ਚੇਨਈ, 23 ਮਈ (ਪੀ. ਟੀ. ਲਾਇਵ)- ਆਮਦਨ ਤੋਂ ਵਧ ਜਾਇਦਾਦ ਮਾਮਲੇ ਵਿੱਚ ਹਾਈਕੋਰਟ ਤੋਂ ਬਰੀ ਹੋਣ ਤੋਂ ਬਾਅਦ ਅਨਾਦਰਮੁਕ ਜਨਰਲ ਸਕੱਤਰ ਜੈਲਲਿਤਾ ਨੇ ਅੱਜ ਪੰਜਵੀਂ ਵਾਰ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇੱਕ ਵਿਸ਼ਾਲ ਸਮਾਗਮ ਵਿੱਚ ਸੂਬੇ ਦੇ ਰਾਜਪਾਲ ਕੇ. ਰੋਸੇਆ ਨੇ 67 ਸਾਲਾ ਜੈਲਲਿਤਾ ਨੂੰ ਅਹੁਦਾ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਉਨ੍ਹਾਂ ਨੇ ਭਗਵਾਨ ਦੇ ਨਾਮ ’ਤੇ ਸਹੁੰ ਚੁੱਕੀ। ਹਾਲਾਂਕਿ ਸਹੁੰ ਚੁੱਕ ਸਮਾਗਮ ਵਿੱਚ ਰਾਸ਼ਟਰੀ ਗੀਤ ਦੇ ਅਪਮਾਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।
ਕਿਹਾ ਜਾ ਰਿਹਾ ਹੈ ਕਿ ਸ਼ੁੱਭ ਮਹੂਰਤ ਵਿੱਚ ਜੈਲਲਿਤਾ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਉਣ ਦੇ ਲਈ ਰਾਸ਼ਟਰੀ ਗੀਤ ਨੂੰ ਛੋਟਾ ਕਰਕੇ ਵਜਾਇਆ ਗਿਆ। ਮਦਰਾਸ ਯੂਨੀਵਰਸਿਟੀ ਵਿੱਚ ਜੈਲਲਿਤਾ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਰਾਸ਼ਟਰੀ ਗੀਤ ਅਤੇ ਇਸ ਤੋਂ ਬਾਅਦ ਤਾਮਿਲਨਾਡੂ ਦਾ ਰਾਜ ਗੀਤ ਵਜਾਉਣ ਦਾ ਐਲਾਨ ਕੀਤਾ ਗਿਆ, ਪਰ ਪ੍ਰੋਗਰਾਮ ’ਚ ਮੌਜੂਦ ਲੋਕਾਂ ਵਿੱਚ ਉਸ ਵੇਲੇ ਅਸਚਰਜ ਦਾ ਠਿਕਾਣਾ ਨਾ ਰਿਹਾ, ਜਦ ਰਾਸ਼ਟਰੀ ਗੀਤ ਦੀ ਸਿਰਫ ਪਹਿਲੀ ਅਤੇ ਆਖਰੀ ਪੰਕਤੀ ਹੀ ਵਜਾਈ ਗਈ। ਫਿਰ ਮੁੱਖ ਮੰਤਰੀ ਅਤੇ ਹੋਰਨਾਂ ਮੰਤਰੀਆਂ ਵੱਲੋਂ ਸਹੁੰ ਚੁੱਕਣ ਦਾ ਦੌਰ ਚੱਲਿਆ ਅਤੇ ਆਖਿਰ ਵਿੱਚ ਸੰਪੂਰਨ ਰਾਸ਼ਟਰੀ ਗੀਤ ਵਜਾਇਆ ਗਿਆ। ਜੈਲਲਿਤਾ ਦੇ ਨਾਲ 28 ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕੀ। ਮੰਤਰੀਆਂ ਨੂੰ 14-14 ਦੇ ਗਰੁੱਪ ਵਿੱਚ ਸਹੁੰ ਚੁਕਾਈ ਗਈ। ਇਸ ਤੋਂ ਪਹਿਲਾਂ ਜੈਲਲਿਤਾ ਹਰੇ ਰੰਗ ਦੀ ਸਾੜੀ ਪਹਿਨੀ ਸਹੁੰ ਚੁੱਕ ਸਮਾਗਮ ’ਚ ਪਹੁੰਚੀ, ਜਿੱਥੇ ਤਾਮਿਲਨਾਡੂ ਦੇ ਮੁੱਖ ਸਕੱਤਰ ਗਿਆਨਦੇਸੀਕਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪੂਰਾ ਸਹੁੰ ਚੁੱਕ ਸਮਾਗਮ 30 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਮੁਕੰਮਲ ਹੋ ਗਿਆ।
ਸਹੁੰ ਚੁੱਕ ਸਮਾਗਮ ਵਿੱਚ ਪ੍ਰਸਿੱਧ ਫਿਲਮ ਅਦਾਕਾਰ ਰਜਨੀਕਾਂਤ ਅਤੇ ਸੰਗੀਤਕਾਰ ਅਲਿਆਰਾਜਾ ਸਮੇਤ ਕਈ ਮੰਨੀਆਂ ਪ੍ਰਮੰਨੀਆਂ ਹਸਤੀਆਂ ਮੌਜੂਦ ਸਨ। ਇਸ ਮੌਕੇ ਕੇਂਦਰੀ ਮੰਤਰੀ ਪੀ. ਰਾਧਾਕ੍ਰਿਸ਼ਨਣ ਅਤੇ ਰਾਸ਼ਟਰੀ ਅਹੁਦੇਦਾਰ ਐਚ. ਰਾਜਾ ਸਮੇਤ ਕਈ ਭਾਜਪਾ ਨੇਤਾ ਮੌਜੂਦ ਸਨ।
ਸੂਬੇ ਭਰ ਵਿੱਚ ਜਸ਼ਨ ਦਾ ਮਾਹੌਲ
ਜੈਲਲਿਤਾ ਦੀ ਸੱਤਾ ਵਿੱਚ ਵਾਪਸੀ ਦੇ ਮੌਕੇ ’ਤੇ ਸੂਭੇ ਭਰ ਵਿੱਚ ਉਨ੍ਹਾਂ ਦੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਨੇ ਜਸ਼ਨ ਮਨਾਇਆ। ਲਗਭਗ 8 ਮਹੀਨੇ ਪਹਿਲਾਂ ਜੈਲਲਿਤਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਲਈ ਸੱਤਾ ਛੱਡਣ ਲਈ ਮਜਬੂਰ ਹੋਣਾ ਪਿਆ ਸੀ। ਮਦਰਾਸ ਯੂਨੀਵਰਸਿਟੀ ਸ਼ਤਾਬਦੀ ਹਾਲ ਵੱਲ ਜਾਣ ਦੇ ਰਸਤੇ ’ਤੇ ਦੋਨੋਂ ਪਾਸੇ ਖੜ੍ਹੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਭਾਜਪਾ ਦੀ ਚੁੱਪ ’ਤੇ ਸਵਾਲ
ਕਾਂਗਰਸ ਨੇ ਜੈਲਲਿਤਾ ਦੇ ਮਾਮਲੇ ਵਿੱਚ ਕਰਨਾਟਕ ਹਾਈਕੋਰਟ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਜਾਣ ਨੂੰ ਲੈ ਕੇ ਭਾਜਪਾ ’ਤੇ ਸਵਾਲ ਕੀਤਾ ਹੈ। ਪਾਰਟੀ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਜਿਹੜੇ ਲੋਕ ਕਰਨਾਟਕ ਸਰਕਾਰ ਨੂੰ ਸੁਪਰੀਮ ਕੋਰਟ ਜਾਣ ਦੇ ਲਈ ਕਹਿ ਰਹੇ ਹਨ, ਮੈਂ ਉਨ੍ਹਾਂ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਇਸ ਮਾਮਲੇ ਵਿੱਚ ਮੁੱਖ ਪਟੀਸ਼ਨਰ ਉਹ ਲੋਕ ਹੀ ਹਨ। ਮੈਂ ਜਾਨਣਾ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਹੈ। ਅਰੁਨ ਜੇਤਲੀ ਦਾ ਕੀ ਕਹਿਣਾ ਹੈ ਅਤੇ ਨਿਸੰਦੇਹ ਸੁਬਰਾਮਨੀਅਮ ਸਵਾਮੀ ਤਾਂ ਭਾਜਪਾ ਦੇ ਸੀਨੀਅਰ ਨੇਤਾ ਹਨ ਹੀ।