ਜਲੰਧਰ/ਧੂਰੀ, 31 ਮਈ- Êਸੂਬੇ ਵਿੱਚ ਵਿਕਾਸ ਨੂੰ ਹੋਰ ਗਤੀ ਦੇਣ ਅਤੇ ਯੋਜਨਾਬੱਧ ਵਿਕਾਸ ਯਕੀਨੀ ਬਨਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਾਲ 2015-16 ਦੇ ਵਰ੍ਹੇ ਨੂੰ ‘ਵਿਕਾਸ ਦਾ ਵਰ੍ਹਾ’ ਐਲਾਨਿਆ ਹੈ।
ਧੂਰੀ ਵਿਧਾਨ ਸਭਾ ਹਲਕੇ ਦੇ ਦੋ ਦਿਨਾਂ ਸੰਗਤ ਦਰਸ਼ਨ ਦੇ ਅੱਜ ਪਹਿਲੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਸੂਬੇ ਦਾ ਚੌਤਰਫਾ ਵਿਕਾਸ ਉਨ੍ਹਾਂ ਦੀ ਮੁੱਖ ਪ੍ਰਾਥਮਿਕਤਾ ਹੈ ਅਤੇ ਦਿਹਾਤੀ ਤੇ ਸ਼ਹਿਰੀ ਵਿਕਾਸ ਦੇ ਸਬੰਧ ਵਿੱਚ ਸੂਬਾ ਸਰਕਾਰ ਨੇ ਪਹਿਲ ਹੀ ਹਜ਼ਾਰਾਂ ਕਰੋੜ ਰੁਪਏ ਦੀ ਇੱਕ ਵਿਆਪਕ ਯੋਜਨਾ ਉਲੀਕੀ ਹੋਈ ਹੈ ਜਿਸ ਨੂੰ ਇਸ ਵਿੱਤੀ ਵਰ੍ਹੇ
ਦੌਰਾਨ ਅਮਲੀ ਰੂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਦੌਰਾਨ ਸ਼ਹਿਰਾਂ ਵਿੱਚ ਸੜਕਾਂ, ਸਟਰੀਟ ਲਾਈਟਾਂ, ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਦਾ ਮੁਕੰਮਲ ਪ੍ਰਬੰਧ ਕੀਤਾ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਦਿਹਾਤੀ ਇਲਾਕਿਆਂ ਵਿੱਚ ਪੀਣ ਵਾਲਾ ਸਾਫ਼ ਪਾਣੀ ਮੁਹਈਆ ਕਰਵਾਉਣ, ਗੰਦੇ ਪਾਣੀ ਦੀ ਨਿਕਾਸੀ, ਪਖਾਨੇ ਤਿਆਰ ਕਰਨ ਅਤੇ ਸੜਕਾਂ ਦੀ ਮੁਰੰਮਤ ’ਤੇ ਧਿਆਨ ਕੇਂਦਰਤ ਕੀਤਾ ਗਿਆ ਹੈ।
ਸ. ਬਾਦਲ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇ ਲਾਇਕ ਬਨਾਉਣ ਲਈ ਸੂਬਾ ਸਰਕਾਰ ਨੇ ਹੁਨਰ ਵਿਕਾਸ ਦੀ ਲਹਿਰ ਨੂੰ ਵਿਕਸਤ ਕੀਤਾ ਹੈ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਪੰਜਾਬ ਨੂੰ ਸਾਰੇ ਤਰ੍ਹਾਂ ਦੇ ਨਸ਼ਿਆਂ ਤੋਂ ਮੁਕਤ ਕਰਵਾਉਣਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਤਮਾਕੂ ਦੇ ਵਾਂਗ ਹੋਰਨਾਂ ਨਸ਼ਿਆਂ ਤੋਂ ਵੀ ਛੇਤੀ ਹੀ ਮੁਕਤ ਹੋ ਜਾਵੇਗਾ। ਦੋਹਲਾ, ਬਰੜਵਾਲ, ਰੁਲਦਾ ਸਿੰਘਵਾਲਾ, ਧਾਂਦਰਾ, ਰਜਿੰਦਰਾਪੁਰੀ, ਭਸੌੜ ਆਦਿ ਪਿੰਡਾਂ ਵਿੱਚ ਸੰਗਤ ਦਰਸ਼ਨ ਦੌਰਾਨ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਲੋਕਾਂ ਨੂੰ ਵਿਕਾਸ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ’ਤੇ ਨਜ਼ਰ ਰੱਖਣਾ ਹਰੇਕ ਵਿਅਕਤੀ ਦਾ ਫਰਜ਼ ਹੈ। ਇਸ ਨਾਲ ਵਿਕਾਸ ਕਾਰਜਾਂ ਦੀ ਗਤੀ ਨੂੰ ਬਣਾਈ ਰੱਖਣ ਦੇ ਨਾਲ ਨਾਲ ਕੰਮ ਦੇ ਮਿਆਰ ਨੂੰ ਵੀ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਵਿਧਾਇਕ ਸ. ਗੋਬਿੰਦ ਸਿੰਘ ਲੋਂਗੋਵਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ ਜੇ ਐਸ ਚੀਮਾ, ਸ੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਦੇ ਮੈਂਬਰ ਸ੍ਰੀ ਭੁਪਿੰਦਰ ਸਿੰਘ ਅਤੇ ਨਛੱਤਰ ਸਿੰਘ ਜਹਾਂਗੀਰ ਹਾਜ਼ਰ ਸਨ।