ਮੌੜ ਮੰਡੀ, 4 ਜੁਲਾਈ (ਹਰਦੀਪ ਸਿੰਘ)- ਰਾਜਿੰਦਰ ਕੁਮਾਰ ਕਾਕਾ ਦੇ ਕਾਤਲਾਂ ਦੀ ਗਿਰਫ਼ਤਾਰੀ ਨਾ ਕੀਤੇ ਜਾਣ ਅਤੇ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਤੇ ਢਿੱਲੀ ਕਾਰਗੁਜ਼ਾਰੀ ਦੇ ਵਿਰੋਧ ਵਿਚ ਅੱਜ ਮੌੜ ਮੰਡੀ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਸਾਰੇ ਬਾਜ਼ਾਰ ਪੂਰਨ ਰੂਪ ਵਿਚ ਬੰਦ ਰਹੇ। ਅੱਜ ਸਵੇਰ ਤੋਂ ਹੀ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੇ ਵਿਰੋਧ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਮੰਡੀ ਵਾਸੀ ਦੁਕਾਨਾਂ ਬੰਦ ਰੱਖ ਕੇ ਕ੍ਰਿਸ਼ਨਾ ਮੰਦਿਰ ਮੌੜ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਇੱਕ ਮੀਟਿੰਗ ਕਰਨ ਉਪਰੰਤ ਬਜ਼ਾਰਾਂ ਵਿੱਚੋਂ ਰੋਸ ਮਾਰਚ ਕਰਦੇ ਹੋਏ ਥਾਣਾ ਮੌੜ ਅੱਗੇ ਪਹੁੰਚੇ ਅਤੇ ਧਰਨਾ ਲਗਾ ਦਿੱਤਾ। ਇਸ ਮੌਕੇ ਧਰਨਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਅਤੇ ਐਸ.ਐਚ.ਓ. ਮੌੜ ਇਕਬਾਲ ਖਾਨ ਖਿਲਾਫ਼ ਭਰਵੀਂ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਰਾਜੇਸ਼ ਜੈਨ ਸਾਬਕਾ ਪ੍ਰਧਾਨ, ਕਰਨੈਲ ਸਿੰਘ ਸਾਬਕਾ ਪ੍ਰਧਾਨ, ਐਡਵੋਕੇਟ ਅੰਮ੍ਰਿਤਪਾਲ ਪੰਪੀ, ਮਹਿੰਦਰਪਾਲ ਭਾਜਪਾ ਆਗੂ, ਤਰਸੇਮ ਕੁਮਾਰ, ਮੁਖਤਿਆਰ ਕੁੱਬੇ, ਸੁਰਜੀਤ ਸਿੰਘ ਸੰਦੋਹਾ ਆਦਿ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 13 ਜੂਨ 2015 ਨੂੰ ਸ਼ਹਿਰ ਦੇ ਇਸਤਰੀ ਭਵਨ ਕੋਲ ਰਮਣੀਕ ਕੁਮਾਰ ਪੁੱਤਰ ਬਿਰਜ਼ ਲਾਲ ਦੇ ਸਹੁਰੇ ਪਰਿਵਾਰ ਵੱਲੋਂ ਉਸ ਦੇ ਵੱਡੇ ਭਰਾ ਰਾਜਿੰਦਰ ਦੀ ਭਾਰੀ ਕੁੱਟਮਾਰ ਕਰਦੇ ਹੋਏ ਉਸ ਦਾ ਕਤਲ ਕਰ ਦਿੱਤਾ ਸੀ। ਪ੍ਰੰਤੂ ਮੌੜ ਦਾ ਪੁਲਿਸ ਪ੍ਰਸ਼ਾਸਨ ਪੀੜਤ ਪਰਿਵਾਰ ਦੀ ਗੱਲ ਸੁਣਨ ਦੀ ਬਜਾਏ ਲਗਾਤਾਰ ਉਸ ਨਾਲ ਭੱਦਾ ਵਿਵਹਾਰ ਕਰ ਰਿਹਾ ਸੀ ਅਤੇ ਇਸ ਕਤਲ ਦੇ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਨਾਲ ਮਿਲੀਭੁਗਤ ਹੋਣ ਕਰਕੇ ਉਨ੍ਹਾਂ ਦੀ ਗਿਰਫਤਾਰੀ ਕਰਨ ਵਿਚ ਹਮੇਸ਼ਾ ਹੀ ਟਾਲ-ਮਟੋਲ ਕਰ ਰਿਹਾ ਸੀ। ਜਿਸ ਕਾਰਨ ਮੰਡੀ ਵਾਸੀਆਂ ਦਾ ਗੁੱਸਾ ਦਿਨੋ-ਦਿਨ ਵਧਦਾ ਜਾ ਰਿਹਾ ਸੀ ਜਿਸਦੇ ਚਲਦੇ ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਦਾ ਰਾਹ ਅਪਣਾ ਲਿਆ।
ਧਰਨਾਕਾਰੀਆਂ ਦੇ ਲਗਾਤਾਰ ਵੱਧਦੇ ਗੁੱਸੇ, ਜੋਸ਼ ਅਤੇ ਇਕੱਠ ਨੂੰ ਵੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਿਸ ਦੇ ਚਲਦੇ ਡੀ.ਐਸ.ਪੀ. ਗੋਬਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਨਾਮਜ਼ਦ ਔਰਤ ਮਹਿੰਦਰ ਕੌਰ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਜਲਦ ਹੀ ਮਨੋਜ ਕੁਮਾਰ ਨੂੰ ਵੀ ਗਿਰਫ਼ਤਾਰ ਕਰ ਲੈਣਗੇ। ਪ੍ਰੰਤੂ ਧਰਨਕਾਰੀ ਐਸ.ਐਚ.ਓ. ਮੌੜ ਇਕਬਾਲ ਖਾਨ ਨੂੰ ਮੁਅੱਤਲ ਕਰਨ ਅਤੇ ਮਨੋਜ ਕੁਮਾਰ ਦੀ ਗਿਰਫ਼ਤਾਰੀ ਦੀ ਮੰਗ ਨੂੰ ਲੈ ਕੇ ਅੜੇ ਰਹੇ।
ਇਸ ਉਪਰੰਤ ਲੋਕ ਨਿਰਮਾਣ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਧਰਨਕਾਰੀਆਂ ਕੋਲ ਪੁੱਜੇ ਅਤੇ ਉਨ੍ਹਾਂ ਨੇ ਪੀੜਤ ਪਰਿਵਾਰ ਅਤੇ ਮੰਡੀ ਵਾਸੀਆਂ ਦੀ ਗੱਲਬਾਤ ਸੁਣਦੇ ਹੋਏ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਅਤੇ ਤੁਰੰਤ ਹੀ ਐਸ.ਐਚ.ਓ. ਮੌੜ ਦੀ ਬਦਲੀ ਕਰਵਾ ਕੇ ਮਨੋਜ ਕੁਮਾਰ ਦੀ ਦੋ ਦਿਨਾਂ ਵਿਚ ਗਿਰਫ਼ਤਾਰੀ ਦਾ ਭਰੋਸਾ ਦਿਵਾਇਆ ਅਤੇ ਧਰਨਾ ਚੁਕਵਾ ਦਿੱਤਾ। ਇਸ ਉਪਰੰਤ ਤੁਰੰਤ ਹੀ ਥਾਣਾ ਮੌੜ ਵਿਖੇ ਨਵੇਂ ਐਸ.ਐਚ.ਓ. ਸੰਦੀਪ ਸਿੰਘ ਨੇ ਚਾਰਜ ਸੰਭਾਲਲਿਆ। ਇਸ ਉਪਰੰਤ ਧਰਨਕਾਰੀਆਂ ਨੇ ਧਰਨਾ ਚੁੱਕ ਦਿੱਤਾ ਅਤੇ ਇਸ ਸੰਘਰਸ਼ ਨੂੰ ਅੱਗੇ ਵਧਾਉਣ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ 11 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ। ਇਸ ਮੌਕੇ ਸੈਕੜਿਆਂ ਦੀ ਗਿਣਤੀ ਵਿੱਚ ਧਰਨਕਾਰੀ ਮੌਜੂਦ ਸਨ। ਇਸ ਮੌਕੇ ਪਰਿਵਾਰ ਵੱਲੋਂ ਸਮੂਹ ਮੰਡੀ ਨਿਵਾਸੀਆਂ ਦਾ ਇਸ ਇਨਸਾਫ਼ ਦੀ ਲੜਾਈ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।



