May 1, 2026 3:47 am

ਟੋਲ ਪਲਾਜ਼ਾ ਬੰਦ ਕਰਵਾਉਣ ਲਈ ਨੈਸ਼ਨਲ ਹਾਈਵੇ ਕੀਤਾ ਜਾਮ

ਧੂਰੀ, 26 ਮਈ (ਜਤਿੰਦਰ ਗਰਗ)- ਧੂਰੀ-ਸੰਗਰੁਰ ਮੁੱਖ ਮਾਰਗ ’ਤੇ ਸਰਕਾਰ ਵੱਲੋਂ ਲਗਾਏ ਜਾ ਰਹੇ ਟੋਲ ਪਲਾਜੇ ਵਿਰੁੱਧ ਅੱਜ ਵੱਖ-ਵੱਖ ਰਾਜਨੀਤਿਕ, ਕਿਸਾਨ ਅਤੇ ਹੋਰ ਜੱਥੇਬੰਦੀਆਂ ਵੱਲੋਂ ਧੂਰੀ -ਲੁਧਿਆਣਾ ਮੁੱਖ ਮਾਰਗ ਜਾਮ ਕਰਕੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਇਹ ਟੋਲ ਪਲਾਜੇ ਦਾ ਕੰਮ ਬੰਦ ਕਰਵਾਉਣ ਦੀ ਮੰਗ ਕੀਤੀ। ਇਸ ਰੋਸ ਧਰਨੇ ’ਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਅ), ਭਾਰਤੀ ਕਿਸਾਨ ਯੂਨੀਅਨ, ਸੀ.ਪੀ.ਆਈ, ਸੀ.ਪੀ.ਐਮ, ਸੀ.ਪੀ.ਐਮ ਪੰਜਾਬ ਦੇ ਵੱਖ-ਵੱਖ ਆਗੂਆਂ ਨੇ ਹਿੱਸਾ ਲਿਆ।    ਇਸ ਮੌਕੇ ਵੱਖ-ਵੱਖ ਬੁਲਾਰਿਆ ਨੇ ਸੰਬੋਧਨ ਕਰਦਿਆਂ ਲੋਕਾ ਨੂੰ ਕਿਹਾ ਕਿ ਜੇਕਰ ਅਕਾਲੀ ਸਰਕਾਰ ਨੂੰ ਔਰਗਗਜੇਬ ਸਰਕਾਰ ਦਾ ਨਾਮ ਦੇ ਦਿੱਤਾ ਜਾਵੇ ਤਾਂ ਕੋਈ ਵੀ ਅਤਿਕਥਨੀ ਨਹੀਂ ਹੋਵੇਗਾ, ਉਨ੍ਹਾਂ ਕਿਹਾ ਕਿ ਜਿਵੇਂ ਮੁਗਲਾਂ ਰਾਜੇ ਜਜੀਆ ਟੈਕਸ ਵਸੂਲਦੇ ਸਨ, ਜਿਸਦੀ ਉਹ ਆਪਣੇ ਐਸ਼ੋ-ਅਰਾਮ ਲਈ ਵਰਤਦੇ ਸਨ, ਅੱਜ ਉਸੇ ਤਰ੍ਹਾਂ ਬਾਦਲ ਸਰਕਾਰ ਆਪਣੀਆਂ

ਐਸ਼ੋ-ਅਰਾਮ ਲਈ ਪੰਜਾਬੀਆਂ ਤੇ ਟੈਕਸ ਦਿੰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦਿਨ ਦੌਗੂਣੀ ਰਾਤ ਚੌਗੂਣੀ ਤਰੱਕੀ ਕਰ ਰਿਹਾ ਹੈ, 25 ਬੱਸਾਂ ਵਾਲੀ ਪ੍ਰਾਈਵੇਟ ਬੱਸ ਕੰਪਨੀ ਕਿਹੜੀ ਗਿੱਦੜਸਿੰਘੀ ਨਾਲ 450 ਬੱਸਾਂ ਦੀ ਮਾਲਕ ਬਣ ਗਈ, ਇਹ ਸਭ ਪੰਜਾਬੀਆਂ ਦੀ ਹੀ ਲੁੱਟ-ਖਸੁੱਟ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਪਣੇ ਸਰਮਾਏਦਾਰਾਂ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਇਹ ਲੁੱਟ ਦੇ ਕੇਦਰ ਖੋਲੇ ਜਾ ਰਹੇ ਹਨ, ਜਿੰਨਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ, ਸਗੋਂ ਜੇਕਰ ਪ੍ਰਸ਼ਾਸ਼ਨ ਨੇ ਸਰਕਾਰ ਦਾ ਹੱਥ ਠੋਕੂ ਬਣ ਕੇ ਟੋਲ ਪਲਾਜਾ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਸ਼ਾਸ਼ਨ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜਿਥੇ ਇਹ ਟੋਲ ਪਲਾਜਾ ਇਲਾਕੇ ਲਈ ਪਛੜਾਪਣ ਲੈ ਕੇ ਆਵੇਗਾ, ਉਥੇ ਜਿਲ੍ਹਾ ਸੰਗਰੂਰ ’ਚ ਵੱਖ-ਵੱਖ ਦਫਤਰ ਹੋਣ ਕਾਰਨ ਲੋਕਾਂ ਨੂੰ ਨਿੱਤ ਕਈ ਕਈ ਵਾਰ ਸੰਗਰੂਰ ਜਾਣਾ ਪੈਂਦਾ ਹੈ, ਉਨ੍ਹਾਂ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਵਰਲਡ ਬੈਂਕ ਦੇ ਸਹਿਯੋਗ ਨਾਂਲ ਪੰਜ ਸਾਲ ਪਹਿਲਾਂ ਬਣਾਈ ਗਈ ਇਹ ਸੜਕ ਤੇ ਜਦੋਂ ਕਿਸੇ ਨਿੱਜੀ ਵਿਅਕਤੀ ਜਾਂ ਠੇਕੇਦਾਰ ਨੇ ਕੋਈ ਰੁਪਿਆ ਨਹੀਂ ਖਰਚਿਆ ਤਾਂ ਇਸਤੇ ਟੋਲ ਟੈਕਸ ਕਿਵੇਂ ਲਾਇਆ ਜਾ ਸਕਦਾ ਹੈ। ਬਾਰ ਐਸ਼ੋਸ਼ੀਏਸ਼ਨ ਧੂਰੀ ਦੇ ਆਗੂ ਐਡਵੋਕੇਟ ਸੋਨੂੰ ਗਰਗ ਨੇ ਦੱਸਿਆ ਕਿ ਸਾਡੇ ਵੱਲੋਂ ਕੀਤੇ ਗਏ ਕੇਸ ਤੇ ਧੂਰੀ ਅਦਾਲਤ ਵੱਲੋਂ ਸਟੇਟਸ ਕੋ ਦਾ ਹੁਕਮ ਜਾਰੀ ਕੀਤਾ ਜਾ ਚੁੱਕਾ ਹੈ।
ਉਧਰ ਧਰਨਾਕਾਰੀਆਂ ਕੋਲ ਪੁੱਜੇ ਐੱਸ.ਡੀ.ਐੱਮ ਧੂਰੀ ਰਾਜੇਸ਼ ਧੀਮਾਨ ਨੇ ਭਰੌਸਾ ਦਿੰਦਿਆਂ ਕਿਹਾ ਕਿ ਠੇਕੇਦਾਰਾਂ ਦੇ ਕੁਆਟਰਾਂ ਦਾ ਕੰਮ ਭਲਕੇ ਬੰਦ ਕਰਵਾ ਦਿੱਤਾ ਜਾਵੇਗਾ ਅਤੇ ਜੋ ਠੇਕੇਦਾਰ ਵੱਲੋਂ ਸੜਕ ਦੇ ਆਲੇ ਦੁਆਲੇ ਟੋਲ ਲਗਾਉਣ ਲਈ ਜਗ੍ਹਾਂ ਪੁੱਟੀ ਹੈ, ਉਸਨੂੰ ਭਲਕੇ ਹੀ ਅਗਲੇ ਹੁਕਮਾਂ ਤੱਕ ਮਿੱਟੀ ਪੁਆ ਕੇ ਬੰਦ ਕਰਵਾ ਦਿੱਤਾ ਜਾਵੇਗਾ, ਜਿਸ ਨਾਲ ਸਹਿਮਤ ਹੁੰਦਿਆਂ ਧਰਨਾਕਾਰੀਆਂ ਨੇ ਅਣਮਿੱਥੇ ਸਮੇਂ ਲਈ ਲਗਾਇਆ ਧਰਨਾ ਚੁੱਕਣ ਦਾ ਐਲਾਨ ਕੀਤਾ।
ਇਸ ਮੌਕੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ, ਸੀ.ਪੀ.ਆਈ ਦੇ ਸੂਬਾ ਸਕੱਤਰ ਹਰਦੇਵ ਅਰਸ਼ੀ ਸਾਬਕਾ ਵਿਧਾਇਕ, ਧਨਵੰਤ ਸਿੰਘ ਧੂਰੀ, ਸੁਰਿੰਦਰਪਾਲ ਸਿੰਘ ਸਿਬੀਆਂ, ਤਰਸੇਮ ਜੋਧਾ (ਤਿੰਨੇ ਸਾਬਕਾ ਵਿਧਾਇਕ), ਕਾਂਗਰਸੀ ਆਗੂ ਸਿਮਰਪ੍ਰਤਾਪ ਸਿੰਘ ਬਰਨਾਲਾ, ਟੋਲ ਪਲਾਜਾ ਐਕਸ਼ਨ ਕਮੇਟੀ ਪੰਜਾਬ ਦੇ ਸਰਪ੍ਰਸਤ ਦਰਸ਼ਨ ਸਿੰਘ ਮੱਟੂ, ਰਾਜਿੰਦਰ ਬੇਦੀ, ਸੀ.ਪੀ.ਆਈ ਆਗੂ ਸਤਵੰਤ ਸਿੰਘ ਖੰਡੇਬਾਦ, ਭੂਪ ਚੰਦ ਚੰਨੋ, ਗੱਜਣ ਸਿੰਘ ਦੁੱਗਾਂ, ਮੇਜਰ ਸਿੰਘ ਪੁੰਨਾਵਾਲ, ਸੁਖਦੇਵ ਸਿੰਘ ਬੜੀ, ਆਮ ਆਪੂ ਦਲਵੀਰ ਸਿੰਘ ਢਿੱਲੋ, ਡਾ. ਅਮਨਦੀਪ ਕੌਰ ਗੌਸਲ, ਰਾਜਵੰਤ ਸਿੰਘ ਘੁੱਲੀ, ਕਾਂਗਰਸੀ ਆਗੂ ਸੰਦੀਪ ਸਿੰਗਲਾ, ਬਲਵਿੰਦਰ ਸਿੰਘ ਬਿੱਲੂ, ਹੰਸ ਰਾਜ ਗੁਪਤਾ, ਆਈ.ਡੀ.ਪੀ.ਆਗੂ ਕਰਨੈਲ ਸਿੰਘ ਜਖੇਪਲ, ਸੁਖਦੇਵ ਸਿੰਘ ਸ਼ਰਮਾ, ਹਰਦੇਵ ਸਿੰਘ ਘਨੌਰੀ, ਵਪਾਰ ਮੰਡਲ ਦੇ ਪ੍ਰਧਾਨ ਅਮਰਜੀਤ ਸਿੰਘ, ਰਾਜੇਸ਼ਵਰ ਪਿੰਟੂ ,ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਿਲ੍ਹਾ ਪ੍ਰਧਾਨ ਅਤਬਾਰ ਸਿੰਘ ਬਾਦਸ਼ਾਹਹਪੁਰ, ਜਿਲ੍ਹਾ ਆਗੂ ਜਰਨੈਲ ਸਿੰਘ ਜਹਾਂਗੀਰ,  ਉਗਰਾਹਾਂ ਗਰੁੱਪ ਦੇ ਹਰਬੰਸ ਸਿੰਘ ਲੱਡਾ, ਅਮਰੀਕ ਸਿੰਘ ਕਾਂਝਲਾ ਸਮੇਤ ਸੰਘਰਸ਼ ਕਮੇਟੀ ਦੇ ਕਨਵੀਨਰ ਡਾ. ਅਨਵਰ ਭਸੌੜ, ਲਖਵੀਰ ਸਿੰਘ ਧਾਂਦਰਾ ਆਦਿ ਵੀ ਹਾਜਰ ਸਨ।

Send this to a friend