Skip to content
Independent perspectives. Global stories.
BREAKING

ਬਾਬਾ ਰਾਮਦੇਵ ਸ੍ਰੀ ਅਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਸਬੰਧੀ ਸਮਾਰੋਹ ’ਚ 19 ਜੂਨ ਨੂੰ ਸ਼ਮੂਲੀਅਤ ਕਰਨਗੇ

Share this story

ਜਲੰਧਰ/ਚੰਡੀਗੜ੍ਹ, 15 ਜੂਨ- ਯੋਗ ਗੁਰੂ ਬਾਬਾ ਰਾਮਦੇਵ ਅੱਜ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ ਸਰਕਾਰੀ ਨਿਵਾਸ ਸਥਾਨ ’ਤੇ ਮਿਲੇ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬਾਬਾ ਰਾਮਦੇਵ ਨੇ ਸ੍ਰੀ ਅਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਮਨਾਉਣ ਸਬੰਧੀ ਸਮਾਰੋਹ ਵਿੱਚ 19 ਜੂਨ ਨੂੰ ਸ਼ਮੂਲੀਅਤ ਕਰਨ ਦੀ ਪੁਸ਼ਟੀ ਕੀਤੀ।ਗੱਲਬਾਤ ਦੌਰਾਨ ਸ. ਬਾਦਲ ਨੇ ਬਾਬਾ ਰਾਮਦੇਵ ਨੂੰ ਚੰਡੀਗੜ੍ਹ ਦੇ ਨੇੜੇ ਪੰਜਾਬ ਵਿਚ ਇੱਕ ਯੋਗ-ਕਮ-ਆਯੂਰਵੈਦਿਕ ਸੈਂਟਰ ਸਥਾਪਤ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਨੂੰ ਸਾਰੀ ਸੰਭਵ ਸਹਾਇਤਾ ਅਤੇ ਮਦਦ ਦਿੱਤੇ ਜਾਣ ਦੀ ਪੇਸ਼ਕਸ਼ ਕੀਤੀ। ਇਸ ਪੇਸ਼ਕਸ਼ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਦੇ ਹੋਏ ਬਾਬਾ

ਰਾਮਦੇਵ ਨੇ ਮੁੱਖ ਮੰਤਰੀ ਨੂੰ ਇਹ ਸੈਂਟਰ ਸਥਾਪਤ ਕਰਨ ਲਈ ਜ਼ਮੀਨ ਮੁਹੱਈਆ ਕਰਵਾਉਣ ਲਈ ਆਖਿਆ ਅਤੇ ਉਮੀਦ ਪ੍ਰਗਟ ਕੀਤੀ ਕਿ ਇਹ ਪਹਿਲਕਦਮੀ ਯੋਗ ਦੇ ਰਾਹੀਂ ਲੋਕਾਂ ਵਿੱਚ ਸਿਹਤਮੰਦ ਜੀਵਨ ਜਿਉਣ ਲਈ ਜਾਗਰੂਕਤਾ ਪੈਦਾ ਕਰਨ ਵਾਸਤੇ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਮੁੱਖ ਮੰਤਰੀ ਨੇ ਬਾਬਾ ਰਾਮਦੇਵ ਨੂੰ ਦੱਸਿਆ ਕਿ ਲੋਕ ਹੁਣ ਸਿਹਤ ਦੇ ਸਬੰਧ ਵਿਚ ਬਹੁਤ ਜ਼ਿਆਦਾ ਚੇਤੰਨ ਹੋ ਗਏ ਹਨ ਅਤੇ ਉਹ ਪੂਰੀ ਤਰ੍ਹਾਂ ਸਿਹਤਮੰਦ ਅਤੇ ਤੰਦਰੁਸਤ ਰਹਿਣਾ ਚਾਹੁੰਦੇ ਹਨ। ਇਹ ਪ੍ਰਸਤਾਵਿਤ ਕੇਂਦਰ ਇੱਕ ਪਾਸੇ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਮੰਚ ਪ੍ਰਦਾਨ ਕਰੇਗਾ ਅਤੇ ਦੂਜੇ ਪਾਸੇ ਯੋਗ ਨੂੰ ਵਿਗਿਆਨਕ ਲੀਹਾਂ ਉਤੇ ਬੜ੍ਹਾਵਾ ਦੇਣ ਲਈ ਸਹਾਈ ਹੋਵੇਗਾ। ਇਹ ਕੇਂਦਰ ਲੋਕਾਂ ਨੂੰ ਆਯੂਰਵੈਦਿਕ ਇਲਾਜ਼ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਏਗਾ। ਬਾਬਾ ਰਾਮਦੇਵ ਦੇ ਨਾਲ ਮੁੱਖ ਕੁਆਰਡੀਨੇਟਰ, ਪਤਾਂਜਲੀ ਯੋਗਪੀਠ, ਹਰਿਦਵਾਰ ਡਾ. ਜੈਦੀਪ ਆਰੀਆ ਹਾਜ਼ਰ ਸਨ।

WRITTEN BY