ਜਲੰਧਰ, 27 ਜੂਨ- ਆਪ ਅਤੇ ਕਾਂਗਰਸ ਨੂੰ ਝਟਕਾ ਦੇਣ ਲਈ ਪੰਜਾਬ ਵਿਚ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਉਣ ਬਾਰੇ ਸੋਚ ਰਿਹਾ ਹੈ। ਪੰਜਾਬ ਵਿਧਾਨ ਸਭਾ ਦੀ ਚੋਣ 2017 ਦੇ ਸ਼ੁਰੂ ਵਿਚ ਹੋਣੀ ਹੈ। ਇਸ ਸਮੇਂ ਪੰਜਾਬ ਕਾਂਗਰਸ ਬੁਰੀ ਤਰ੍ਹਾਂ ਫੁੱਟ ਦਾ ਸ਼ਿਕਾਰ ਹੈ। ਆਮ ਆਦਮੀ ਪਾਰਟੀ ਹਾਲੇ ਚੋਣਾਂ ਲਈ ਤਿਆਰ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਇਸ ਮੌਕੇ ਦਾ ਲਾਭ ਉਠਾਉਣ ਲਈ 2016 ਦੇ ਸ਼ੁਰੂ ਵਿਚ ਚੋਣਾਂ ਕਰਵਾਉਣ ਬਾਰੇ ਵਿਚਾਰ ਕਰ ਰਿਹਾ ਦੱਸਿਆ ਜਾਂਦਾ ਹੈ। ਇਸ ਕਾਰਨ ਹੀ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਦੂਸਰੇ ਪ੍ਰਮੁੱਖ ਅਕਾਲੀ ਨੇਤਾਵਾਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਹਨ। ਪਾਰਟੀ ਨੇ ਉਮੀਦਵਾਰਾਂ ਦੀ ਚੋਣ ਦਾ ਅਮਲ ਵੀ ਸ਼ੁਰੂ ਕਰ ਰੱਖਿਆ ਹੈ। ਪਿਛਲੇ ਹਫਤੇ ਕੁੱਝ ਹਲਕਿਆਂ ਦੇ ਇੰਚਾਰਜ ਵੀ ਬਦਲੇ ਗਏ ਹਨ। ਪਾਰਟੀ ਨੇ ਦੋ ਦਰਜਨ ਦੇ
ਕਰੀਬ ਹਲਕਿਆਂ ਲਈ ਨਵੇਂ ਉਮੀਦਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੀ ਖੁੱਦ ਲਈ ਕੋਈ ਨਵਾਂ ਵਿਧਾਨ ਸਭਾ ਹਲਕਾ ਲੱਭ ਰਹੇ ਹਨ। ਪਾਰਟੀ ਨੇਤਾਵਾਂ ਨੇ ਉਨ੍ਹਾਂ ਨੂੰ ਧੂਰੀ ਹਲਕੇ ਤੋਂ ਖੜ੍ਹਾ ਹੋਣ ਦੀ ਸਲਾਹ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਪਾਰਟੀ ਦੇ ਬਹੁਤੇ ਨੇਤਾ ਇਹ ਰਾਏ ਰੱਖਦੇ ਹਨ ਕਿ ਮੌਜੂਦਾ ਹਾਲਾਤਾਂ ਦਾ ਲਾਭ ਉਠਾਉਂਦੇ ਹੋਏ ਪਾਰਟੀ ਨੂੰ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ਼ ਕਰਕੇ ਸਮੇਂ ਤੋਂ ਪਹਿਲਾਂ ਚੋਣਾਂ ਦਾ ਰਾਹ ਪੱਧਰਾ ਕਰਨਾ ਚਾਹੀਦਾ ਹੈ। ਉਂਝ ਇਸ ਸਬੰਧੀ ਫੈਸਲਾ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਲਏ ਜਾਣ ਦੀ ਚਰਚਾ ਹੈ।
ਦੂਸਰੇ ਪਾਸੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਅਤੇ ਸ. ਪ੍ਰਤਾਪ ਸਿੰਘ ਬਾਜਵਾ ਦੇ ਧੜੇ ਵੱਲੋਂ ਆਪਣੇ-ਆਪਣੇ ਪੱਧਰ ’ਤੇ ਤੇਜ਼ ਸਿਆਸੀ ਸਰਗਰਮੀ ਆਰੰਭੀ ਜਾ ਰਹੀ ਹੈ। ਵਿਧਾਨ ਸਭਾ ਚੋਣਾਂ ਵਿਚ ਤੀਜੀ ਧਿਰ ਆਮ ਆਦਮੀ ਪਾਰਟੀ ਵੀ ਤੇਜ਼ੀ ਨਾਲ ਸਰਗਰਮੀ ਕਰ ਰਹੀ ਹੈ। ਇਸ ਮਕਸਦ ਲਈ ਪੰਜਾਬ ਵਚ ਨਵਾਂ ਜਥੇਬੰਦਕ ਢਾਂਚਾ ਬਣਾਇਆ ਜਾ ਰਿਹਾ ਹੈ, ਜਿਸ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਪਾਰਟੀ ਦੇ ਉੱਚ ਹਲਕਿਆਂ ਮੁਤਾਬਿਕ ਪੰਜਾਬ ਦੇ 13 ਲੋਕ ਸਭਾ ਹਲਕਿਆਂ ’ਤੇ ਅਧਾਰਿਤ ਪਾਰਟੀ ਵੱਲੋਂ 13 ਜ਼ੋਨ ਬਣਾਏ ਗਏ ਹਨ ਹਰ ਲੋਕ ਸਭਾ ਹਲਕੇ ਦਾ ਇਕ ਇੰਚਾਰਜ ਹੋਵੇਗਾ ਅਤੇ ਅੱਗੋਂ ਤਿੰਨ ਵਿਧਾਨ ਸਭਾ ਹਲਕਿਆਂ ਦਾ ਇੱਕ ਇੰਚਾਰਜ ਹੋਵੇਗਾ ਜੋ ਕਿ ਹਰ ਬੂਥ ਇੰਚਾਰਜ ਨਾਲ ਜੁੜਿਆ ਹੋਵੇਗਾ। ਲੋਕ ਸਭਾ ਹਲਕਾ ਇੰਚਾਰਜ ਨਾਲ ਪਾਰਟੀ ਦਾ ਇੱਕ ਕੇਂਦਰੀ ਨੇਤਾ ਜੋੜਿਆ ਜਾਵੇਗਾ ਤਾਂ ਜੋ ਆਪਸੀ ਤਾਲਮੇਲ ਨੂੰ ਬੇਹਤਰ ਬਣਾਇਆ ਜਾ ਸਕੇ। ਹਾਲੇ ਇਹ ਪਤਾ ਨਹੀਂ ਲੱਗਿਆ ਕਿ ਪਾਰਟੀ ਸੂਬੇ ਦੇ ਮੁੱਖੀ ਸਬੰਧੀ ਕੀ ਰਾਏ ਰੱਖਦੀ ਹੈ। ਹੋ ਸਕਦਾ ਹੈ ਕਿ ਪਾਰਟੀ ਇਹ ਚੋਣਾਂ ਸ. ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ਹੇਠ ਹੀ ਲੜੇ। ਸਮੇਂ ਤੋਂ ਪਹਿਲਾਂ ਚੋਣਾਂ ਬਾਰੇ ਭਾਜਪਾ ਨੇ ਹਾਲੇ ਆਪਣਾ ਕੋਈ ਮਨ ਨਹੀਂ ਬਣਾਇਆ। ਇਸ ਸਬੰਧੀ ਉੱਚ ਆਗੂਆਂ ਦਰਮਿਆਨ ਚਰਚਾ ਹੋ ਰਹੀ ਹੈ।



