ਸ੍ਰੀ ਅਨੰਦਪੁਰ ਸਾਹਿਬ- ਮੁੱਖ ਸਮਾਗਮ ਵਿੱਚ ਉਸ ਸਮੇਂ ਜਦੋਂ ਕਿ ਸਟੇਜ ’ਤੇ ਦੇਸ਼ ਦੀ ਸੀਨੀਅਰ ਲੀਡਰਸ਼ਿਪ ਅਤੇ ਪੰਜਾਬ ਸਮੇਤ ਹੋਰ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਸਰਬ ਧਰਮ ਸੰਮੇਲਨ ਲਈ ਬੁਲਾਏ ਗਏ ਧਾਰਮਿਕ ਆਗੂ ਹੱਕੇ-ਬੱਕੇ ਰਹਿ ਗਏ ਜਦੋਂ ਕਾਸ਼ੀ ਕੋਤੀ ਪੀਠ ਦੇ ਜਗਤ ਗੁਰੂ ਸ਼ੰਕਰਾਚਾਰਿਆ ਸਵਾਮੀ ਨਿਸ਼ਚਿਲਾਨੰਦ ਆਪਣੇ ਸੰਬੋਧਨ ਤੋਂ ਪਹਿਲਾਂ ਹੀ ਸਟੇਜ ਤੋਂ ਬਾਈਕਾਟ ਕਰਕੇ ਚਲੇ ਗਏ। ਸ. ਪ੍ਰਕਾਸ਼ ਸਿੰਘ ਬਾਦਲ ਨੇ ਤੁਰੰਤ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਧਾਰਮਿਕ ਆਗੂ ਨੂੰ ਮਨਾਉਣ ਲਈ ਭੇਜਿਆ ਪ੍ਰੰਤੂ ਸ਼ੰਕਰਾਚਾਰਿਆ ਨੇ ਵਾਪਿਸ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ। ਪੱਤਰਕਾਰਾਂ ਨੇ ਜਦੋਂ ਸ਼ੰਕਰਾਚਾਰਿਆ ਦੇ ਸਹਾਇਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸਪਸ਼ਟੀਕਰਨ ਦਿੱਤਾ ਕਿ ਸਾਰੇ ਧਰਮਾਂ
ਦੇ ਬੁਲਾਏ ਗਏ ਆਗੂਆਂ ਨੂੰ ਸੰਬੋਧਨ ਕਰਨ ਲਈ ਸਮਾਂ ਦਿੱਤਾ ਜਾਣਾ ਸੀ ਜਿਸ ਕਾਰਣ ਇਸਲਾਮਿਕ ਆਗੂ, ਇਸਾਈ ਧਰਮ ਆਗੂ ਬੋਧ ਧਰਮ ਆਗੂ ਤਾਂ ਸੰਬੋਧਨ ਕਰ ਗਏ ਪ੍ਰੰਤੂ ਸ਼ੰਕਰਾਚਾਰਿਆ ਨੂੰ ਨਜ਼ਰਅੰਦਾਜ਼ ਕਰਕੇ ਰਾਜਸੀ ਭਾਸ਼ਣ ਸ਼ੁਰੂ ਕਰ ਦਿੱਤੇ ਗਏ। ਜਿਸ ਦਾ ਸ਼ੰਕਰਾਚਾਰਿਆ ਨੇ ਬੁਰਾ ਮਨਾਇਆ ਅਤੇ ਉਹ ਉਥੋਂ ਉਠ ਕੇ ਚਲੇ ਗਏ।



