ਨਵੀਂ ਦਿੱਲੀ, 3 ਜੂਨ (ਮਨਪ੍ਰੀਤ ਸਿੰਘ ਖਾਲਸਾ)- ਅੱਜ ਦਿੱਲੀ ਦੀ ਕੜਕੜਡੁਮਾ ਅਦਾਲਤ ਵਿਚ ਜੱਜ ਐਸ ਪੀ ਐਸ ਲਾਲੇਰ ਵੱਲੋਂ 1984 ਸਿੱਖ ਕਤਲੇਆਮ ’ਚ ਕਾਂਗਰਸੀ ਨੇਤਾ ਜਗਦੀਸ਼ ’ਤੇ ਗਵਾਹਾਂ ਨੂੰ ਧਮਕਾਉਣ ਦੀਆਂ ਕੋਸ਼ਿਸ਼ਾਂ ਦੇ ਦੋਸ਼ਾਂ ’ਤੇ ਕਾਰਵਾਈ ਨੂੰ ਲੈ ਕੇ ਸੀਬੀਆਈ ਤੋਂ ਜਵਾਬ ਮੰਗਿਆ ਗਿਆ ਹੈ। ਦਿੱਲੀ ਦੀ ਕੜਕੜਡੂਮਾ ਅਦਾਲਤ ਨੇ 1984 ਸਿੱਖ ਕਤਲੇਆਮ ਮਾਮਲੇ ’ਚ ਸੀਬੀਆਈ ਦੀ ਕਲੋਜਰ ਰਿਪੋਰਟ ’ਤੇ ਵੀ ਸਵਾਲ ਚੁੱਕੇ ਹਨ। ਅਦਾਲਤ ਨੇ ਕਿਹਾ ਕਿ ਸੀਬੀਆਈ ਇਹ ਦੱਸੇ ਕਿ ਉਸ ਨੇ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਵਿਰੁੱਧ ਇਸ ਮਾਮਲੇ ਵਿਚ ਕੀ ਕਾਰਵਾਈ ਕੀਤੀ ਹੈ ਨਾਲ ਹੀ ਸੀਬੀਆਈ ਨੂੰ ਇਸ ਸਬੰਧ ’ਚ 26 ਜੂਨ
ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ। ਸਿੱਖ ਕਤਲੇਆਮ ਪੀੜਤਾਂ ਦੇ ਮਾਮਲੇ ਦੀ ਅਗਵਾਈ ਕਰ ਰਹੇ ਵਕੀਲ ਐਚ.ਐਸ. ਫੁਲਕਾ ਅਤੇ ਬੀਬੀ ਨਿਰਪ੍ਰੀਤ ਕੌਰ ਮੁੱਖ ਗਵਾਹ ਨੇ ਪ੍ਰੈਸ ਨਾਲ ਗਲਬਾਤ ਕਰਦੇ ਦੱਸਿਆ ਕਿ ਅਸੀਂ ਅਦਾਲਤ ਅੱਗੇ ਅਮਿਤਾਭ ਬੱਚਨ ਦਾ ਪੂਰਾ ਬਿਆਨ ਰੱਖਿਆ ਹੈ। ਅਮਿਤਾਭ ਬੱਚਨ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ 1 ਨਵੰਬਰ 1994 ਨੂੰ ਉਹ ਤਿੰਨ ਮੂਰਤੀ ਭਵਨ ’ਚ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਦੇ ਕੋਲ ਸੀ ਪਰ ਉਨ੍ਹਾਂ ਨੂੰ ਇਹ ਯਾਦ ਨਹੀਂ ਹੈ ਕਿ ਟਾਈਟਲਰ ਉਸ ਵਕਤ ਉਥੇ ਸੀ ਜਾਂ ਨਹੀਂ। ਧਿਆਨਦੇਣ ਯੋਗ ਹੈ ਕਿ ਅਮਿਤਾਭ ਬੱਚਨ ਦਾ ਇਹ ਬਿਆਨ ਜਗਦੀਸ਼ ਟਾਈਟਲਰ ਦੇ ਉਸ ਦਾਅਵੇ ਦਾ ਖੰਡਨ ਕਰਦਾ ਹੈ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਉਹ ਅਮਿਤਾਭ ਦੇ ਨਾਲ ਸੀ। ਦੱਸਣਯੋਗ ਹੈ ਕਿ 1984 ਦੇ ਸਿੱਖ ਕਤਲੇਆਮ ਮਾਮਲੇ ’ਚ ਜਗਦੀਸ਼ ਟਾਈਟਲਰ ’ਦੇ ਦੋਸ਼ ਹੈ ਕਿ ਉਨ੍ਹਾਂ ਨੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਲਈ ਕੈਨੇਡਾ ’ਚ ਆਪਣੀ ਭੈਣ ਦੇ ਖਾਤੇ ’ਚ ਪੰਜ ਕਰੋੜ ਰੁਪਏ ਪੁਆਏ ਸੀ। ਇਸ ਖਾਤੇ ਨੂੰ ਪਹਿਲਾਂ ਕੈਨੇਡਾ ਸਰਕਾਰ ਨੇ ਫ੍ਰਿਜ ਕਰ ਦਿੱਤਾ ਸੀ ਪਰ ਫਿਰ ਬਾਅਦ ’ਚ ਉਸ ਤੋਂ ਪਾਬੰਦੀ ਹਟਾ ਦਿੱਤੀ ਗਈ ਸੀ। ਇਹ ਪੈਸਾ ਉ¤ਥੇ ਗ੍ਰੰਥੀ ਸੁਰਿੰਦਰ ਸਿੰਘ ਨੂੰ ਗਵਾਹੀ ਤੋਂ ਮੁਕਰਨ ਲਈ ਦੇਣਾ ਸੀ । ਸੁਰਿੰਦਰ ਸਿੰਘ ਇੰਸਾਫ ਦੀ ਉਮੀਦ ਵਿਚ ਇਸ ਫਾਨੀ ਸੰਸਾਰ ਤੋਂ ਵਿਦਾ ਹੋ ਚੁਕਿਆ ਹੈ।



