April 30, 2026 10:51 pm

ਮੁੱਖ ਮੰਤਰੀ ਵੱਲੋਂ ਪਿਛਲੇ ਇਕ ਸਾਲ ਦੌਰਾਨ ਮੋਦੀ ਵੱਲੋਂ ਕੀਤੇ ਸ਼ਾਨਦਾਰ ਉਪਰਾਲਿਆਂ ਦੀ ਸ਼ਲਾਘਾ

ਮਲੋਟ, 25 ਮਈ (ਲੱਖਾ ਸ਼ਰਮਾ)- ਕੇਂਦਰ ਵਿਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੀਆਂ ਪਹਿਲੇ ਸਾਲ ਦੀਆਂ ਸ਼ਾਨਦਾਰ ਅਤੇ ਮਾਣਮੱਤੀਆਂ ਪ੍ਰਾਪਤੀਆਂ ਦੀ ਸਲਾਘਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ  ਬਾਦਲ ਨੇ ਕਿਹਾ ਹੈ ਕਿ ਸ੍ਰੀ ਮੋਦੀ ਨੇ ਥੋੜੇ ਸਮੇਂ ਦੇ ਹੀ ਇਸ ਕਾਰਜਕਾਲ ਦੌਰਾਨ ਚਮਤਕਾਰੀ ਕੰਮ ਕੀਤੇ ਹਨ ਜੋ ਕਾਂਗਰਸ ਆਪਣੇ ਕਈ ਦਹਾਕਿਆਂ ਦੇ ਕਾਰਜਕਾਲ ਵਿਚ ਵੀ ਨਹੀਂ ਕਰ ਸਕੀ ਸੀ। ਅੱਜ ਲੰਬੀ ਹਲਕੇ ਦੇ ਦੋ ਦਿਨਾਂ ਸੰਗਤ ਦਰਸ਼ਨ ਸਮਾਗਮਾਂ ਦੇ ਪਹਿਲੇ ਦਿਨ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ ਅਤੇ ਗਤੀਸ਼ੀਲ ਅਗਵਾਈ ਵਿਚ ਦੇਸ਼ ਦੀ ਅੰਤਰ ਰਾਸ਼ਟਰੀ ਪੱਧਰ ਤੇ ਦੇਸ਼ ਦੀ ਸਾਖ਼ ਅਤੇ ਹੈਸੀਅਤ ਵਿਚ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇਕ ਵਿਸਵ ਸ਼ਕਤੀ ਵਜੋਂ ਦੁਨੀਆਂ ਵਿਚ ਤੇਜੀ ਨਾਲ

ਉਭੱਰ ਰਿਹਾ ਹੈ ਜੋ ਕਿ ਹਰੇਕ ਭਾਰਤੀ ਅਤੇ ਪ੍ਰਵਾਸੀ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ।  ਸ: ਬਾਦਲ ਨੇ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਦੀ ਹੋਣੀ ਬਦਲਣ ਲਈ ਇਕ ਸਾਲ ਵਿਚ ਜੋ ਚਮਤਕਾਰੀ ਕਾਰਜ ਕੀਤੇ ਹਨ ਕਾਂਗਰਸ ਨੇ ਉਹ 20 ਸਾਲਾਂ ਵਿਚ ਵੀ ਨਹੀਂ ਕੀਤੇ ਸਨ।
     ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਕੇਂਦਰ ਸਰਕਾਰ ਨੇ ਅਨੇਕਾਂ ਗਰੀਬ ਅਤੇ ਲੋਕ ਹਿਤੈਸ਼ੀ ਯੋਜਨਾਵਾਂ ਜਿਵੇਂ ਜਨਧਨ ਯੋਜਨਾ, ਸਵੱਛ ਭਾਰਤ, ਬੇਟੀ ਬਚਾਓ ਬੇਟੀ ਪੜਾਓ, ਸਾਂਸਦ ਆਦਰਸ਼ ਗ੍ਰਾਮ ਯੋਜਨਾ, ਪ੍ਰਧਾਨ ਮੰਤਰੀ ਬੀਮਾ ਸੁਰੱਖਿਆ ਯੋਜਨਾ, ਅਟਲ ਪੈਂਸ਼ਨ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਇਸ ਪ੍ਰਕਾਰ ਦੀਆਂ ਆਮ ਲੋਕਾਂ ਦੀ ਭਲਾਈ ਦੀਆਂ ਸਕੀਮਾਂ ਬਣਾ ਕੇ ਲਾਗੂ ਨਹੀਂ ਕੀਤੀਆਂ।
ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਸੇਮ ਪ੍ਰਭਾਵਿਤ ਇਲਾਕਿਆਂ ਵਿਚ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਪੁੱਜਦਾ ਕਰਨ ਅਤੇ ਸੇਮ ਦੇ ਖਾਤਮੇ ਲਈ ਯੋਜਨਾ ਬਣਾ ਕੇ ਲਾਗੂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਿਨ੍ਹਾਂ ਸੂਬਾ ਸਰਕਾਰ ਨੇ ਇਸ ਖੇਤਰ ਦੇ ਕਿਸਾਨਾਂ ਲਈ ਅਨੇਕਾਂ ਯੋਜਨਾਵਾਂ ਬਣਾ ਕੇ ਲਾਗੂ ਕੀਤੀਆਂ ਹਨ ਜੋ ਕਿ ਪਿਛਲੇ ¦ਬੇ ਸਮੇਂ ਤੋਂ ਸੇਮ ਦੀ ਸਮੱਸਿਆ ਤੋਂ ਪੀੜਤ ਹਨ। ਸ: ਬਾਦਲ ਨੇ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਚੀਫ ਇੰਜਨੀਅਰ ਡ੍ਰੇਨਜ਼ ਦਾ ਕੈਂਪ ਆਫਿਸ ਹੀ ਗਿੱਦੜਬਾਹਾ ਵਿਖੇ ਬਣਾ ਦਿੱਤਾ ਗਿਆ ਹੈ ਤਾਂ ਜੋ ਉਹ ਇੱਥੇ ਰਹਿ ਕੇ ਸੇਮ ਨਾਲਿਆਂ ਦੀ ਸਫਾਈ ਅਤੇ ਹੋਰ ਹੜ੍ਹ ਰੋਕੂ ਪ੍ਰਬੰਧਾਂ ਦੀ ਦੇਖਰੇਖ ਕਰ ਸਕਣ। ਮੁੱਖ ਮੰਤਰੀ ਨੇ ਇਸ ਮੌਕੇ ਦੱਸਿਆ ਕਿ ਸੂਬਾ ਸਰਕਾਰ ਨੇ ਪਿਛਲੇ ਸਾਲ ਬਾਰਿਸ਼ਾਂ ਨਾਲ ਹੋਏ ਨੁਕਸਾਨ ਲਈ ਮੁਆਵਜਾ ਰਾਸ਼ੀ ਜਾਰੀ ਕਰ ਦਿੱਤੀ ਹੈ ਅਤੇ ਜਲਦ ਹੀ ਇਹ ਮੁਆਵਜਾ ਰਾਸ਼ੀ ਕਿਸਾਨਾਂ ਨੂੰ ਵੰਡ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਸੰਗਤ ਦਰਸ਼ਨ ਸਮਗਮਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਵਿਕਾਸ ਕਾਰਜਾਂ ਵਿਚ ਮੋਹਰੀ ਭੁਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਪਿੰਡਾਂ ਦੇ ਲੋਕ ਵਿਕਾਸ ਕਾਰਜਾਂ ਦੀ ਖੁਦ ਨਿਗਰਾਨੀ ਰੱਖਣ। ਉਨ੍ਹਾਂ ਨੇ ਕਿਹਾ ਕਿ ਲੋਕ ਖੁਦ ਇਹ ਪੱਕਾ ਕਰਨ ਕਿ ਕਰ ਦਾਤਾਵਾਂ ਦੇ ਧਨ ਦੀ ਸਹੀ ਵਰਤੋਂ ਹੋਵੇ ਅਤੇ ਇਹ ਲੋਕਾਂ ਦੀ ਭਾਗੀਦਾਰੀ ਨਾਲ ਹੀ ਸੰਭਵ ਹੋ ਸਕੇਗਾ।
     ਇਸ ਮੌਕੇ ਹੁਨਰ ਸਿਖਲਾਈ ਨੂੰ ਸਮੇਂ ਦੀ ਮੰਗ ਦੱਸਦਿਆਂ ਮੁੱਖ ਮੰਤਰੀ ਸ: ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਰਾਜ ਦੇ ਹਰ ਕੋਨੇ ਵਿਚ ਹੁਨਰ ਸਿਖਲਾਈ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਇਸ ਦਾ ਲਾਭ ਲੈ ਸਕਣ। ਉਨ੍ਹਾਂ ਨੇ ਕਿਹਾ ਕਿ ਰੁਜਗਾਰ ਦੇ ਵਧੀਆ ਅਵਸਰ ਮੁਹਈਆ ਕਰਵਾਉਣ ਲਈ ਨੌਜਵਾਨਾਂ ਨੂੰ ਖਾਸ ਤੌਰ ਤੇ ਔਰਤਾਂ ਨੂੰ ਹੁਨਰ ਸਿਖਲਾਈ ਲੈਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀ ਆਮਦਨ ਦੇ ਸਾਧਨ ਵੱਧ ਸਕਣ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੁਨਰ ਸਿਖਲਾਈ ਨਾਲ ਨਾ ਸਿਰਫ ਨੌਜਵਾਨਾਂ ਨੂੰ ਰੁਜਗਾਰ ਦੇ ਵਧੀਆ ਮੌਕੇ ਮਿਲਣਗੇ ਬਲਕਿ ਉਹ ਸੂਬੇ ਵਿਚ ਸਥਾਨਕ ਸਨਅਤ ਦੀਆਂ ਜਰੂਰਤਾਂ ਮੁਤਾਬਿਕ ਹੁਨਰਮੰਦ ਮਨੁੱਖੀ ਸ਼ਕਤੀ ਵੀ ਸਿਰਜਣ ਵਿਚ ਸਹਾਈ ਹੋਵੇਗੀ।  
ਇਸ ਦੌਰਾਨ ਮੁੱਖ ਮੰਤਰੀ ਨੇ ਅੱਜ ਆਲਮਵਾਲਾ, ਬੋਦੀਵਾਲਾ, ਮਿੱਡਾ, ਰਾਣੀਵਾਲਾ, ਮੋਹਲਾਂ, ਪੰਨੀਵਾਲਾ ਫੱਤਾ ਆਦਿ ਪਿੰਡਾਂ ਵਿਚ ਸੰਗਤ ਦਰਸ਼ਨ ਸਮਗਮਾਂ ਨੂੰ ਸੰਬੋਧਨ ਕੀਤਾ ਅਤੇ ਪੰਚਾਇਤਾਂ ਦੀਆਂ ਮੰਗਾ ਸੁਣ ਕੇ ਮੌਕੇ ਤੇ ਹੀ ਗ੍ਰਾਂਟਾਂ ਜਾਰੀ ਕਰਨ ਦੇ ਹੁਕਮ ਦਿੱਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਚੇਅਰਮੈਨ ਪੰਜਾਬ ਐਗਰੋ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੰਖ ਸਕੱਤਰ ਸ: ਕੇ.ਜੇ.ਐਸ. ਚੀਮਾ, ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ, ਐਸ.ਐਸ.ਪੀ. ਸ੍ਰੀ ਕੁਲਦੀਪ ਚਾਹਲ, ਏ.ਡੀ.ਸੀ. ਕੈਪਟਨ ਕਰਨੈਲ ਸਿੰਘ ਅਤੇ ਸ੍ਰੀ ਰਾਮਵੀਰ, ਚੇਅਰਮੈਨ ਸ: ਬਸੰਤ ਸਿੰਘ ਕੰਗ, ਪਨਕੋਫੈਡ ਦੇ ਚੇਅਰਮੈਨ ਸ: ਕੁਲਵਿੰਦਰ ਸਿੰਘ ਭਾਈਕਾਕੇਰਾ, ਸ: ਮਨਜੀਤ ਸਿੰਘ ਬਰਕੰਦੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਕੇਸ਼ ਧੀਂਗੜਾ, ਬਗੀਚਾ ਸਿੰਘ ਮਿੱਡਾ, ਬਲਵਿੰਦਰ ਕੌਰ ਆਲਮਵਾਲਾ, ਉਦੇਪਾਲ ਸਿੰਘ ਆਲਮਵਾਲਾ, ਗੁਰਸੇਵਕ ਸਿੰਘ, ਨਿਰਮਲ ਸਿੰਘ, ਬਲਰਾਜ ਸਿੰਘ, ਅਮਰਜੀਤ ਸਿੰਘ ਆਦਿ ਵੀ ਹਾਜਰ ਸਨ।

Send this to a friend