Skip to content
Independent perspectives. Global stories.
BREAKING

ਪਾਣੀ ਵਾਲੇ ਮੋਘੇ ਨੂੰ ਲੈ ਕੇ ਚਾਰ ਪਿੰਡਾਂ ਦੇ ਕਿਸਾਨਾਂ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ

Share this story

ਧਨੌਲਾ, 24 ਜੂਨ (ਸਰਾਜ ਘਨੌਰ, ਸ਼ੰਕਰ ਬਾਂਸਲ)- ਮੰਗਲਵਾਰ ਸਵੇਰੇ 10 ਵਜੇ ਪਿੰਡ ਕੁੱਬੇ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਏ ਚਾਰ ਪਿੰਡਾਂ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਪਿੰਡ ਦੇ ਇੱਕ ਵਿਅਕਤੀ ਵੱਲੋਂ ਸਰਕਾਰੀ ਤਾਕਤ ਦੇ ਜ਼ੋਰ ’ਤੇ ਸਿਰਫ ਨਹਿਰੀ ਮੋਘੇ ਵਿੱਚੋਂ ਆਪਣੀ ਹੀ ਫਸਲ ਨੂੰ ਪਾਣੀ ਲਾਉਣ ਤੇ ਹੋਰਨਾਂ ਕਿਸਾਨਾਂ ਨੂੰ ਪਾਣੀ ਨਾ ਦੇਣ ਦੇ ਰੋਸ ਵਜੋਂ ਇਕੱਠੇ ਹੋਏ ਕਿਸਾਨਾਂ ਨੇ ਦੋਸ਼ ਲਾਇਆ ਕਿ ਪੁਲਿਸ ਬਣਦੀ ਕਾਰਵਾਈ ਤੋਂ ਭੱਜਦੀ ਹੋਈ ਸਾਰਥਕ ਹੱਲ ਨਹੀਂ ਕਰ ਰਹੀ ਜਿਸ ਕਾਰਣ ਸਾਨੂੰ ਮਜਬੂਰਨ ਇਨਸਾਫ ਲਈ ਨੈਸ਼ਨਲ 64 ਨੰਬਰ ਕੌਮੀ ਮੁੱਖ ਮਾਰਗ ’ਤੇ ਧਰਨਾ ਦੇਣਾ ਪੈ ਰਿਹਾ ਹੈ। ਜਦੋਂ ਧਰਨੇ ਸਬੰਧੀ ਕਿਸਾਨਾਂ ਨੇ ਅਨਾਉਂਸਮੈਂਟ ਕਰਵਾਈ ਤਾਂ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਮੌਕੇ ’ਤੇ ਪਹੁੰਚੇ ਥਾਣੇਦਾਰ ਰੁੜੇਕੇ ਕਲਾਂ ਰਣਜੀਤ ਸਿੰਘ ਨੇ ਧਰਨਾਕਾਰੀਆਂ ਨੂੰ ਕਿਹਾ ਕਿ ਉਹ ਹੁਣੇ ਸੰਗਰੂਰ ਦੇ ਮਾਲ ਵਿਭਾਗ ਤੋਂ ਰਿਕਾਰਡ ਲਿਆਉਣ ਦੇ ਨਾਲ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਗੱਲ ਕਰ ਰਹੇ ਹਨ।

ਇਸ ਵਿਸ਼ਵਾਸ ਉਪਰੰਤ ਧਰਨਾਕਾਰੀਆਂ ਨੇ ਧਰਨਾ ਨਾ ਲਾਉਣ ਦਾ ਫੈਸਲਾ ਕੀਤਾ ਉਥੇ ਹੀ ਇਕੱਠੇ ਹੋਏ ਕਿਸਾਨ ਸਾਬਕਾ ਸਰਪੰਚ ਚਮਕੌਰ ਸਿੰਘ ਅਤਰਗੜ੍ਹ, ਮਾਸਟਰ ਗੁਰਮੀਤ ਸਿੰਘ, ਕਰਮਜੀਤ ਸਿੰਘ, ਮੱਘਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਧਨੌਲਾ, ਜਗਤਾਰ ਸਿੰਘ, ਜਥੇ. ਰਾਮ ਸਿੰਘ, ਨੰਬਰਦਾਰ ਨੇਕ ਸਿੰਘ, ਨੰਬਰਦਾਰ ਨਿਰਮਲ ਸਿੰਘ ਅਤਰਗੜ੍ਹ, ਵਿੱਕੀ ਸਿੰਘ ਆਦਿ ਕਿਸਾਨਾਂ ਨੇ ਪੰਜਾਬ ਟਾਇਮਜ਼ ਨੂੰ ਦੱਸਿਆ ਕਿ ਪਿੰਡ ਦੇ ਇੱਕ ਵਿਅਕਤੀ ਹਰਦੇਵ ਸਿੰਘ ਵੱਲੋਂ ਕਥਿਤ ਜੋਗਾ ਰਜਵਾਹਾ ਦੇ ਮੋਘਾ ਨੰਬਰ 12335 ਰਾਹੀਂ ਸਿਰਫ ਆਪਣੀ ਹੀ ਫਸਲ ਨੂੰ ਪਾਣੀ ਲਾਇਆ ਜਾ ਰਿਹਾ ਹੈ, ਜਦੋਂ ਕਿ 450 ਏਕੜ ਫਸਲ ਲਈ ਲੱਗੇ ਮੋਘੇ ਤੋਂ ਹੋਰਨਾਂ ਕਿਸਾਨਾਂ ਨੂੰ ਪਾਣੀ ਨਹੀਂ ਦਿੱਤਾ ਜਾਂਦਾ। ਜਦੋਂ ਅਸੀਂ ਇਸ ਦੀ ਸ਼ਿਕਾਇਤ ਸਿੰਚਾਈ ਵਿਭਾਗ ਦੇ ਐਕਸੀਅਨ ਸੰਗਰੂਰ ਨੂੰ ਕੀਤੀ ਤਾਂ ਉਨ੍ਹਾਂ ਤੁਰੰਤ ਜ਼ਿਲ੍ਹੇਦਾਰ ਸੁਰੇਸ਼ ਜਿੰਦਲ ਨੂੰ ਕਾਰਵਾਈ ਲਈ ਮੌਕੇ ’ਤੇ ਭੇਜਿਆ ਪ੍ਰੰਤੂ ਸਿਆਸੀ ਪਹੁੰਚ ਦੇ ਚਲਦਿਆਂ ਉਕਤ ਵਿਅਕਤੀ ਨੇ ਵੀ ਕਥਿਤ ਕਿਸਾਨਾਂ ਤੇ ਜ਼ਿਲ੍ਹੇਦਾਰ ਨਾਲ ਬਦਕਲਾਮੀ ਕੀਤੀ। ਇਸ ਦੀ ਸ਼ਿਕਾਇਤ ਜਦੋਂ ਕਿਸਾਨਾਂ ਤੇ ਜ਼ਿਲ੍ਹੇਦਾਰ ਨੇ ਥਾਣਾ ਰੁੜੇਕੇ ਕਲਾਂ ਨੂੰ ਕੀਤੀ ਤਾਂ ਉਨ੍ਹਾਂ ਕੋਈ ਕਾਰਵਾਈ ਨਾ ਕਰਨ ਕਾਰਣ ਆਖਿਰ ਸਾਨੂੰ ਅੱਜ ਇਕੱਠੇ ਹੋ ਕੇ ਇਹ ਸੰਘਰਸ਼ ਵਿਢਣਾ ਪਿਆ। ਉਨ੍ਹਾਂ ਕਿਹਾ ਕਿ ਅਗਰ ਦੋ ਦਿਨਾਂ ਵਿੱਚ ਮਸਲਾ ਹੱਲ ਨਾ ਹੋਇਆ ਤਾਂ ਮੁੜ ਨੈਸ਼ਨਲ ਹਾਈਵੇਅ ਜਾਮ ਕਰਨਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਪੁਲਿਸ ਤੇ ਪ੍ਰਸ਼ਾਸਨ ਸਿਰ ਹੋਵੇਗੀ।

WRITTEN BY