Skip to content
Independent perspectives. Global stories.
BREAKING

ਸੁਸ਼ਮਾ ਨੈਤਿਕ ਆਧਾਰ ’ਤੇ ਅਸਤੀਫਾ ਦੇਵੇ : ਦਿਗਵਿਜੇ ਸਿੰਘ

Share this story

ਜ਼ੀਰਕਪੁਰ, 21 ਜੂਨ (ਵਿਨੇ ਕੁਮਾਰ ਜੈਨ)- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਮੈਂਬਰ ਰਾਜ ਸਭਾ ਦਿਗਵਿਜੇ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ’ਤੇ ਆਈ. ਪੀ. ਐਲ. ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਦੀ ਪੁਰਤਗਾਲ ਦਾ ਵੀਜ਼ਾ ਲੈਣ ’ਚ ਮਦਦ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਵਿਦੇਸ਼ ਮੰਤਰੀ ਨੂੰ ਨੈਤਿਕਤਾ ਦੇ ਆਧਾਰ ’ਤੇ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਥੇ ਆਲ ਇੰਡੀਆ ਕਸ਼ੱਤਰੀਆ ਫੈਡਰੇਸ਼ਨ ਦੀ ਜਨਰਲ ਬਾਡੀ ਮੀਟਿੰਗ ’ਚ ਪੁੱਜੇ ਦਿਗਵਿਜੇ ਸਿੰਘ ਨੇ ਭਾਜਪਾ ’ਤੇ ਹੱਲਾ ਬੋਲਦਿਆਂ ਕਿਹਾ ਕਿ ਭਾਜਪਾ ਅਪਰਾਧੀਆਂ ਦੀ ਖੁੱਲ੍ਹੀ ਹਮਾਇਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੂਜਿਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੀ ਭਾਜਪਾ ਦਾ ਅਸਲ ਚਿਹਰਾ ਹੁਣ ਲੋਕਾਂ ਦੇ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਲਲਿਤ ਮੋਦੀ ਕਥਿਤ ਤੌਰ ’ਤੇ ਈ. ਡੀ. ਦਾ ਮੁਲਜ਼ਮ ਹੈ

ਅਤੇ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ। ਅਜਿਹੇ ਵਿਅਕਤੀ ਦੀ ਕੇਂਦਰੀ ਮੰਤਰੀ ਵੱਲੋਂ ਮਦਦ ਕਰਨਾ ਆਪਣੇ ਅਹੁਦੇ ਅਤੇ ਦੇਸ਼ ਦੇ ਲੋਕਾਂ ਨੂੰ ਧੋਖਾ ਦੇਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ’ਤੇ ਭਾਜਪਾ ’ਚ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਤੋਂ ਬਾਅਦ ਸਿਰਫ਼ ਸੁਸ਼ਮਾ ਸਵਰਾਜ ਨੂੰ ਚੰਗਾ ਆਗੂ ਗਿਣਦੇ ਸਨ, ਪ੍ਰੰਤੂ ਉਨ੍ਹਾਂ  ਨੇ ਇੱਕ ਅਪਰਾਧੀ ਦੀ ਮਦਦ ਕਰਕੇ ਅਹੁਦੇ ਦੇ ਵਕਾਰ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲੋਕ ਵਿਰੋਧੀ ਤੇ ਜੁਮਲੇ ਘੜਨ ਵਾਲੀ ਸਰਕਾਰ ਵਜੋਂ ਆਪਣੀ ਪਹਿਚਾਣ ਬਣਾ ਰਹੀ ਹੈ। ਆਲ ਇੰਡੀਆ ਕਸ਼ੱਤਰੀਆ ਫੈਡਰੇਸ਼ਨ ਦੀ ਕੌਮੀ ਪੱਧਰ ਦੀ ਜਨਰਲ ਬਾਡੀ ਮੀਟਿੰਗ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਦਿਗਵਿਜੇ ਸਿੰਘ ਨੇ ਇਸ ਮੌਕੇ ਵੱਖ-ਵੱਖ ਸੂਬਿਆਂ ਤੋਂ ਆਏ ਡੈਲੀਗੇਟਾਂ ਨੂੰ ਵੀ ਸੰਬੋਧਨ ਕੀਤਾ। ਮੀਟਿੰਗ ’ਚ ਕਸ਼ੱਤਰੀਆ ਸਮਾਜ ਨੂੰ ਅੱਗੇ ਲਿਜਾਉਣ ਲਈ ਲੰਬੀ ਵਿਚਾਰ ਚਰਚਾ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਫੈਡਰੇਸ਼ਨ ਦੀ ਇਹ ਪਹਿਲੀ ਮੀਟਿੰਗ ਸੀ।

WRITTEN BY