ਫਿਰੋਜ਼ਪੁਰ, 1 ਜੂਨ (ਮਨੋਹਰ ਲਾਲ)- ਐਨ ਡੀ ਏ ਸਰਕਾਰ ਦੀਆਂ ਇਕ ਸਾਲ ਦੀਆਂ ਪ੍ਰਾਪਤੀਆਂ ਗਿਣਵਾਉਣ ਆਈ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੇ ਵਿਰੋਧ ਵਿਚ ਸੋਮਵਾਰ ਨੂੰ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐਨ ਐਸ ਯੂ ਆਈ ਦੇ ਕਾਰਕੁੰਨਾਂ ਨੇ ਫਿਰੋਜ਼ਪੁਰ ਦੇ ਸਰਕਟ ਹਾਊਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਐਨ ਡੀ ਏ ਸਰਕਾਰ ’ਤੇ ਝੂਠ ਬੋਲਣ ਦੇ ਦੋਸ਼ ਲਗਾ ਕੇ ਨਾਅਰੇਬਾਜੀ ਕੀਤੀ। ਕਾਂਗਰਸੀ ਜਥੇਬੰਦੀ ਦੇ ਰੋਸ ਪ੍ਰਦਰਸ਼ਨ ਦੀ ਅਗੁਵਾਈ ਐਨ ਐਸ ਯੂ ਆਈ ਪੰਜਾਬ ਦੇ ਪ੍ਰਧਾਨ ਇਕਬਾਲ ਗਰੇਵਾਲ, ਆਲ ਇੰਡੀਆ ਜਨਰਲ ਸਕੱਤਰ ਜਸਵਿੰਦਰ ਜੱਸੀ, ਪੰਜਾਬ ਦੇ ਇੰਚਾਰਜ ਦਵਿੰਦਰ ਯਾਦਵ ਅਤੇ ਯੂਥ ਕਾਂਗਰਸ ਆਗੂ ਗੁਰਭੇਜ ਟਿਬੱੀ ਕਰ ਰਹੇ ਸਨ।
ਮਾਹੌਲ ਵਿਗੜਦਾ ਵੇਖ ਕੇ ਸੈਂਕੜਿਆਂ ਦੀ ਤਾਦਾਦ ਵਿਚ ਪ੍ਰਦਰਸ਼ਨਕਾਰੀਆਂ ਨੂੰ ਜ਼ਿਲ੍ਹਾ ਪੁਲਿਸ ਨੇ ਘੇਰ ਕੇ ਜਬਰਨ ਗ੍ਰਿਫਤਾਰ ਕਰ ਲਿਆ। ਸਰਕਟ ਹਾਊਸ ਤੋਂ ਬੱਸਾਂ ਵਿਚ ਬਿਠਾ ਕੇ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਥਾਣਾ ਕੁਲਗੜੀ ਲੈ ਆਈ। ਇਸ ਦੌਰਾਨ ਕਈ ਪੁਲਿਸ ਅਧਿਕਾਰੀ ਐਨ ਐਸ ਯੂ ਆਈ ਵਰਕਰਾਂ ਨਾਲ ਧੱਕਾ ਅਤੇ ਬਦਸਲੂਕੀ ਕਰਦੇ ਵੀ ਵੇਖੇ ਗਏ। ਉਧਰ ਥਾਣਾ ਕੁਲਗੜੀ ਪਹੁੰਚ ਕੇ ਵੀ ਕਾਂਗਰਸੀ ਵਿਦਿਆਰਥੀਆਂ ਦਾ ਰੋਹ ਸ਼ਾਂਤ ਨਾ ਹੋਇਆ ਤਾਂ ਉਹ ਉਥੇ ਵੀ ਕੇਂਦਰ ਦੀ ਐਨ ਡੀ ਏ ਸਰਕਾਰ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕਰਦੇ ਵੇਖੇ ਗਏ। ਆਖਿਰ ਬਾਅਦ ਦੁਪਹਿਰ ਮੇਨਕਾ ਗਾਂਧੀ ਦੇ ਅਗਲੇ ਪੜਾਅ ਵੱਲ ਰਵਾਨਾ ਹੋਣ ਮਗਰੋਂ ਐਨ ਐਸ ਯੂ ਆਈ ਵਰਕਰਾਂ ਨੂੰ ਛੱਡ ਦਿੱਤਾ ਗਿਆ। ਇਸ ਦੋਰਾਣ ਐਨ ਐਸ ਯੂ ਆਈ ਵਰਕਰਾਂ ਦੀ ਹੌਸਲਾਅਫਜ਼ਾਈ ਕਰਨ ਲਈ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਹਲਕਾ ਗੁਰੂਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੀ ਏ ਨਸੀਬ ਸੰਧੂ, ਹਲਕਾ ਜ਼ੀਰਾ ਦੇ ਕਾਂਗਰਸੀ ਇੰਚਾਰਜ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਵੱਲੋਂ ਆਪਣੇ ਨੁਮਾਇੰਦੇ ਲਖਵਿੰਦਰ ਸਿੰਘ ਜੌੜਾ ਦੀ ਅਗੁਵਾਈ ਵਿਚ ਟੀਮ ਵੀ ਥਾਣੇ ਪਹੁੰਚ ਗਈ।



