ਫਤਹਿਗੜ੍ਹ ਸਾਹਿਬ, 29 ਜੂਨ 2015
ਸ. ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਪੰਜਾਬ ਮੰਡੀ ਬੋਰਡ ਜੀਓ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ॥
ਅੱਜ ਮੈਂ ਅੰਗਰੇਜੀ ਟ੍ਰਿਬਿਊਨ ਦੇ ਪਹਿਲੇ ਪੰਨੇ ‘ਤੇ ਆਪ ਜੀ ਵੱਲੋਂ ਬਤੌਰ ਮੰਡੀ ਕਰਨ ਬੋਰਡ ਪੰਜਾਬ ਚੇਅਰਮੈਨ ਦੇ ਆਹੁਦੇ ‘ਤੇ ਹੁੰਦਿਆਂ ਆਲਾਸ਼ੀਨ, ਐਸ਼ੋ-ਇਸ਼ਰਤ ਵਾਲੇ ਵੱਡੇ ਖਰਚਿਆਂ ਦੇ ਸੰਬੰਧ ਵਿਚ ਖਬਰ ਪੜ੍ਹੀ, ਜਿਸ ਨੂੰ ਪੜ੍ਹ ਕੇ ਮੇਰੇ ਮਨ ਆਤਮਾ ਵਿਚ ਆਪ ਜੀ ਵੱਲੋਂ 1992 ਦੀਆਂ ਪੰਜਾਬ ਦੀਆਂ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੇ ਸੰਬੰਧ ਵਿਚ ਬਾਈਕਾਟ ਕਰਵਾਉਣ ਦੀਆਂ ਕਾਰਵਾਈਆਂ ਦੀ ਪੂਰੀ ਤਸਵੀਰ ਮੇਰੇ ਸਾਹਮਣੇ ਆ ਗਈ। ਆਪ ਜੀ ਨੂੰ ਯਾਦ ਹੋਵੇਗਾ ਕਿ ਆਪ ਜੀ ਨੇ ਬੱਬਰ ਖਾਲਸਾ, ਪੰਥਕ ਕਮੇਟੀ ਜਿਸ ਵਿਚ ਆਪ ਜੀ , ਕਰਨਲ ਜਸਮੇਰ ਸਿੰਘ ਬਾਲਾ, , ਆਰ ਪੀ ਸਿੰਘ, ਵਿਰਸਾ ਸਿੰਘ ਵਲਟੋਹਾ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੇਰੇ ਘਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਆ ਕੇ ਉਪਰੋਕਤ 1992 ਵਾਲੀਆਂ ਚੋਣਾਂ ਦਾ ਬਾਈਕਾਟ ਕਰਵਾਇਆ ਸੀ। ਸ. ਪ੍ਰਕਾਸ਼ ਸਿੰਘ ਬਾਦਲ ਵੀ ਚੋਣਾਂ ਦਾ ਬਾਈਕਾਟ ਕਰਵਾਉਣ ਲਈ ਮੈਨੂੰ ਦੋ ਵਾਰ ਮਿਲਣ ਲਈ ਮੇਰੇ ਉਪਰੋਕਤ ਪਿੰਡ ਸ. ਹਰਨਾਮ
ਸਿੰਘ ਵਿਖੇ ਆਏ । ਮੇਰੇ ਬਾਪੂ ਜੀ ਕਰਨਲ ਜੋਗਿੰਦਰ ਸਿੰਘ ਮਾਨ ਵੀ ਆਪ ਜੀ ਨੂੰ ਉਸ ਸਮੇਂ ਮਿਲੇ ਸਨ। ਉਹਨਾਂ ਨੇ ਬੇਨਤੀ ਕੀਤੀ ਸੀ ਕਿ ਅਮਰੀਕਾ, ਚੀਨ ਅਤੇ ਪਾਕਿਸਤਾਨ ਦੇ ਮੁਲਕ 1992 ਦੀਆਂ ਪੰਜਾਬ ਦੀਆਂ ਚੋਣਾਂ ਦਾ ਬਾਈਕਾਟ ਕਰਵਾਊਣ ਦੇ ਹੱਕ ਵਿਚ ਨਹੀਂ ਹਨ। ਪਰ ਆਪ ਜੀ ਅਤੇ ਦੂਸਰੀਆਂ ਜਥੇਬੰਦੀਆਂ ਨੇ ਹੱਠੀ ਅਤੇ ਜ਼ਿੱਦੀ ਸੋਚ ਨਾਲ ਇਹਨਾਂ ਚੋਣਾਂ ਦਾ ਬਾਈਕਾਟ ਕਰਵਾਇਆ ਸੀ। ਜਦੋਂ ਕਿ ਮੈਂ ਸਮਝਦਾ ਸੀ ਕਿ ਇਹਨਾਂ ਚੋਣਾਂ ਦਾ ਬਾਈਕਾਟ ਕਰਕੇ ਅਸੀਂ ਆਪਣੇ ਕੌਮੀ ਮਿਸ਼ਨ ਦੀ ਲਗਾਮ ਦੁਸ਼ਮਣਾਂ ਦੇ ਹੱਥ ਵਿਚ ਦੇ ਰਹੇ ਹਾਂ ਅਤੇ ਉਹ ਸਜਿਸ਼ੀ ਢੰਗਾਂ ਦੀ ਵਰਤੋਂ ਕਰਕੇ ਸਾਡੇ ਮਿਸ਼ਨ ਨੂੰ ਵੀ ਕੌਮਾਂਤਰੀ ਪੱਧਰ ਉਤੇ ਬਦਨਾਮ ਕਰਨਗੇ ਅਤੇ ਇਹਨਾਂ ਨੇ ਸਿੱਖ ਕੌਮ ਅਤੇ ਖਾਲਿਸਤਾਨੀ ਜਥੇਬੰਦੀਆਂ ਦੀ ਮਾਰਧਾੜ ਕਰ ਦੇਣੀ ਹੈ। ਪਰ ਦੁੱਖ ਅਤੇ ਅਫ਼ਸੋਸ ਹੈ ਕਿ ਆਪ ਜੀ ਅਤੇ ਦੂਸਰੀਆਂ ਜਥੇਬੰਦੀਆਂ ਪਤਾ ਨਹੀਂ ਕਿਹੜੇ ਘੋੜੇ ‘ਤੇ ਸਵਾਰ ਸੀ ਕਿ ਆਪ ਜੀ ਸਭ ਬਾਈਕਾਟ ਕਰਵਾਉਣ ‘ਤੇ ਅੜੇ ਰਹੇ ਅਤੇ ਕਰਵਾ ਕੇ ਹਟੇ। ਜੋ ਉਸ ਉਪਰੰਤ ਕੌਮੀ ਸੋਚ, ਸਿੱਖਾਂ ਅਤੇ ਖਾਲਿਸਤਾਨੀਆਂ ਦਾ ਅਪਮਾਨ ਅਤੇ ਕਤਲੇਆਮ ਹੋਇਆ ਉਸ ਤੋਂ ਆਪ ਭਲੀ ਭਾਂਤ ਜਾਣੂੰ ਹੀ ਹੋ। ਇਸ ਦਾ ਸਾਫ਼ ਮਤਲਬ ਹੈ ਕਿ ਆਪ ਜੀ ਸਾਰੇ ਨੁਮਾਇੰਦੇ ਮੇਰੇ ਕੋਲ ਬਤੌਰ ਖਾਲਿਸਤਾਨੀ ਜਥੇਬੰਦੀਆਂ ਦੇ ਤੌਰ ‘ਤੇ ਆਏ ਸੀ। ਉਸ ਸਮੇਂ ਬੱਬਰ ਖਾਲਸਾ ਆਪਣੇ ਤੌਰ ‘ਤੇ ਵਿਚਰ ਰਿਹਾ ਸੀ ਅਤੇ ਪੰਥਕ ਕਮੇਟੀ ਆਪਣੇ ਤੌਰ ‘ਤੇ ਸ. ਦਲਜੀਤ ਸਿੰਘ ਬਿੱਟੂ ਜੋ ਪੰਥਕ ਕਮੇਟੀ ਦੀ ਅਗਵਾਈ ਕਰਦੇ ਸੀ, ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਚੋਣਾਂ ਦਾ ਹਰ ਕੀਮਤ ਉਤੇ ਬਾਈਕਾਟ ਹੋਣਾ ਚਾਹੀਦਾ ਹੈ। ਜਦੋਂ ਕਿ ਸ. ਬਿੱਟੂ ਪਾਕਿਸਤਾਨ ਵਿਚ ਸਨ। ਪਾਕਿਸਤਾਨ ਹਕੂਮਤ ਤਾਂ ਚੋਣਾਂ ਲੜਨ ਦੇ ਹੱਕ ਵਿਚ ਸੀ। ਜਿਸ ਦਾ ਮਤਲਬ ਹੈ ਕਿ ਸ. ਬਿੱਟੂ ਇਧਰ ਭਾਰਤ ਵਿਚ ਲੰਘ ਆਏ ਸਨ। ਇਸੇ ਤਰ੍ਹਾਂ ਸ. ਜਗਜੀਤ ਸਿੰਘ ਚੌਹਾਨ, ਗੁਰਬਸਨ ਸਿੰਘ ਮਾਨੋਚਾਹਲ, ਸ. ਗੁਰਜੰਟ ਸਿੰਘ ਰਾਜਸਥਾਨੀ ਚੋਣਾਂ ਲੜਨ ਦੇ ਹੱਕ ਵਿਚ ਸਨ। ਬੱਬਰ ਖਾਲਸਾ ਅਤੇ ਪੰਥਕ ਕਮੇਟੀ ਜਿਸ ਦੇ ਮੁੱਖੀ ਡਾ. ਸੋਹਣ ਸਿੰਘ ਸਨ। ਇਹ ਚੋਣਾਂ ਦੇ ਬਾਈਕਾਟ ਦੇ ਹੱਕ ਵਿਚ ਸਨ। ਸ. ਬਿੱਟੂ ਦੇ ਪਿੱਛੇ ਉਸ ਸਮੇਂ ਦੇ ਪੰਜਾਬੀ ਟ੍ਰਿਬਿਊਨ ਦੇ ਨਾਮਾ ਨਿਗਾਰ ਸ. ਕਰਮਜੀਤ ਸਿੰਘ ਸਨ, ਜੋ ਅਸਲੀਅਤ ਵਿਚ ਪੰਥਕ ਕਮੇਟੀ ਦੀ ਕਾਰਵਾਈ ਨੂੰ ਚਲਾਉਂਦੇ ਸਨ ਅਤੇ ਉਹਨਾਂ ਦੀ ਪਾਲਿਸੀ ਬਣਾਉਂਦੇ ਸਨ। ਜੇਕਰ ਅਸੀਂ ਇਹ ਚੋਣਾਂ ਲੜਨ ਦਾ ਐਲਾਨ ਕਰਦੇ ਤਾਂ ਸਿੱਖ ਕੌਮ ਵਿਚ ਖਾਨਾਜੰਗੀ ਸ਼ੁਰੂ ਹੋ ਜਾਣੀ ਸੀ, ਜਿਸ ਦੇ ਨਤੀਜੇ ਸਿੱਖ ਕੌਮ ਲਈ ਹੋਰ ਵੀ ਮਾਰੂ ਸਾਬਿਤ ਹੋਣੇ ਸਨ। ਇਸ ਲਈ ਅਸੀਂ 1992 ਦੀਆਂ ਚੋਣਾਂ ਦਾ ਇਸ ਕਰਕੇ ਬਾਈਕਾਟ ਕੀਤਾ ਤਾਂ ਕਿ ਸਿੱਖ ਕੌਮ ਵਿਚ ਭਰਾ ਮਾਰੂ ਜੰਗ (ਖਾਨਾਜੰਗੀ) ਸ਼ੁਰੂ ਨਾ ਹੋ ਸਕੇ।
ਹੁਣ ਜੋ ਅਖ਼ਬਾਰਾਂ ਵਿਚ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਅਤੇ ਹੋਰ ਵਜੀਰਾਂ ਦੀ ਤਰ੍ਹਾਂ ਆਨੰਦਮਈ ਸਿਆਸੀ ਜੀਵਨ ਬਿਤਾਉਣ ਦੇ ਵੱਡੇ ਖਰਚਿਆਂ ਦਾ ਵੇਰਾਵਾ ਅਖ਼ਬਾਰਾਂ ਵਿਚ ਆਪ ਜੀ ਦਾ ਨਸ਼ਰ ਹੋਇਆ ਹੈ, ਇਹ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਪੰਜਾਬ ਦੇ ਬਾਕੀ ਵਜੀਰ ਜਿਵੇਂ ਸਰਕਾਰੀ ਖਜ਼ਾਨੇ ਦੀ ਅਤੇ ਸਹੂਲਤਾਂ ਦੀ ਦੁਰਵਰਤੋਂ ਕਰਕੇ ਗੁਲਛਰੇ ਉੜਾਉਂਦੇ ਹਨ, ਉਸੇ ਤਰ੍ਹਾਂ ਆਪ ਜੀ ਵੀ ਉਹਨਾਂ ਦੀ ਤਰ੍ਹਾਂ ਗੁਲਛਰੇ ਉੜਾਉਂਦੇ ਹੋ ਅਤੇ ਐਸ਼ੋ-ਇਸ਼ਰਤ ਦੀ ਜਿੰਦਗੀ ਬਤੀਤ ਕਰ ਰਹੇ ਹੋ। ਉਸ ਸਮੇਂ ਚੋਣਾਂ ਦੇ ਬਾਈਕਾਟ ਮਕਸਦ ਨੂੰ ਲੈ ਕੇ ਮੇਰੇ ਕੋਲ ਆਉਣ ਵਾਲਿਆਂ ਵਿਚ ਅਤੇ ਜੋਰ ਪਾਉਣ ਵਾਲਿਆਂ ਵਿਚ ਆਪ ਜੀ ਸਭ ਤੋਂ ਪਹਿਲਾਂ ਸੀ। ਜਦੋਂ ਮਰਹੂਮ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਪੰਜਾਬ ਵਿਚ ਬਣ ਗਈ, ਜਿਸ ਲਈ ਇਹਨਾਂ ਚੋਣਾਂ ਦਾ ਬਾਈਕਾਟ ਕਰਵਾਇਆ ਗਿਆ ਸੀ ਤਾਂ ਆਪ ਜੀ ਸਭ ਤੋਂ ਪਹਿਲੇ ਸੱਜਣ ਸਾਹਮਣੇ ਆਏ ਜਿਹਨਾਂ ਨੇ ਸਿੱਖ ਕੌਮ ਦੇ ਕਾਤਲ ਬੇਅੰਤ ਸਿੰਘ ਨਾਲ ਸਭ ਤੋਂ ਪਹਿਲਾਂ ਮੁੱਖ ਮੰਤਰੀ ਬਣਨ ‘ਤੇ ਜਾ ਕੇ ਹੱਥ ਮਿਲਾਏ ਸਨ। ਆਪ ਜੀ ਦੇ ਇਸ ਵਰਤਾਰੇ ਤੋਂ ਮੈਨੂੰ ਭਾਗਲਪੁਰ ਜੇਲ੍ਹ ਵਿਚ ਹੁੰਦਿਆਂ ਦੀ ਇਕ ਗੱਲ ਅੱਜ ਚੇਤੇ ਆ ਰਹੀ ਹੈ ਕਿ ਭਾਗਲਪੁਰ ਜੇਲ੍ਹ ਵਿਚ ਜੋ ਹਵਾਲਾਤੀਆਂ ਅਤੇ ਕੈਦੀਆਂ ਨੂੰ ਰਸਦ ਭੇਜੀ ਜਾਂਦੀ ਹੈ, ਉਸਦਾ ਜੇਲ੍ਹ ਵਿਚ ਇਕ ਗੋਦਾਮ ਹੁੰਦਾ ਹੈ , ਜਿਸ ਦਾ ਇਕ ਇੰਚਾਰਜ ਹੁੰਦਾ ਹੈ, ਜਿਸ ਨੂੰ ‘‘ਗੋਦਾਮੀ ਬਾਬੂ ਕਿਹਾ ਜਾਂਦਾ ਹੈ। ਜਿਸ ਦੇ ਰਾਹੀਂ ਸਮੁੱਚੇ ਕੈਦੀਆਂ ਨੂੰ ਸਾਰਾ ਖਾਣ ਪੀਣ ਅਤੇ ਹੋਰ ਸਮਾਨ ਦਿੱਤਾ ਜਾਂਦਾ ਹੈ। ਇਸ ਗੋਦਾਮ ਦਾ ਜੋ ਵੀ ਇੰਚਾਰਜ ਹੁੰਦਾ ਹੈ ਉਹ ਹਰ ਸਾਲ ਬਦਲ ਦਿੱਤਾ ਜਾਂਦਾ ਹੈ। ਇਕ ਸਾਲ ਅਜਿਹਾ ਆਇਆ ਕਿ ਘੱਟ ਗਿਣਤੀ ਕੌਮ ਨਾਲ ਸੰਬੰਧਤ ਗੋਦਾਮੀ ਬਾਬੂ ਤਾਇਨਾਤ ਹੋਇਆ। ਕਿਉਂਕਿ ਮੈਂ ਬਗਾਵਤ ਦੇ ਕੇਸ ਵਿਚ ਭਾਗਲਪੁਰ ਜੇਲ੍ਹ ਵਿਚ ਡੱਕਿਆ ਹੋਇਆ ਸੀ ‘ਤੇ ਉਥੋਂ ਦੇ ਜੇਲ੍ਹ ਦੇ ਸਭ ਅਧਿਕਾਰੀਆਂ ਅਤੇ ਕੈਦੀਆਂ ਨੂੰ ਪਤਾ ਸੀ ਕਿ ਮੈਂ ਸਿੱਖ ਕੌਮ ਅਤੇ ਮਨੁੱਖਤਾ ਲਈ ਇਕ ਵੱਖਰਾ ਮੁਲਕ ਖਾਲਿਸਤਾਨ ਦਾ ਹਾਮੀ ਹਾਂ। ਇਸ ਲਈ ਹੀ ਇਹ ਗੋਦਾਮੀ ਬਾਬੂ ਘੱਟ ਗਿਣਤੀ ਕੌਮ ਨਾਲ ਸੰਬੰਧਤ ਹੋਣ ਦੀ ਬਦੌਲਤ ਮੇਰੀ ਇੱਜਤ ਕਰਦਾ ਸੀ। ਜਦੋਂ ਕਿ ਜੇਲ੍ਹ ਨੂੰ ਸਮਾਨ ਸਪਲਾਈ ਕਰਨ ਵਾਲੇ ਠੇਕੇਦਾਰ ਤੋਂ ਇਹ ਬਾਬੂ ਮੋਟਾ ਕਮੀਸ਼ਨ ਵੀ ਖਾਂਦਾ ਸੀ, ਜੋ ਕਿ ਸਰਕਾਰੀ ਅਫ਼ਸਰਾਂ ਵੱਲੋਂ ਅਜਿਹੀ ਰਿਸ਼ਵਤ ਲੈਣੀ ਗੈਰ ਕਾਨੂੰਨੀ ਅਤੇ ਵੱਡਾ ਗੁਨਾਹ ਹੈ। ਮੇਰੀ ਇੱਜਤ ਕਰਨ ਕਰਕੇ ਉਹ ਵੇਲੇ-ਕੁਵੇਲੇ ਮੇਰੇ ਹਿੱਸੇ ਦੀ ਰਸਦ ਦੇ ਵਿਚ ਕੁੱਝ ਚੰਗੀਆਂ ਚੀਜ਼ਾਂ ਭੇਜ ਦਿੰਦਾ ਸੀ। ਇਕ ਦਿਨ ਮੈਂ ਉਸਨੂੰ ਪੁੱਛਿਆ ਕਿ ਤੁਸੀਂ ਇਸ ਆਹੁਦੇ ਉਤੇ ਬੈਠੇ ਹੋਏ ਠੇਕੇਦਾਰ ਤੋਂ ਰਿਸ਼ਵਤ ਕਿਊਂ ਲੈਂਦੇ ਹੋ? ਉਸਨੇ ਜਵਾਬ ਦਿੱਤਾ ‘‘ਕਿ ਮਾਨ ਬਾਬੂ (ਜੇਲ੍ਹ ਵਿਚ ਮੈਂ ਇਸ ਨਾਮ ਨਾਲ ਜਾਣਿਆ ਜਾਂਦਾ ਸੀ) ਕਿ ਸੱਚ ਤਾਂ ਇਹ ਹੈ ਕਿ ਇਹ ਮੇਰਾ ਮੁਲਕ ਨਹੀਂ ਹੈ, ਇਸ ਕੋ ਜਿਤਨਾ ਲੂਟ ਲੇਂ ਉਤਨਾ ਕਮ ਹੈੂ। ਹੁਣ ਗੱਲ ਇਥੇ ਆਉਂਦੀ ਹੈ ਕਿ ਤੁਸੀਂ ਵੀ ਉਸ ਗੋਦਾਮੀ ਬਾਬੂ ਦੀ ਤਰ੍ਹਾਂ ਜਿਹੜੀ ਸਰਕਾਰੀ ਖਜ਼ਾਨੇ ਦੀ ਲੁੱਟ-ਖਸੁੱਟ ਕਰਦੇ ਹੋ ਉਹ ਹਿੰਦੂ ਭਾਰਤ ਨੂੰ ਕਮਜ਼ੋਰ ਹੀ ਕਰਦੀ ਹੈ। ਇਕ ਕਿਸਮ ਦਾ ਜਿਹਨਾਂ ਲੋਕਾਂ ਦੀ ਇਸ ਮੁਲਕ ਨਾਲ ਵਫਾਦਾਰੀ ਅਤੇ ਇਤਬਾਰ ਬਣਿਆ ਹੋਇਆ ਹੈ ਉਸਨੂੰ ਤੋੜਨ ਦੀ ਹੀ ਭੂਮਿਕਾ ਨਿਭਾਅ ਰਹੇ ਹੋ। ਇਸ ਕਰਕੇ ਮੈਂ ਸਮਝਦਾ ਹਾਂ ਕਿ ਤੁਸੀਂ ਬੇਸ਼ੱਕ ਸਿੱਧੇ ਰੂਪ ਵਿਚ ਖਾਲਿਸਤਾਨ ਦੀ ਗੱਲ ਨਹੀਂ ਕਰ ਰਹੇ , ਪਰ ਅਸਲੀਅਤ ਵਿਚ ਟੇਢੇ ਢੰਗ ਨਾਲ ਖਾਲਿਸਤਾਨ ਅਤੇ ਕੌਮੀ ਸੋਚ ਨੂੰ ਮਜ਼ਬੂਤ ਅਤੇ ਹਿੰਦੂਤਵ ਤਾਕਤਾਂ ਨੂੰ ਕਮਜ਼ੋਰ ਕਰਨ ਵਿਚ ਹੀ ਲੱਗੇ ਹੋਏ ਹੋ।
ਇਸੇ ਤਰ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ , ਮਰਹੂਮ ਗੁਰਚਰਨ ਸਿੰਘ ਟੌਹੜਾ, ਅਤੇ 22 ਦਸੰਬਰ 1992 ਦੇ ਉਸ ਸਮੇਂ ਦੇ ਸਮੁੱਚੇ ਪੰਥਕ ਆਗੂਆਂ ਨੇ ਖਾਲਿਸਤਾਨ ਨੂੰ ਕਾਇਮ ਕਰਨ ਦੀ ਮੰਗ ਕਰਦੇ ਹੋਏ ਦਿੱਲੀ ਵਿਖੇ ਯੂ. ਐਨ. ਓ ਦੇ ਸਕੱਤਰ ਜਰਨਲ ਸ਼੍ਰੀ ਬੁਟਰੋਸ ਬੁਟਰੋਸ ਘਾਲੀ ਨੂੰ ਦਿੱਤੇ ਗਏ ਯਾਦ ਪਤੱਰ ਉਤੇ ਦਸਤਖ਼ਤ ਕੀਤੇ ਸਨ ਅਤੇ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ, ਸ. ਸੁਰਜੀਤ ਸਿੰਘ ਬਰਨਾਲਾ, ਗੁਰਚਰਨ ਸਿੰਘ ਟੌਹੜਾ, ਕਰਨਲ ਜਸਮੇਰ ਸਿੰਘ ਬਾਲਾ, ਜਗਦੇਵ ਸਿੰਘ ਤਲਵੰਡੀ, ਮਨਜੀਤ ਸਿੰਘ ਭੁਰੇਕੋਨਾ ਅਤੇ ਦਾਸ (ਸਿਮਰਨਜੀਤ ਸਿੰਘ ਮਾਨ) ਜਿਹਨਾਂ ਨੇ 1 ਮਈ 1994 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਸਥਾਨ ਉਤੇ ਪ੍ਰਣ ਕਰਦੇ ਹੋਏ ‘‘ਅੰਮ੍ਰਿਤਸਰ ਐਲਾਨਨਾਮੇੂ ਉਤੇ ਦਸਤਖ਼ਤ ਕੀਤੇ ਸਨ। ਇਹ ਭਲੇ ਹੀ ਆਪਣੇ ਸਿਆਸੀ ਅਤੇ ਮਾਲੀ ਕਾਰਨਾਂ ਕਰਕੇ ਹੁਣ ਸਿੱਧੇ ਰੂਪ ਵਿਚ ਕੌਮੀ ਮੰਜਿਲ ਨੂੰ ਸਾਥ ਨਾਂ ਦੇ ਰਹੇ ਹੋਣ ਪਰ ਵੱਡੀਆਂ ਰਿਸ਼ਵਤਾਂ ਪ੍ਰਾਪਤ ਕਰਕੇ ਅਤੇ ਹਿੰਦ ਅਤੇ ਪੰਜਾਬ ਦੇ ਖਜ਼ਾਨਿਆਂ ਨੂੰ ਲੁੱਟ ਕੇ ਅਸਲੀਅਤ ਵਿਚ ਇਸ ਹਿੰਦੂਤਵ ਘੱਟ ਗਿਣਤੀ ਕੌਮਾਂ ਵਿਰੋਧੀ ਹਕੂਮਤ ਅਤੇ ਹੁਕਮਰਾਨਾਂ ਨੂੰ ਖੋਖਲਾ ਕਰ ਰਹੇ ਹਨ, ਜੋ ਕਿ ਸਾਡੀ ਬਰਾਦਰੀ (ਖਾਲਿਸਤਾਨੀ) ਦੇ ਹੀ ਹਨ। ਇਸੇ ਤਰ੍ਹਾਂ ਵਿਦੇਸ਼ ਵਜੀਰ ਸੁਸ਼ਮਾ ਸਵਰਾਜ, ਵਸੁੰਧਰਾ ਰਾਜੇ ਮੁੱਖ ਮੰਤਰੀ ਰਾਜਸਥਾਨ ਜੋ ਰਿਸ਼ਵਤਾਂ ਅਤੇ ਗਬਨ ਕਰਕੇ ਹਕੂਮਤੀ ਖਜ਼ਾਨੇ ਨੂੰ ਲੁੱਟ ਰਹੇ ਹਨ। ਇਹ ਵੀ ਹਿੰਦੂਤਵ ਹਕੂਮਤ ਨੂੰ ਅਸਲ ਵਿਚ ਕਮਜ਼ੋਰ ਹੀ ਕਰ ਰਹੇ ਹਨ। ਇਹੀ ਕਾਰਨ ਹੈ ਕਿ ਅੱਜ ਹਿੰਦੂ ਹੁਕਮਰਾਨ ਬੇਸ਼ੱਕ ਬਰਮਾ ਵਰਗੇ ਕਮਜ਼ੋਰ ਮੁਲਕ ਵਿਚ ਤਾਂ ਕੋਈ ਕਾਰਵਾਈ ਕਰ ਸਕਦਾ ਹੈ , ਲੇਕਿਨ ਚੀਨ ਅਤੇ ਪਾਕਿਸਤਾਨ ਵਿਚ ਅਜਿਹੀ ਕਾਰਵਾਈ ਕਰਨ ਦਾ ਹਿੰਦੂ ਹੁਕਮਰਾਨ ਹੌਂਸਲਾ ਨਹੀਂ ਕਰ ਸਕਦੇ। ਕਿਉਂਕਿ ਸ. ਬਾਦਲ, ਬਰਨਾਲਾ, ਕੈਪਟਨ ਅਮਰਿੰਦਰ ਸਿੰਘ ਅਤੇ ਆਪ ਜੈਸਿਆਂ ਨੇ ਖਜ਼ਾਨੇ ਦੀ ਲੁੱਟ ਖਸੁੱਟ ਕਰਕੇ ਅਤੇ ਇਹਨਾਂ ਦੇ ਸਿਸਟਮ ਨੂੰ ਫੇਲ੍ਹ ਕਰਕੇ ਕਮਜ਼ੋਰ ਕਰ ਰਹੇ ਹੋ ਅਤੇ ਇਹ ਹਿੰਦੂਤਵ ਹੁਕਮਰਾਨ ਦਿਨ ਬ ਦਿਨ ਨਿਘਾਰ ਵੱਲ ਜਾ ਰਹੇ ਹਨ। ਜੋ ਸਾਡੇ ਕੌਮੀ ਮਿਸ਼ਨ ਦੀ ਪ੍ਰਾਪਤੀ ਦੇ ਹੱਕ ਵਿਚ ਜਾਂਦਾ ਹੈ।
ਇਥੋਂ ਤੱਕ ਸਭ ਦਮਦਮੀ ਟਕਸਾਲਾਂ, ਸੰਤ ਸਮਾਜ, ਡੇਰੇਦਾਰ, ਫੈਡਰੇਸ਼ਨਾ ਆਦਿ ਜਥੇਬੰਦੀਆਂ ਵੀ ਕਿਸੇ ਨਾਂ ਕਿਸੇ ਰੂਪ ਵਿਚ ਆਪਣੀ ਸਵਾਰਥੀ ਸੋਚ ਦੀਆਂ ਗੁਲਾਮ ਬਣ ਕੇ ਇਹਨਾਂ ਦੇ ਖਜ਼ਾਨੇ ਨੂੰ ਹੀ ਚਿੰਮੜੀਆਂ ਹੋਈਆਂ ਹਨ। ਗੁਰੂ ਨਾਨਕ ਸਾਹਿਬ ਦੀ ਬਾਬਰ-ਜਾਬਰ ਵਿਰੁੱਧ ਸੰਘਰਸ਼ ਕਰਨ ਵਾਲੀ ਸੋਚ ਨੂੰ ਛੱਡ ਗਏ ਹਨ ਅਤੇ ਜਾਬਰ ਹਾਕਮਾਂ ਨਾਲ ਯਾਰੀ ਲਗਾ ਲਈ ਹੈ। ਜਦੋਂ ਕਿ ਅਕਾਲੀ ਦਲ ਵੱਲੋਂ ਸਿੱਖਾਂ ਦੇ ਮਜ੍ਹਬ, ਕੌਮੀ ਸੋਚ ਅਤੇ ਝੰਡੇ-ਬੁੰਗਿਆਂ ਨੂੰ ਬੁਲੰਦੀ ਵੱਲ ਲਿਜਾਣ ਦੀ ਜਿੰਮੇਵਾਰੀ ਹੈ। ਕਿਉਂ ਕਿ ਗੁਰੁ ਨਾਨਕ ਸਾਹਿਬ ਨੇ ਭਾਈ ਲਾਲੋ ਵਾਲੀ ਸੋਚ ਨੂੰ ਮਜਬੂਤ ਕੀਤਾ ਅਤੇ ਮਲਿਕ ਭਾਗੋਆਂ ਦੀ ਸੋਚ ਦਾ ਵਿਰੋਧ ਕੀਤਾ ਸੀ, ਲੇਕਿਨ ਆਪ ਸਭ ਮਲਿਕ ਭਾਗੋਆਂ ਦੇ ਨਾਲ ਇਕਮਿਕ ਹੋ ਚੁੱਕੇ ਹੋ। ਇਹੀ ਵਜ੍ਹਾ ਹੈ ਕਿ ਇਹ ਸਭ ਮਾਲੀ ਅਤੇ ਸਿਆਸੀ ਫਾਇਦਿਆਂ ਲਈ ਹਿੰਦੂਤਵ ਭਾਰਤ ਦੇ ਨੇੜੇ ਹੋ ਰਹੇ ਹਨ, ਜਿਸ ਕਾਰਨ ਲੁੱਟ ਖਸੁੱਟ ਅਤੇ ਜਬਰ ਦੀ ਗਤੀ ਤੇਜ਼ ਹੁੰਦੀ ਜਾ ਰਹੀ ਹੈ। ਜੋ ਯੋਗਾ ਅਤੇ ਸੂਰਜ ਪੂਜਾ ਦੇ ਪ੍ਰੋਗਰਾਮਾਂ ਤਹਿਤ 21 ਜੂਨ 2015 ਨੂੰ ਆਪ ਸਭਨਾਂ ਨੇ ਇਹਨਾਂ ਹਿੰਦੂਤਵ ਤਾਕਤਾਂ ਨੂੰ ਸਾਥ ਦਿੱਤਾ ਹੈ, ਜੋ ਕਿ ਇਖਲਾਕੀ ਤੌਰ ‘ਤੇ ਅਫ਼ਸੋਸਨਾਕ ਹੈ ਪਰ ਅਜਿਹੀਆਂ ਕਾਰਵਾਈਆਂ ਵੀ ਹਿੰਦੂਤਵ ਹੁਕਮਰਾਨਾ ਨੂੰ ਹੋਰ ਨਿਘਾਰ ਵੱਲ ਲਿਜਾ ਰਹੀਆਂ ਹਨ। ਕਿਊਂਕਿ ਲੁੱਟ-ਖਸੁੱਟ ਦੇ ਹਮਾਮ ਵਿਚ ਹਿੰਦੂਤਵ ਹੁਕਮਰਾਨ ਅਤੇ ਆਪ ਸਭ ਨੰਗੇ ਖੜ੍ਹੇ ਹੋ ਜਿਸ ਨਾਲ ਇਹਨਾਂ ਸਭ ਦੀ ਅਕਲ ‘ਤੇ ਪਰਦਾ ਪੈ ਜਾਣਾ ਹੈ। ਕਿਉਂਕਿ ਆਪ ਸਭ ਉ¤ਡਣੇ ਕਬੂਤਰਾਂ ਦੀ ਤਰ੍ਹਾਂ ਹੀ ਹੋ ਜਿਹਨਾਂ ਨੇ ਤ੍ਰਿਕਾਲਾਂ ਨੂੰ ਆਪਣੇ ਬਨੇਰੇ ‘ਤੇ ਹੀ ਆ ਕੇ ਬੈਠਣਾ ਹੈ ਅਤੇ ਆਪ ਸਭਨਾਂ ਵੱਲੋਂ ਲੁੱਟੇ ਹੋਏ ਖਜ਼ਾਨੇ ਨੇ, ਉਸੇ ਤਰ੍ਹਾਂ ਖਾਲਿਸਤਾਨ ਨੂੰ ਕਾਇਮ ਕਰਨ ਵਿਚ ਕੰਮ ਆਉਣਾ ਹੈ ਜਿਵੇਂ ਗਾਂਧੀ ਨੂੰ ਆਜ਼ਾਦੀ ਲਈ ਬਿਰਲੇ ਵਰਗੇ ਧਨਾਢਾਂ ਦੀ ਮਦਦ ਮਿਲਦੀ ਰਹੀ ਹੈ। ਕਿਉਂਕਿ ਹਿੰਦੂਤਵ ਹੁਕਮਰਾਨਾਂ ਅਤੇ ਆਪ ਜੈਸੇ ਅਨੰਦਮਈ ਜੀਵਨ ਬਤੀਤ ਕਰਨ ਵਾਲਿਆਂ ਨੇ ਖਾਲਿਸਤਾਨੀ ਮਿਸ਼ਨ ਨੂੰ ਤਾਕਤ ਦੇਣ ਵਿਚ ਹੀ ਭੂਮਿਕਾ ਨਿਭਾਉਣੀ ਹੈ। ਜੋ ਕਿ ਹਰ ਕੀਮਤ ਉਤੇ ਅਵੱਸ਼ ਕਾਇਮ ਹੋ ਕੇ ਰਹੇਗਾ।
ਇਸ ਲਈ ਅਜਿਹੀਆਂ ਗੈਰ ਇਖਲਾਕੀ ਅਤੇ ਗੈਰ ਕਾਨੂੰਨੀ ਅਮਲਾਂ ਦੇ ਬੇਸ਼ੱਕ ਅਸੀਂ ਬਿਲਕੁਲ ਵੀ ਹੱਕ ਵਿਚ ਨਹੀਂ ਹਾਂ ਪਰ ਆਪ ਜੀ ਵੱਲੋਂ ਅਤੇ ਦੂਸਰੇ ਸ. ਬਾਦਲ, ਕੈਪਟਨ ਅਮਰਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ ਅਤੇ ਹੋਰ ਪੰਥਕ ਸੰਗਠਨਾਂ ਵੱਲੋਂ ਨਿਭਾਏ ਜਾ ਰਹੇ ਨਾਂਹਵਾਚਕ ਰੋਲ ਵੀ ਕੌਮੀ ਖਾਲਿਸਤਾਨੀ ਮਿਸ਼ਨ ਨੂੰ ਕਿਸੇ ਨਾ ਕਿਸੇ ਰੂਪ ਵਿਚ ਮਜਬੂਤ ਹੀ ਕਰ ਰਹੇ ਹਨ। ਜਿਵੇਂ ਘੜੀ ਦਾ ਪੈਂਡੂਲਮ ਜਿਧਰ ਦਬਾਅ ਪੈਂਦਾ ਹੈ ਊਧਰ ਨੂੰ ਝੁਕ ਜਾਂਦਾ ਹੈ, ਉਸੇ ਤਰ੍ਹਾਂ ਆਪ ਸਭ ਸਮੇਂ ਦੇ ਮੁਤਾਬਿਕ ਝੁਕਣ ਵਾਲੀ ਸੋਚ ਦੇ ਮਾਲਕ ਹੋ। ਆਉਣ ਵਾਲਾ ਸਮਾਂ ਖਾਲਸਾ ਪੰਥ ਦਾ ਜੋਰ ਪੈਣ ਵਾਲਾ ਹੈ। ਇਸ ਲਈ ਅਸੀ ਖਾਲਿਸਤਾਨ ਦੀ ਕਾਇਮੀ ਤੱਕ ਹਰ ਇਖਲਾਕੀ, ਕਾਨੂੰਨੀ ਢੰਗ ਦੀ ਵਰਤੋਂ ਕਰਦੇ ਹੋਏ ਅੱਗੇ ਵਧਦੇ ਰਹਾਂਗੇ ਅਤੇ ਆਪ ਜੈਸੇ ਸੀਮਿਤ ਸੋਚ ਵਿਚ ਘਿਰੇ ਆਗੂਆਂ ਨੂੰ ਵੀ ਖਾਲਿਸਤਾਨ ਦਾ ਹਿੱਸਾ ਬਣਾ ਕੇ ਰਹਾਂਗੇ।
ਆਪ ਜੀ ਦੇ ਧਿਆਨ ਹਿਤ ਇਹ ਵੀ ਲਿਆਉਣਾ ਆਪਣਾ ਫ਼ਰਜ਼ ਸਮਝਦੇ ਹਾਂ ਕਿ ਆਪ ਜੀ ਪਹਿਲੇ ਕਿਸਾਨਾਂ ਦੇ ਆਗੂ ਹੋ ਬਾਅਦ ਵਿਚ ਚੇਅਰਮੈਨ ਮੰਡੀ ਬੋਰਡ ਪੰਜਾਬ। ਪਰ ਸਾਨੂੰ ਇਹ ਜਾਣ ਕੇ ਗਹਿਰਾ ਦੁੱਖ ਪਹੁੰਚਿਆ ਹੈ ਕਿ ਪੰਜਾਬ ਦੀ ਬਾਦਲ ਸਰਕਾਰ ਨੇ ਝੋਨੇ ਦੀ ਐਮ.ਐਸ.ਪੀ ਕੇਵਲ 50 ਰੁਪਏ ਐਲਾਨ ਕੇ ਕਿਸਾਨ ਵਰਗ ਅਤੇ ਪਰਿਵਾਰਾਂ ਨਾਲ ਬਹੁਤ ਹੀ ਕੋਝਾ ਮਜ਼ਾਕ ਕੀਤਾ ਹੈ। ਕਿਸਾਨਾਂ ਦੀਆਂ ਵੱਡੀ ਗਿਣਤੀ ਵਿਚ ਹੋ ਰਹੀਆਂ ਖੁਦਕੁਸ਼ੀਆਂ ਅਤਿ ਅਫ਼ਸੋਸਨਾਕ ਹਨ। ਉਹਨਾਂ ਪਰਿਵਾਰਾਂ ਲਈ ਆਪ ਜੀ ਨੇ ਕੀ ਉਦਮ ਕੀਤਾ ਹੈ? ਜਦੋਂ ਕਿ ਆਪ ਜੀ ਕੈਬੀਨਟ ਵਜ਼ੀਰ ਦੇ ਆਹੁਦੇ ਦੀ ਵਰਤੋਂ ਕਰਦੇ ਹੋਏ ਸੈਂਟਰ ਦੀ ਮੋਦੀ ਹਕੂਮਤ ਨਾਲ ਇਹਨਾਂ ਕਿਸਾਨਾਂ ਨਾਲ ਸੰਬੰਧਤ ਮਸਲਿਆਂ ਅਤੇ ਖੁਦਕੁਸ਼ੀਆਂ ਬਾਰੇ ਗੱਲ ਕਰ ਸਕਦੇ ਹੋ। ਜੋ ਪਿੰਡਾਂ ਵਿਚ ਗੈਰ ਜਿੰਮੀਦਾਰ ਜਾਂ ਹੋਰ ਵਰਗ ਜਿਹਨਾਂ ਨੂੰ ਦੋ ਸਮੇਂ ਦੀ ਰੋਟੀ ਵੀ ਮਿਹਨਤ ਕਰਨ ਉਪਰੰਤ ਨਸੀਬ ਨਹੀਂ ਹੁੰਦੀ , ਉਹਨਾਂ ਪ੍ਰਤੀ ਆਪਣੇ ਕੀ ਫ਼ਰਜ ਪੂਰੇ ਕਰ ਰਹੇ ਹੋ? ਦੂਸਰਾ ਆਪ ਜੀ ਨੂੰ ਸ. ਬਾਦਲ ਨੇ ਕੈਬੀਨਟ ਵਜੀਰ ਦਾ ਆਹੁਦਾ ਦਿੱਤਾ ਹੋਇਆ ਹੈ। ਅਜਿਹੇ ਸਮੇਂ ਜਦੋਂ ਵੀ ਕਿਸਾਨਾਂ ਦੀਆਂ ਮੁਸ਼ਕਿਲਾਂ ਸੰਬੰਧੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਆਪ ਜੀ ਨੂੰ ਕਿਸਾਨੀ ਹੱਕਾਂ ਦੀ ਰੱਖਿਆ ਲਈ ਅਤੇ ਉਹਨਾਂ ਦੀ ਮਾਲੀ ਮਦਦ ਲਈ ਬਤੌਰ ਕਿਸਾਨ ਆਗੂ ਦੇ ਪੰਜਾਬ ਦੀ ਬਾਦਲ ਹਕੂਮਤ ਨੂੰ ਜੋਰਦਾਰ ਗੁਜ਼ਾਰਿਸ਼ ਕਰਕੇ ਵੱਧ ਤੋਂ ਵੱਧ ਕਿਸਾਨਾਂ ਨੂੰ ਫਾਇਦਾ ਦਿਵਾਉਣ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੇ ਫ਼ਰਜ ਬਣਦੇ ਹਨ। ਅਸੀਂ ਸਮਝਦੇ ਹਾਂ ਕਿ ਆਪ ਜੀ ਦੇ ਕਿਸਾਨ ਆਗੂ ਹੁੰਦੇ ਹੋਏ ਘੱਟੋ ਘੱਟ ਝੋਨੇ ਦੀ ਫ਼ਸਲ ਉਤੇ 500 ਰੁਪਏ ਐਮ ਐਸ ਪੀ ਦਾ ਐਲਾਨ ਹੋਣਾ ਚਾਹੀਦਾ ਹੈ। ਤੀਸਰਾ ਮੁੱਦਾ ਕਿਸਾਨਾਂ ਨਾਲ ਸੰਬੰਧਤ ਗੋਬਰ ਗੈਸ ਪਲਾਂਟਾਂ ਨੂੰ ਚੱਲਦਾ ਰੱਖਣ ਲਈ ਸਰਕਾਰੀ ਪੱਧਰ ਉਤੇ ਹਰ ਤਰ੍ਹਾਂ ਦੀ ਸਹਾਇਤਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਪਰ ਦੁੱਖ ਅਤੇ ਅਫ਼ਸੋਸ ਹੈ ਕਿ ਪਿੰਡਾਂ ਵਿਚ ਲੱਗੇ ਬਹੁਤੇ ਗੋਬਰ ਗੈਸ ਪਲਾਂਟ ਬੰਦ ਪਏ ਹਨ ਜਿਹਨਾਂ ਨੂੰ ਕਾਮਯਾਬ ਕਰਨਾ ਪੰਜਾਬ ਸਰਕਾਰ ਦੀ ਅਤੇ ਮੰਡੀ ਬੋਰਡ ਦੀ ਨੀਤੀ ਦਾ ਹਿੱਸਾ ਹੈ। ਇਹ ਸਹੂਲਤਾਂ ਨਾ ਮਿਲਣ ਕਾਰਨ ਬੰਦ ਹੋ ਗਏ ਹਨ। ਇਹਨਾਂ ਗੋਬਰ ਗੈਸ ਪਲਾਂਟਾਂ ਨੂੰ ਕਾਮਯਾਬ ਕਰਨ ਲਈ ਵੀ ਬਤੌਰ ਕਿਸਾਨ ਆਗੂ ਦੇ ਆਪ ਜੀ ਵੱਲੋਂ ਉਚੇਚੇ ਤੌਰ ‘ਤੇ ਉਦਮ ਹੋਣੇ ਬਣਦੇ ਹਨ। ਆਪ ਜੀ ਪਿੰਡਾਂ ਵਿਚ ਰਹਿਣ ਵਾਲੇ ਕਿਸਾਨ ਆਗੂ ਹੋ। ਜੋ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਅੱਜ ਅਤਿ ਮੰਦਾ ਹਾਲ ਹੈ ਅਤੇ ਵੱਡੇ ਵੱਡੇ ਟੋਏ ਪਏ ਹੋਏ ਹਨ, ਕਈ ਕਈ ਸਾਲਾਂ ਤੋਂ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਬੇਹਤਰ ਬਣਾਊਣ ਲਈ ਕੋਈ ਉਦਮ ਨਹੀਂ ਕੀਤਾ ਗਿਆ। ਜਿਸ ਕਾਰਨ ਕਿਸਾਨ ਵਰਗ ਅਤੇ ਪਿੰਡਾਂ ਵਿਚ ਵੱਸਣ ਵਾਲੇ ਨਿਵਾਸੀਆਂ ਨੂੰ ਅੱਜ ਬਹੁਤ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਅਤੇ ਸੜਕਾਂ ਦੀ ਮੁਰੰਮਤ ਨਾ ਹੋਣ ਕਾਰਨ ਨਿਤ ਦਿਹਾੜੇ ਸੜਕ ਹਾਦਸਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇਸ ਦਿਸ਼ਾ ਵੱਲ ਵੀ ਆਪ ਜੀ ਵੱਲੋਂ ਕੋਈ ਉਦਮ ਨਾ ਹੋਣਾ ਵੀ ਦੁਖਦਾਇਕ ਵਰਤਾਰਾ ਹੈ। ਚੌਥਾ ਆਪ ਜੀ ਇਸ ਗੱਲ ਤੋਂ ਵੀ ਭਲੀ ਭਾਂਤ ਜਾਣੂੰ ਹੋ ਕਿ ਨਾਲੀਆਂ, ਫੈਕਟਰੀਆਂ ਅਤੇ ਹੋਰ ਛੋਟੇ ਉਦਯੋਗਾਂ ਦਾ ਜਿੰਨਾ ਵੀ ਗੰਧਲਾ, ਤੇਜ਼ਾਬੀ ਪਾਣੀ ਹੈ, ਉਹ ਨਹਿਰਾਂ ਅਤੇ ਦਰਿਆਵਾਂ ਵਿਚ ਸੁੱਟ ਕੇ ਪੰਜਾਬ ਵਿਚ ਕੈਂਸਰ ,ਤਪਦਿਕ, ਗਲਘੋਟੂ ਅਤੇ ਅੰਤੜੀਆਂ ਦੀਆਂ ਖਤਰਨਾਕ ਬਿਮਾਰੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਇਸ ਕੈਂਸਰ ਦੀ ਵਜ੍ਹਾ ਕਾਰਨ ਹੀ ਮਾਤਾ ਸੁਰਿੰਦਰ ਕੌਰ ਬਾਦਲ, ਸ. ਜੋਰਾ ਸਿੰਘ ਐਮ ਪੀ, ਕੰਵਲਜੀਤ ਸਿੰਘ ਬਰਾੜ ਵਰਗੇ ਪੰਜਾਬ ਦੇ ਸਿਆਸਤਦਾਨਾਂ ਦੇ ਪਰਿਵਾਰਕ ਮੈਂਬਰ ਮੌਤ ਦੇ ਮੂੰਹ ਵਿਚ ਚਲੇ ਗਏ ਹਨ, ਭਾਵੇਂ ਕਿ ਇਹਨਾਂ ਆਗੂਆਂ ਨੇ ਅਮਰੀਕਾ ਦੇ ਵੱਡੇ ਵੱਡੇ ਹਸਪਤਾਲਾਂ ਵਿਚ ਇਲਾਜ ਕਰਵਾਏ, ਉਸਦੇ ਬਾਵਜੂਦ ਵੀ ਭਿਆਨਕ ਬਿਮਾਰੀਆਂ ਤੋਂ ਬਚਾਅ ਨਾ ਹੋ ਸਕਿਆ। ਪੰਜਾਬ ਦੇ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਜੋ ਗੱਡੀ ਰਾਜਸਥਾਨ ਕੈਂਸਰ ਹਸਪਤਾਲ ਲਈ ਜਾਂਦੀ ਹੈ, ਉਸਦਾ ਨਾਅ ਹੀ ਕੈਂਸਰ ਐਕਸਪ੍ਰੈਸ ਪੈ ਗਿਆ ਹੈ। ਜਿਸ ਤੋਂ ਪ੍ਰਤੱਖ ਹੁੰਦਾ ਹੈ ਕਿ ਪੰਜਾਬ ਵਿਚ ਬਠਿੰਡਾ , ਮਾਨਸਾ ਆਦਿ ਇਲਾਕੇ ਵਿਚ ਜਿਥੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਕਾਫੀ ਹੈ, ਉਹਨਾ ਦੇ ਇਲਾਜ ਲਈ ਪੰਜਾਬ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਕੈਂਸਰ ਹਸਪਤਾਲ ਦਾ ਕੋਈ ਪ੍ਰਬੰਧ ਨਾਂ ਹੋਣਾ ਵੀ ਅਤਿ ਅਫਸੋਸਨਾਕ ਹੈ। ਅਜਿਹੀਆਂ ਬਿਮਾਰੀਆਂ ਪਿੰਡਾਂ ਵਿਚ ਵੱਸਣ ਵਾਲੇ ਹਰ ਵਰਗ ਦੇ ਲੋਕਾਂ ਨੂੰ ਘੇਰ ਰਹੀਆਂ ਹਨ। ਇਥੋਂ ਦੇ ਨਿਵਾਸੀਆਂ ਨੂੰ ਬਿਮਾਰੀ ਤੋਂ ਰਹਿਤ ਰੱਖਣਾ ਅਤੇ ਉਹਨਾਂ ਲਈ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਕਰਨਾ ਸਰਕਾਰਾਂ ਦੀ ਮੁੱਖ ਜਿੰਮੇਵਾਰੀ ਹੁੰਦੀ ਹੈ। ਆਪ ਜੀ ਪਿੰਡਾਂ ਅਤੇ ਕਿਸਾਨਾਂ ਨਾਲ ਸੰਬੰਧਤ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਵੀ ਹੋ ਅਤੇ ਕਿਸਾਨ ਆਗੂ ਵੀ ਹੋ ਇਸ ਦੇ ਬਾਵਜੂਦ ਵੀ ਉਪਰੋਕਤ ਸਮੱਸਿਆਵਾਂ ਦਾ ਹੱਲ ਨਾਂ ਹੋਣਾ ਅਤਿ ਦੁਖਦਾਇਕ ਅਤੇ ਗੈਰ ਜਿੰਮੇਵਾਰਾਨਾ ਅਮਲ ਹਨ। ਜਦੋਂ ਤੱਕ ਕੌਮੀ ਸੋਚ ‘ਤੇ ਆਧਾਰਿਤ ਖਾਲਿਸਤਾਨ ਸਟੇਟ ਕਾਇਮ ਨਹੀਂ ਹੋ ਜਾਂਦਾ, ਉਸ ਸਮੇਂ ਤੱਕ ਆਪ ਜੈਸੇ ਕਿਸਾਨ ਆਗੂਆਂ ਅਤੇ ਕਿਸਾਨਾਂ ਨਾਲ ਸੰਬੰਧਤ ਵਿਭਾਗ ਦੇ ਚੇਅਰਮੈਨ ਹੋਣ ਦੇ ਨਾਤੇ ਉਪਰੋਕਤ ਮੁਸ਼ਕਿਲਾਂ ਨੂੰ ਸੰਜੀਦਗੀ ਨਾਲ ਹੱਲ ਕਰਨ ਦੀ ਜਿੰਮੇਵਾਰੀ ਬਣਦੀ ਹੈ। ਜਦੋਂ ਆਜ਼ਾਦ ਮੁਲਕ ਖਾਲਿਸਤਾਨ ਕਾਇਮ ਹੋਣ ਦਾ ਸਹੀ ਸਮਾਂ ਆ ਗਿਆ ਤਾਂ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ ਅਤੇ ਆਪ ਜੈਸੇ ਜਿਹਨਾਂ ਆਗੂਆਂ ਵੱਲੋਂ ਰਿਸ਼ਵਤਾਂ ਅਤੇ ਹੋਰ ਗਬਨਾਂ ਰਾਹੀਂ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ, ਇਹ ਖਜ਼ਾਨਾ ਖਾਲਿਸਤਾਨ ਆਜ਼ਾਦ ਮੁਲਕ ਕਾਇਮ ਕਰਨ ਵਿਚ ਜਿਵੇਂ ਬਿਰਲੇ ਵਰਗੇ ਧਨਾਢਾਂ ਨੇ ਗਾਂਧੀ ਨੂੰ ਮਦਦ ਦਿੱਤੀ ਸੀ, ਉਤੇ ਤਰ੍ਹਾਂ ਇਸ ਕੌਮੀ ਮਿਸ਼ਨ (ਖਾਲਿਸਤਾਨ) ਨੂੰ ਕਾਇਮ ਕਰਨ ਵਿਚ ਆਪ ਜੀ ਦਾ ਅਜਿਹਾ ਖਜ਼ਾਨਾ ਮੁੱਖ ਭੂਮਿਕਾ ਨਿਭਾਏਗਾ। ਇਸ ਲਈ ਅਸੀਂ ਆਪ ਜੈਸੇ ਉਹਨਾਂ ਆਗੂਆਂ ਜੋ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਢੰਗਾਂ ਰਾਹੀਂ ਧੰਨ ਦੌਲਤਾਂ ਦੇ ਭੰਡਾਰ ਇਕੱਤਰ ਕਰਨ ਵਿਚ ਮਸ਼ਰੂਫ਼ ਹਨ, ਉਹਨਾਂ ਨੂੰ ਅਸੀਂ ਖਾਲਿਸਤਾਨ ਦੇ ਸਹਿਯੋਗੀ ਹੀ ਸਮਝਦੇ ਹਾਂ ਜੋ ਉ¤ਡਣੇ ਕਬੂਤਰਾਂ ਦੀ ਤਰ੍ਹਾਂ ਸ਼ਾਮਾਂ ਨੂੰ ਆਪਣੇ ਬਨੇਰੇ (ਖਾਲਿਸਤਾਨ) ‘ਤੇ ਆ ਕੇ ਹੀ ਬੈਠਣਗੇ ਅਤੇ ਖਾਲਿਸਤਾਨ ਹਰ ਕੀਮਤ ‘ਤੇ ਕਾਇਮ ਹੋ ਕੇ ਰਹੇਗਾ, ਜਿਸ ਵਿਚ ਖਾਲਿਸਤਾਨੀਆਂ ਦੀਆਂ ਵੱਡੀਆਂ ਘਾਲਨਾਵਾਂ ਤਾਂ ਮੁੱਖ ਹੋਣਗੀਆਂ ਹੀ, ਲੇਕਿਨ ਆਪ ਜੈਸੇ ਵੀ ਇਸ ਮਿਸ਼ਨ ਦੇ ਸਹਾਇਕ ਹੀ ਸਾਬਿਤ ਹੋਣਗੇ।
ਗੁਰੂਘਰ ਅਤੇ ਪੰਥ ਦਾ ਦਾਸ,
ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
ਸ. ਅਜਮੇਰ ਸਿੰਘ ਲੱਖੋਵਾਲ,
ਚੇਅਰਮੈਨ,
ਪੰਜਾਬ ਮੰਡੀ ਬੋਰਡ,
ਚੰਡੀਗੜ੍ਹ



