Skip to content
Independent perspectives. Global stories.
BREAKING

ਬਾਦਲ ਵੱਲੋਂ 2200 ਕਰੋੜ ਦੇ ਪੇਂਡੂ ਜਲ ਸਪਲਾਈ ਸੁਧਾਰ ਪ੍ਰਾਜੈਕਟ ਦੀ ਸ਼ੁਰੂਆਤ

Share this story

ਜਲੰਧਰ/ਚੰਡੀਗੜ੍ਹ, 17 ਜੂਨ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਵਿਸ਼ਵ ਬੈਂਕ ਦੀ ਸਹਾਇਤਾ ਨਾਲ 2200 ਕਰੋੜ ਰੁਪਏ ਦੀ ਲਾਗਤ ਵਾਲੇ ‘ਪੰਜਾਬ ਪੇਂਡੂ ਜਲ ਸਪਲਾਈ ਤੇ ਸੈਨੀਟੇਸ਼ਨ ਸੁਧਾਰ ਪ੍ਰਾਜੈਕਟ’ ਦੀ ਸ਼ੁਰੂਆਤ ਕੀਤੀ। ਇਸ ਪ੍ਰਾਜੈਕਟ ਤਹਿਤ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਜਲ ਸਪਲਾਈ ਅਤੇ ਪਖਾਨੇ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਆਪਣੇ ਉਦਘਾਟਨੀ ਭਾਸ਼ਣ ਵਿੱਚ ਮੁੱਖ ਮੰਤਰੀ ਨੇ ਵਿਸ਼ਵ ਬੈਂਕ ਖਾਸ ਕਰਕੇ ਇਸ ਦੇ ਭਾਰਤ ਵਿਚਲੇ ਡਾਇਰੈਕਟਰ ਸ੍ਰੀ ਓਨੋ ਰੁਹਲ ਦਾ ਪੰਜਾਬ ਨੂੰ ਇਹ ਪ੍ਰਾਜੈਕਟ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਹੋਰ ਵੀ ਚੰਗੀ ਗੱਲ ਹੈ ਕਿ 30 ਜੂਨ, 2015 ਨੂੰ ਪਹਿਲਾਂ ਚੱਲ ਰਹੇ 750 ਕਰੋੜ ਰੁਪਏ ਦੇ ਪ੍ਰਾਜੈਕਟ ਦੇ ਖਤਮ ਹੋਣ ਤੋਂ ਪਹਿਲਾਂ ਹੀ ਪੰਜਾਬ ਨੂੰ ਇਹ ਨਵਾਂ ਪ੍ਰਾਜੈਕਟ ਦੇ ਦਿੱਤਾ ਗਿਆ ਹੈ

। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪੂਰਨ ਭਰੋਸਾ ਹੈ ਕਿ ਸੂਬੇ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਆਪਣੀਆਂ ਅਣਥੱਕ ਕੋਸ਼ਿਸ਼ਾਂ ਕਰਕੇ ਇਸ ਵੱਕਾਰੀ ਪ੍ਰਾਜੈਕਟ ਨੂੰ ਭਾਰਤ ਸਰਕਾਰ ਦੇ ‘ਸਵੱਛ ਭਾਰਤ ਅਭਿਆਨ’ ਨੂੰ ਮੁਕੰਮਲ ਕਰਨ ਲਈ ਸਾਲ 2019 ਦੇ ਮਿੱਥੇ ਗਏ ਟੀਚੇ ਤੋਂ ਪਹਿਲਾਂ ਨੇਪਰੇ ਚਾੜ੍ਹ ਕੇ ਇਕ ਮਿਸਾਲ ਕਾਇਮ ਕਰ ਦੇਣਗੇ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਵਿਸ਼ਵ ਬੈਂਕ ਵੱਲੋਂ ਪੰਜਾਬ ਨੂੰ ਦਿੱਤਾ ਗਿਆ ਪਹਿਲਾ ਪ੍ਰਾਜੈਕਟ ਆਪਣੇ ਮਿੱਥੇ ਗਏ ਸਮੇਂ ਤੋਂ ਕਿਤੇ ਪਹਿਲਾਂ ਮੁਕੰਮਲ ਕਰਕੇ ਮੁਲਕ ਵਿੱਚ ਮਿਸਾਲ ਪੈਦਾ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਅੱਜ ਸ਼ੁਰੂ ਕੀਤੇ ਗਏ ਨਵੇਂ ਪ੍ਰਾਜੈਕਟ ਦੀ ਤਫਸੀਲ ਦੱਸਦਿਆਂ ਕਿਹਾ ਕਿ ਅਗਲੇ ਤਿੰਨ ਸਾਲ (2015-18) ਦੇ ਵਿੱਚ-ਵਿੱਚ ਪੰਜਾਬ ਦੇ ਹਰ ਘਰ ’ਚ ਪਖਾਨੇ ਅਤੇ ਪਾਣੀ ਦੇ ਕੁਨੈਕਸ਼ਨ ਦੀ ਸਹੂਲਤ ਦੇ ਦਿੱਤੀ ਜਾਵੇਗੀ। ਇਸੇ ਤਰ੍ਹਾਂ ਹੀ ਪੰਜਾਬ ਦੇ ਹਰ ਘਰ ਵਿੱਚ ਮੌਜੂਦਾ 40 ਲਿਟਰ ਪ੍ਰਤੀ ਜੀਅ ਪ੍ਰਤੀ ਦਿਨ ਪਾਣੀ ਦੀ ਥਾਂ ’ਤੇ 70 ਲਿਟਰ ਪ੍ਰਤੀ ਜੀਅ ਪ੍ਰਤੀ ਦਿਨ ਪਾਣੀ ਦੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ 70 ਲਿਟਰ ਪ੍ਰਤੀ ਜੀਅ ਪ੍ਰਤੀ ਦਿਨ ਜਲ ਸਪਲਾਈ ਦੇਣ ਲਈ ਹਰ ਘਰ ਵਿੱਚ ਮੰਗ ਅਨੁਸਾਰ ਪਾਣੀ ਦਾ ਕੁਨੈਕਸ਼ਨ ਦੇ ਕੇ ਸੰਭਵ ਬਣਾਈ ਜਾਵੇਗੀ। ਇਸ ਦੇ ਨਾਲ ਹੀ ਪੇਂਡੂ ਜਲ ਸਪਲਾਈ ਸਕੀਮ ਆਪਣੇ ਖਰਚੇ ਪੂਰੇ ਕਰ ਸਕੇਗੀ ਅਤੇ ਪਿੰਡਾਂ ਵਿੱਚ ਹਰ ਰੋਜ਼ 10 ਘੰਟੇ ਪਾਣੀ ਸਪਲਾਈ ਵੀ ਸੰਭਵ ਹੋ ਸਕੇਗਾ।
ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਪਿੰਡਾਂ ਵਿੱਚ ਸਾਫ-ਸੁਥਰੀ ਜ਼ਿੰਦਗੀ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਨ ਦੇ ਸਾਡੇ ਸੁਪਨੇ ਨੂੰ ਸੱਚ ਕਰਨ ’ਚ ਸਹਾਈ ਹੋਵੇਗਾ।
ਇਸ ਤੋਂ ਪਹਿਲਾਂ ਸੂਬੇ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਵਿਸ਼ਵ ਬੈਂਕ ਦੇ ਇਸ ਪ੍ਰਾਜੈਕਟ ਨਾਲ ਜਿੱਥੇ ਪੇਂਡੂ ਖੇਤਰਾਂ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਦੀਆਂ ਸਹੂਲਤਾਂ ਦਾ ਪਾਸਾਰ ਹੋਵੇਗਾ, ਉਥੇ ਜਲ ਸਪਲਾਈ ਕੀਤੇ ਵਾਲੇ ਪਾਣੀ ਦੇ ਮਿਆਰ ਨੂੰ ਜਾਂਚਣ ਦੇ ਢੰਗ-ਤਰੀਕਿਆਂ ਦੀ ਸਹੂਲਤਾਂ ਵਿੱਚ ਵਾਧਾ ਹੋਵੇਗਾ।
ਇਸ ਮੌਕੇ ’ਤੇ ਸੂਬੇ ਦੇ ਵਧੀਕ ਮੁੱਖ ਸਕੱਤਰ (ਵਿਕਾਸ) ਸ੍ਰੀ ਸੁਰੇਸ਼ ਕੁਮਾਰ ਨੇ ਇਸ ਮੌਕੇ ’ਤੇ ਬੋਲਦਿਆਂ ਕਿਹਾ ਕਿ ਸੂਬੇ ਵਿੱਚ ਇਸ ਵੇਲੇ ਪਿੰਡਾਂ ਵਿੱਚ 33.15 ਲੱਖ ਰਿਹਾਇਸ਼ ਘਰ ਹਨ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ 70 ਫੀਸਦੀ ਘਰਾਂ ਵਿੱਚ ਪਖਾਨੇ ਬਣੇ ਹੋਏ ਹਨ ਅਤੇ ਬਾਕੀ ਰਹਿੰਦੇ 30 ਫੀਸਦੀ ਘਰਾਂ ਵਿੱਚ ਅਜੇ ਪਖਾਨੇ ਬਣਾਏ ਜਾਣੇ ਹਨ। ਇਸ ਪ੍ਰਾਜੈਕਟ ਅਧੀਨ 6.5 ਲੱਖ ਘਰਾਂ ਵਿੱਚ ਪਖਾਨੇ ਜਾਣਗੇ। ਘਰਾਂ ਦੇ ਮਾਲਕ ਆਪਣੇ ਘਰਾਂ ਵਿੱਚ ਖੁਦ ਪਖਾਨੇ ਬਣਾਉਣਗੇ ਜਾਂ ਬਣਵਾਉਣਗੇ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਵੱਡਾ ਫਾਇਦਾ ਔਰਤਾਂ ਤੇ ਗਰੀਬ ਪਰਿਵਾਰਾਂ ਨੂੰ ਹੋਵੇਗਾ ਜਿਨ੍ਹਾਂ ਦੇ ਘਰਾਂ ਵਿੱਚ ਅਜੇ ਤੱਕ ਵੀ ਪਖਾਨੇ ਨਹੀਂ ਬਣੇ ਹੋਏ। ਸ੍ਰੀ ਸੁਰੇਸ਼ ਕੁਮਾਰ ਨੇ ਕਿਹਾ ਕਿ ਇਸ ਬਹੁਤ ਹੀ ਵੱਡੀ ਚੁਣੌਤੀ ਨੂੰ ਸਰ ਕਰ ਲੈਣ ਨਾਲ ਪੰਜਾਬ ਖੁੱਲ੍ਹੇਆਮ ਜੰਗਲ-ਪਾਣੀ ਦੀ ਸਮੱਸਿਆ ਤੋਂ ਮੁਕਤ ਸੂਬਾ ਬਣਾ ਜਾਵੇਗਾ।
ਇਸ ਮੌਕੇ ਮੁੱਖ ਮੰਤਰੀ ਨੇ ਪਿੰਡ ਜਸਪਾਲੋਂ (ਲੁਧਿਆਣਾ), ਪਿੰਡ ਬਰਗਾੜੀ (ਫਰੀਦਕੋਟ) ਅਤੇ ਪਿੰਡ ਤਸੌਲੀ (ਪਟਿਆਲਾ) ਦੀਆਂ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀਆਂ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਸਕੀਮਾਂ ਨੂੰ ਲਾਗੂ ਕਰਨ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਬਦਲੇ ਕ੍ਰਮਵਾਰ ਚਾਰ ਲੱਖ, ਤਿੰਨ ਲੱਖ ਅਤੇ ਦੋ ਲੱਖ ਰੁਪਏ ਦੇ ਚੈ¤ਕ ਦੇ ਕੇ ਸਨਮਾਨਿਤ ਕੀਤਾ।
ਮੁੱਖ ਮੰਤਰੀ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਅਜੋਏ ਸ਼ਰਮਾ ਵੀ ਸਨ।
ਵਿਸ਼ਵ ਬੈਂਕ ਦੀ ਟੀਮ ਤੋਂ ਇਲਾਵਾ ਸਾਰੇ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

WRITTEN BY