Skip to content
Independent perspectives. Global stories.
BREAKING

ਪਾਵਨ ਸ਼ਸਤਰ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ

Share this story

ਸ੍ਰੀ ਅਨੰਦਪੁਰ ਸਾਹਿਬ, 18 ਜੂਨ (ਅਰਵਿੰਦਰ ਭਾਰਦਵਾਜ, ਗਿਰੀ ਤਲਵਾੜ, ਸੋਢੀ, ਸੰਦੀਪ, ਅਵਤਾਰ, ਧਰਮ ਸਿੰਘ, ਤੇਜਵੰਤ ਰਾਣਾ, ਸ਼ਿਵ ਕੁਮਾਰ, ਹਰਜਿੰਦਰ, ਨਰਿੰਦਰ ਸ਼ਰਮਾ, ਬਲਜਿੰਦਰ ਸਿੰਘ ਸਿੱਧੂ)- ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ 6 ਮਈ ਨੂੰ ਸਿੱਖ ਗੁਰੂ ਸਾਹਿਬਾਨ ਦੇ ਸ਼ਸਤਰਾਂ, ਵਸਤਰਾਂ ਅਤੇ ਹੱਥ ਲਿਖਤਾਂ ਦੀ ਆਰੰਭ ਹੋਈ ਪਾਵਨ ਯਾਤਰਾ ਦਾ ਅੱਜ ਇੱਥੇ ਆਪਣੇ ਅੰਤਮ ਪੜਾਅ ਉਪਰ ਪਹੁੰਚਣ ’ਤੇ ਗੁਰ ਮਰਯਾਦਾ ਅਨੁਸਾਰ ਸਵਾਗਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਅੱਜ ਦਾ ਦਿਨ ਸਮੁੱਚੀ ਮਨੁੱਖਤਾ, ਦੇਸ਼ ਵਾਸੀਆਂ ਅਤੇ ਖਾਲਸਾ ਪੰਥ ਲਈ ਬਹੁਤ ਹੀ ਇਤਿਹਾਸਕ ਦਿਹਾੜਾ ਹੋ ਨਿਬੜਿਆ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ

ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਤਖ਼ਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਦੇ ਮੀਤ ਜਥੇਦਾਰ ਗਿਆਨੀ ਜੋਤਇੰਦਰ ਸਿੰਘ ਨੂੰ ਵੀ ਇਸ ਇਤਿਹਾਸਕ ਮੌਕੇ ’ਤੇ ਪਹੁੰਚਣ ’ਤੇ ਜੀ ਆਇਆਂ ਆਖਿਆ।
       ਸ. ਬਾਦਲ ਨੇ ਆਪਣੇ ਬਹੁਤ ਹੀ ਸੰਖੇਪ ਤੇ ਭਾਵਪੂਰਤ ਭਾਸ਼ਣ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਸਮੂਹ ਸੰਗਤ ਨੂੰ ਸ਼ਸਤਰ ਦਰਸ਼ਨ ਯਾਤਰਾ ਦੇ ਨਿਰਵਿਘਨ ਸੰਪਰੂਨਤਾ ’ਤੇ ਵਧਾਈ ਦਿੰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਸਿੱਖ ਗੁਰੂ ਸਾਹਿਬਾਨ ਵੱਲੋਂ ਦਰਸਾਏ ਗਏ ਸੱਚ ਦੇ ਮਾਰਗ ’ਤੇ ਚੱਲਣ ਦਾ ਬਲ ਤੇ ਬੁੱਧੀ ਬਖਸ਼ਣ। ਉਨ੍ਹਾਂ ਕਿਹਾ ਕਿ ਇਸ ਯਾਤਰਾ ਵਿੱਚ ਸੁਸ਼ੋਭਿਤ ਸਿੱਖ ਗੁਰੂ ਸਾਹਿਬਾਨ ਦੇ ਸ਼ਸਤਰ, ਵਸਤਰ ਤੇ ਉਨ੍ਹਾਂ ਦੀ ਹੱਥ ਲਿਖਤ ਬਾਣੀ ਸਿੱਖ ਧਰਮ ਦੇ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਨਾਲ-ਨਾਲ ਬੇਇਨਸਾਫੀ ਤੇ ਜ਼ੁਲਮ ਵਿਰੁੱਧ ਜੂਝਣ ਦੇ ਵਿਲੱਖਣ ਅਸੂਲਾਂ ਨੂੰ ਮੂਰਤੀਮਾਨ ਕਰਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਾਰੇ ਬਹੁਤ ਹੀ ਵਡਭਾਗੇ ਹਾਂ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਇਤਿਹਾਸਕ ਦਿਹਾੜਿਆਂ ਦੀਆਂ ਸ਼ਤਾਬਦੀਆਂ ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਮਨਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਲ 1969 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਸ਼ਤਾਬਦੀ ਤੋਂ ਸਿੱਖ ਸ਼ਤਾਬਦੀਆਂ ਮਨਾਉਣ ਦੀ ਸ਼ੁਰੂ ਹੋਈ ਲੜੀ ਤਹਿਤ ਹੀ ਬੀਤੇ ਕੱਲ੍ਹ ਤੋਂ ਇੱਥੇ ਸ੍ਰੀ ਅਨੰਦਪੁਰ ਸਾਹਿਬ ਦਾ 350ਵਾਂ ਸਥਾਪਨਾ ਦਿਵਸ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ। ਭਲਕੇ ਹੋ ਰਹੇ ਕੌਮਾਂਤਰੀ ਧਾਰਮਿਕ ਸਮਾਗਮ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਰਹੀ ਸੰਗਤ ਤੋਂ ਇਲਾਵਾ ਦੇਸ਼ ਦੀਆਂ ਮਹਾਨ ਧਾਰਮਿਕ , ਸਮਾਜਿਕ ਤੇ ਰਾਜਨੀਤਿਕ ਹਸਤੀਆਂ ਵੀ ਸ਼ਾਮਲ ਹੋਣਗੀਆਂ।
ਸ. ਬਾਦਲ ਨੇ ਅੱਜ ਸੰਪੂਰਨ ਹੋਈ ਸ਼ਸਤਰ ਦਰਸ਼ਨ ਯਾਤਰਾ ਦੇ ਸਫਲ ਪ੍ਰਬੰਧਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬਾਨ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੀਆਂ ਇਹ ਇਤਿਹਾਸਕ ਵਸਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ’ਤੇ ਪੱਕੇ ਤੌਰ ’ਤੇ ਸੁਸ਼ੋਭਿਤ ਕਰ ਦਿੱਤੀਆਂ ਜਾਣਗੀਆਂ ਤਾਂ ਕਿ ਦੇਸ਼-ਵਿਦੇਸ਼ ਤੋਂ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਆਉਂਦੇ ਸ਼ਰਧਾਲੂ ਇਨ੍ਹਾਂ ਦੇ ਦਰਸ਼ਨ ਕਰ ਸਕਿਆ ਕਰਨ।
ਸ਼ਸਤਰ ਦਰਸ਼ਨ ਯਾਤਰਾ ਦੇ ਸ਼ਹਿਰ ਵਿੱਚ ਪਹੁੰਚਣ ਨਾਲ ਅੱਜ ਇਸ ਇਤਿਹਾਸਕ ਨਗਰੀ ਦਾ ਸਮੁੱਚਾ ਆਲਾ-ਦੁਆਲਾ ਖਾਲਸਾਈ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਸੀ। ਰਵਾਇਤੀ ਪੁਸ਼ਾਕਾਂ ਵਿੱਚ ਸਜੇ ਵੱਡੀ ਗਿਣਤੀ ਵਿੱਚ ਹਾਜ਼ਰ ਨਿਹੰਗ-ਸਿੰਘ ਘੋੜ ਸਵਾਰੀ ਅਤੇ ਸ਼ਸਤਰ ਵਿਦਿਆ ਦੇ ਜੌਹਰ ਦਿਖਾ ਰਹੇ ਸਨ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਨਿਹੰਗ ਮੁਖੀ ਬਾਬਾ ਬਲਬੀਰ ਸਿੰਘ, ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਅਤੇ ਬਾਬਾ ਸਤਨਾਮ ਸਿੰਘ ਪਿਪਲੀ ਸਾਹਿਬ ਵਾਲੇ ਤੋਂ ਇਲਾਵਾ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸੰਸਦ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਸ. ਕਰਨੈਲ ਸਿੰਘ ਪੰਜੋਲੀ, ਸ਼੍ਰੋਮਣੀ ਕਮੇਟੀ ਮੈਂਬਰ ਸ. ਰਾਜਿੰਦਰ ਸਿੰਘ ਮਹਿਤਾ ਤੇ ਸ. ਅਮਰਜੀਤ ਸਿੰਘ ਚਾਵਲਾ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਹਾਜ਼ਰ ਸਨ।

WRITTEN BY