ਲੁਧਿਆਣਾ, 27 ਜੂਨ (ਪੀ.ਟੀ.)- ਲੁਧਿਆਣਾ ਜ਼ਿਲ੍ਹੇ ਦੇ ਥਾਣਾ ਜੋਧਾਂ ਅਧੀਨ ਪੈਂਦੇ ਪਿੰਡ ਸੂਜਾਪੁਰ ਦੇ ਇਕ ਕਿਸਾਨ ਵੱਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਰਥਿਕ ਤੰਗੀ ਕਾਰਨ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ (49) ਪੁੱਤਰ ਮਲਕੀਤ ਸਿੰਘ ਵਾਸੀ ਸੂਜਾਪੁਰ (ਨੇੜੇ ਗੁਰੂਸਰ ਸੁਧਾਰ) ਜ਼ਿਲ੍ਹਾ ਲੁਧਿਆਣਾ ਜੋ 6 ਏਕੜ ਦੇ ਕਰੀਬ ਖੇਤੀਬਾੜੀ ਕਰਦਾ ਸੀ, ਜਿਸ ਵਿਚ ਢਾਈ ਏਕੜ ਮਾਲਕੀ ਤੇ 3 ਏਕੜ ਠੇਕੇ ‘ਤੇ ਜ਼ਮੀਨ ਸੀ। ਫ਼ਸਲ ਦਾ ਝਾੜ ਘੱਟ ਨਿਕਲਣ ਕਾਰਨ ਆਰਥਿਕ ਤੰਗੀ ‘ਚੋਂ ਲੰਘ ਰਿਹਾ ਸੀ। ਮ੍ਰਿਤਕ ਦੀ ਪਤਨੀ ਕੁਲਵੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਿਰ ਕਰਜ਼ਾ ਹੋਣ ਕਾਰਨ ਪਿਛਲੇ ਕਈ ਦਿਨਾਂ ਤੋਂ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ ਜਿਸ ਤੇ ਚੱਲਦਿਆਂ ਕੁਲਵਿੰਦਰ ਸਿੰਘ ਨੇ ਖੇਤ ਮੋਟਰ ਤੇ ਜਾਂ ਕੇ ਕੋਈ ਜ਼ਹਿਰੀਲੀ ਵਸਤੂ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਆਪਣੇ ਪਿੱਛੇ ਪਤਨੀ ਇੱਕ ਲੜਕਾ ਤੇ ਲੜਕੀ ਛੱਡ ਗਿਆ। ਪੁਲਿਸ ਥਾਣਾ ਜੋਧਾਂ ਨੇ ਮ੍ਰਿਤਕ ਦੀ ਪਤਨੀ ਕੁਲਵੰਤ ਕੌਰ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਦਿਆਂ ਲਾਸ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ।



