨਸ਼ਨਰਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਇਕ ਪੈਨਸ਼ਨ ਯੋਗ ਵਿਅਕਤੀ ਨੂੰ ਉਸਦਾ ਬਣਦਾ ਹੱਕ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ਵਿਰੁੱਧ ਸ਼ਰਾਰਤ ਕਰਦਿਆਂ ਪੈਨਸ਼ਨਾਂ ਸਬੰਧੀ ਮਾਨਯੋਗ ਹਾਈਕੋਰਟ ਕੇਸ ਦਾਇਰ ਕੀਤਾ, ਜਿਸ ਤੋਂ ਬਾਅਦ ਪੈਨਸ਼ਨਾਂ ’ਤੇ ਰੋਕ ਲੱਗੀ ਅਤੇ ਮੁੜ ਜਾਂਚ ਤੋਂ ਬਾਅਦ ਇਹ ਰੋਕ ਹਟਾਈ ਗਈ। ਉਨ੍ਹਾਂ ਕਿਹਾ ਕਿ ਕੋਈ ਵੀ ਯੋਗ ਵਿਅਕਤੀ ਪੈਨਸ਼ਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਜੇਕਰ ਕਿਸੇ ਦੀ ਪੈਨਸ਼ਨ ਨਹੀਂ ਮਿਲਦੀ, ਤਾਂ ਉਹ ਸਬੰਧਿਤ ਦਫ਼ਤਰ ’ਚ ਸ਼ਿਕਾਇਤ ਕਰ ਸਕਦਾ  ਹੈ।
ਬੀਬੀ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦਾ ਮੁੱਖ ਟੀਚਾ ਫਸਲੀ ਵਿਭਿੰਨਤਾ ਦੇ ਨਾਲ-ਨਾਲ ਫਸਲਾਂ ਦੀ ਪ੍ਰੋਸੈਸਿੰਗ ਰਾਹੀਂ ਮੁੱਲ ਵਿਚ ਵਾਧਾ ਕਰਨਾ ਹੈ, ਤਾਂ ਜੋ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾ ਸਕੇ। ਬੀਬੀ ਬਾਦਲ ਨੇ ਅੱਜ ਸੰਗਤ ਦਰਸ਼ਨ ਦੌਰਾਨ ਜਿੱਥੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ, ਉਥੇ ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾ ਵੀ ਜਾਰੀ ਕੀਤੀਆਂ। ਉਨ੍ਹਾਂ ਪਿੰਡ ਕਰਤਾਰਪੁਰ ਥਾਂਦੇ ਵਿਖੇ 7.75 ਲੱਖ ਰੁਪਏ ਦੀ ਗ੍ਰਾਂਟ, ਪਿੰਡ ਲਹਿਰਾ ਸੌਂਦਾ ਵਿਖੇ 10.50 ਲੱਖ ਦੀ ਗ੍ਰਾਂਟ, ਪਿੰਡ ਬਾਠ ਵਿਖੇ 24 ਲੱਖ ਦੀ ਗ੍ਰਾਂਟ ਅਤੇ ਪਿੰਡ ਮਾੜੀ ਨੂੰ 9 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ। ਇਨ੍ਹਾਂ ਪਿੰਡਾਂ ਤੋਂ ਇਲਾਵਾ ਉਨ੍ਹਾਂ ਪਿੰਡ ਬੱਜੋਆਣਾ, ਕਲਿਆਣ ਮਲਕਾਂ, ਗੋਬਿੰਦ ਨਗਰ, ਪਿੰਡ ਡੱਲਾ ਅਤੇ ਗਿੱਦੜ ਨੂੰ ਵੀ ਗ੍ਰਾਂਟਾ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਆਉਣ ਵਾਲੇ 4 ਸਾਲਾਂ ’ਚ ਸੂਬੇ ਅਤੇ ਦੇਸ਼ ਦਾ ਬੜਾ ਤੇਜ਼ੀ ਨਾਲ ਵਿਕਾਸ ਹੋਵੇਗਾ। ਬੀਬੀ ਬਾਦਲ ਨੇ ਸੰਗਤਾਂ ਨੂੰ ਬੂਟਾ ਪ੍ਰਸ਼ਾਦ ਦਿੰਦਿਆਂ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਰੁੱਖ ਲਗਾ ਕੇ ਧਰਤੀ ਨੂੰ ਹੋਰ ਹਰਿਆਵਲ ਕਰਨ ’ਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ।ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਕਾਰਜਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਓ.ਐਸ.ਡੀ. ਟੂ ਡਿਪਟੀ ਸੀ.ਐਮ. ਸ਼੍ਰੀ ਮੁਨੀਸ਼ ਕੁਮਾਰ ਅਤੇ ਸ਼੍ਰੀ ਹਰਿੰਦਰ ਸਿੰਘ ਸਰਾਂ, ਡਵੀਜ਼ਨਲ ਜੰਗਲਾਤ ਅਫ਼ਸਰ ਸ਼੍ਰੀ ਸੰਜੀਵ ਕੁਮਾਰ ਤਿਵਾੜੀ, ਸਹਾਇਕ ਮੀਡੀਆ ਸਲਾਹਕਾਰ ਉਪ ਮੁੱਖ ਮੰਤਰੀ ਸ਼੍ਰੀ ਹਰਜਿੰਦਰ ਸਿੰਘ ਸਿੱਧੂ, ਐਸ.ਡੀ.ਐਮ. ਬਠਿੰਡਾ ਸ਼੍ਰੀ ਦਮਨਜੀਤ ਸਿੰਘ ਮਾਨ, ਡੀ.ਡੀ.ਪੀ.ਓ ਬਠਿੰਡਾ ਸ਼੍ਰੀ ਅਰੁਣ ਸ਼ਰਮਾ, ਜ਼ਿਲ੍ਹਾ ਪ੍ਰੈਸ ਸਕੱਤਰ ਸ੍ਰੋਮਣੀ ਅਕਾਲੀ ਦਲ ਡਾ. ਓਮ ਪ੍ਰਕਾਸ਼ ਸ਼ਰਮਾ, ਬੀ.ਡੀ.ਪੀ.ਓ ਮਿਸ ਕਵਿਤਾ ਗਰਗ ਆਦਿ ਹਾਜ਼ਰ ਸਨ।

WRITTEN BY