ਜਲੰਧਰ/ਚੰਡੀਗੜ੍ਹ, 18 ਮਈ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਜ਼ੋਰ ਪਾਉਣ ’ਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧੀ ਪ੍ਰਾਪਤ ਸਰੋਦ ਵਾਦਕ ਉਸਤਾਦ ਅਮਜਦ ਅਲੀ ਖਾਨ ਨੇ ਪੰਜਾਬ ਵਿੱਚ ਉਚ ਦਰਜੇ ਦੀ ਭਾਰਤੀ ਸ਼ਾਸਤਰੀ ਸੰਗੀਤ ਅਕਾਦਮੀ ਸਥਾਪਤ ਕਰਨ ਲਈ ਸੂਬਾ ਸਰਕਾਰ ਦੀ ਪੇਸ਼ਕਸ਼ ਨੂੰ ਪ੍ਰਵਾਨ ਕਰ ਲਿਆ ਹੈ ਤਾਂ ਕਿ ਸੰਗੀਤ ਦੇ ਪੁਰਾਤਨ ਕਲਾਸੀਕਲ ਸਕੂਲ ਦੀ ਸ਼ਾਨਦਾਰ ਵਿਰਾਸਤ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ ਜਿਸ ਦੀਆਂ ਮੂਲ ਜੜ੍ਹਾਂ ਪੰਜ ਦਰਿਆਵਾਂ ਦੀ ਧਰਤੀ ਵਿੱਚ ਹੀ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਦੇ ਕੌਮੀ ਮਾਮਲਿਆਂ ਅਤੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਇਹ ਅਕਾਦਮੀ ਮੋਹਾਲੀ ਜਾਂ ਮੁਲਾਂਪੁਰ (ਨਵਾਂ ਚੰਡੀਗੜ੍ਹ) ਵਿਖੇ ਬਣਾਈ ਜਾਵੇਗੀ।
ਇੰਗਲੈਂਡ ਦੇ ਉੱਘੇ ਰਾਗੀ ਹਰਭਜਨ ਸਿੰਘ ਨਾਮਧਾਰੀ ਦੇ ਗਾਇਨ ਅਤੇ ਪਦਮ ਵਿਭੂਸ਼ਣ ਉਸਤਾਦ ਅਮਜਦ ਅਲੀ ਖਾਨ ਦੇ ਸੰਗੀਤ ਨਾਲ ਤਿਆਰ ਕੀਤੀ ਸ਼ਬਦਾਂ ਦੀ ਗੁਰਬਾਣੀ ਐਲਬਮ ਨੂੰ ਰਿਲੀਜ਼ ਕਰਦੇ ਹੋਏ ਮੁੱਖ ਮੰਤਰੀ ਨੇ ਦੋਵਾਂ ਉੱਘੀਆਂ ਸ਼ਖਸੀਅਤਾਂ ਦੀ ਇਸ ਵਿਲੱਖਣ ਪਹਿਲਕਦਮੀ ’ਤੇ ਵਧਾਈ ਦਿੱਤੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਸ ਭੌਤਿਕਵਾਦੀ ਯੁੱਗ ਵਿੱਚ ਇਹ ਸ਼ਬਦ ਲੱਖਾਂ ਦੁਖੀ ਹਿਰਦਿਆਂ ਦੀ ਰੂਹ ਦੀ ਖੁਰਾਕ ਹੋਣਗੇ ਅਤੇ ਇਸ ਦੇ ਨਾਲ ਇਹ ਲੋਕਾਂ ਨੂੰ ਅਧਿਆਤਮਕਤਾ ਦੇ ਮਾਰਗ ’ਤੇ ਤੋਰਨ ਲਈ ਸਹਾਈ ਹੋਣਗੇ।
ਉਸਤਾਦ ਅਮਜਦ ਅਲੀ ਖਾਨ ਨੇ ਭਾਰਤੀ ਸਭਿਆਚਾਰ ਅਤੇ ਸਭਿਅਤਾ ਨੂੰ ਕਲਾ, ਸਾਹਿਤ ਅਤੇ ਸੰਗੀਤ ਦੀ ਅਮੀਰੀ ਪ੍ਰਦਾਨ ਕਰਨ ਲਈ ਪੰਜਾਬ ਦੇ ਵਿਲੱਖਣ ਯੋਗਦਾਨ ਦੀ ਉੱਚ ਮਹੱਤਤਾ ਦਾ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਭਾਰਤੀ ਸਭਿਅਤਾ ਦਾ ਪੰਘੂੜਾ ਹੈ। ਇਥੇ ਹੀ ਵੇਦ, ਮਹਾਂਭਾਰਤ ਅਤੇ ਰਮਾਇਣ ਲਿਖੇ ਗਏ ਅਤੇ ਗੀਤਾ ਦਾ ਮਹਾਨ ਉਪਦੇਸ਼ ਲੋਕਾਈ ਨੂੰ ਦਿੱਤਾ ਗਿਆ। ਪੰਜਾਬ ਵਿਚ ਬਹੁਤ ਸਾਰੇ ਉਚ ਦਰਜੇ ਦੇ ਸੰਗੀਤ ਘਰਾਣੇ ਸਨ ਅਤੇ ਇਥੇ ਹਰੇਕ ਸਾਲ ਅੰਤਰਰਾਸ਼ਟਰੀ ਪੱਧਰ ਦਾ ਹਰਵਲਭ ਸੰਗੀਤ ਸੰਮੇਲਨ ਕਰਵਾਇਆ ਜਾਂਦਾ ਹੈ ਪਰ ਫਿਰ ਵੀ ਜੀਵਨ ਦੀਆਂ ਤਰੰਗਾਂ ਨੂੰ ਹੋਰ ਉਚਿਆਉਣ ਦੀ ਜ਼ਰੂਰਤ ਹੈ।
ਦੇਸ਼ ਵਿੱਚ ਕਲਾ ਤੇ ਸੱਭਿਆਚਾਰ ਨੂੰ ਹੁਲਾਰਾ ਦੇਣ ਖਾਸ ਕਰਕੇ ਸ਼ਾਸਤਰੀ ਸੰਗੀਤ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਉਣ ਲਈ ਉਸਤਾਦ ਅਮਜਦ ਅਲੀ ਖਾਨ ਦੀ ਭੂਮਿਕਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਕੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਰਵਾਇਤੀ ‘ਗੁਰੂ-ਚੇਲਾ ਪ੍ਰੰਪਰਾ’ ਦੀਆਂ ਲੀਹਾਂ ’ਤੇ ਸੰਗੀਤ ਦੀ ਸਿੱਖਿਆ ਹਾਸਲ ਕਰਨ ਦੇ ਖਾਹਿਸ਼ਮੰਦਾਂ ਨੂੰ ਵਿਸ਼ਵ ਪੱਧਰੀ ਸਿਖਲਾਈ ਮੁਹੱਈਆ ਕਰਵਾਉਣ ਦੇ ਵਾਸਤੇ ਸੰਗੀਤ ਅਕਾਦਮੀ ਸ਼ੁਰੂ ਕਰਨ ਲਈ ਜ਼ੋਰ ਪਾਇਆ।
ਮੁੱਖ ਮੰਤਰੀ ਨੇ ਉਸਤਾਦ ਅਮਜਦ ਅਲੀ ਖਾਨ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਇਸ ਸਬੰਧ ਵਿੱਚ ਹਰ ਮਦਦ ਤੇ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੇ ਉਸਤਾਦ ਖਾਨ ਨੂੰ ਇਸ ਬਾਰੇ ਵਿਸਤ੍ਰਿਤ ਪ੍ਰਾਜੈਕਟ ਰਿਪੋਰਟ ਛੇਤੀ ਪੇਸ਼ ਕਰਨ ਲਈ ਕਿਹਾ ਤਾਂ ਕਿ ਇਸ ਪ੍ਰਾਜੈਕਟ ਨੂੰ ਤੇਜ਼ੀ ਨਾਲ ਅੱਗੇ ਲਿਜਾਇਆ ਜਾ ਸਕੇ। ਸ. ਬਾਦਲ ਨੇ ਮੁਹਾਲੀ ਜਾਂ ਨਿਊ ਚੰਡੀਗੜ੍ਹ (ਮੁਲਾਂਪੁਰ) ਵਿਖੇ ਇਹ ਅਕਾਦਮੀ ਸਥਾਪਤ ਕਰਨ ਲਈ ਢੁਕਵੀਂ ਜ਼ਮੀਨ ਮੁਹੱਈਆ ਕਰਵਾਉਣ ਦੀ ਵੀ ਪੇਸ਼ਕਸ਼ ਕੀਤੀ।
ਮੁੱਖ ਮੰਤਰੀ ਵੱਲੋਂ ਵਿਖਾਏ ਗਏ ਸਨੇਹ ਲਈ ਧੰਨਵਾਦ ਕਰਦਿਆਂ ਉਸਤਾਦ ਅਮਜਦ ਅਲੀ ਖਾਨ ਨੇ ਕਿਹਾ ਕਿ ਉਹ ਗੁਰੂਆਂ, ਪੀਰਾਂ-ਪੈਗੰਬਰਾਂ ਤੇ ਸੰਤਾਂ ਦੀ ਧਰਤੀ ਪੰਜਾਬ ਵਿੱਚ ਸੰਗੀਤ ਅਕਾਦਮੀ ਸ਼ੁਰੂ ਕਰਨ ਲਈ ਬਹੁਤ ਜ਼ਿਆਦਾ ਤਤਪਰ ਹਨ ਅਤੇ ਇਹ ਅਕਾਦਮੀ ਸੰਗੀਤ ਪ੍ਰੇਮੀਆਂ ਨੂੰ ਸਿਹਤਮੰਦ ਮੰਚ ਮੁਹੱਈਆ ਕਰਾਏਗੀ। ਉਸਤਾਦ ਅਮਜਦ ਅਲੀ ਖਾਨ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤੀ ਗਈ ਇਹ ਪੇਸ਼ਕਸ਼ ਉਨ੍ਹਾਂ ਦੀ ਭਾਰਤੀ ਸ਼ਾਸਤਰੀ ਸੰਗੀਤ ਨੂੰ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦੀ ਉਮੰਗ ਨੂੰ ਪੂਰਾ ਕਰੇਗੀ। ਚੋਟੀ ਦੇ ਸਰੋਦ ਵਾਦਕ ਨੇ ਅੱਗੇ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅਕਾਦਮੀ ਸਥਾਪਤ ਕਰਨ ਦੇ ਇਛੁੱਕ ਹਨ ਜਿਨ੍ਹਾਂ ਨੇ ਆਪਸੀ ਭਾਈਚਾਰਾ ਅਤੇ ਪ੍ਰੇਮ ਦਾ ਸੰਦੇਸ਼ ਦਿੱਤਾ ਅਤੇ ਮਾਨਵਤਾ ਨੂੰ ਪਰਮਾਤਮਾ ਦੇ ਲੜ ਲਾਇਆ। ਉਸਤਾਦ ਖਾਨ ਨੇ ਕਿਹਾ ਕਿ ਗੁਰਬਾਣੀ ਐਲਬਮ ਵਿੱਚ ਦਿੱਤਾ ਗਿਆ ਸੰਗੀਤ ਨਾ ਸਿਰਫ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਗੋਂ ਇਹ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਗੁਰੂ ਜੀ ਦੇ ਸ਼ਬਦਾਂ ਨੂੰ ਰਬਾਬ ’ਤੇ ਸੰਗੀਤਬੱਧ ਕੀਤਾ ਅਤੇ ਉਨ੍ਹਾਂ (ਉਸਤਾਦ ਅਮਜਦ ਅਲੀ ਖਾਨ) ਦੇ ਵਡੇਰਿਆਂ ਨੇ ਇਸ ਰਬਾਬ ਨੂੰ ਵਿਕਸਤ ਕਰਕੇ ਸਰੋਦ ਦਾ ਨਵੀਨਤਮ ਰੂਪ ਦਿੱਤਾ।
ਇਸ ਮੌਕੇ ਮੁੱਖ ਮੰਤਰੀ ਦੇ ਕੌਮੀ ਮਾਮਲਿਆਂ ਤੇ ਮੀਡੀਆ ਬਾਰੇ ਸਲਾਹਕਾਰ ਸ੍ਰੀ ਹਰਚਰਨ ਬੈਂਸ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗਗਨਦੀਪ ਸਿੰਘ ਬਰਾੜ, ਸ੍ਰੀ ਕੇ.ਜੇ.ਐਸ. ਚੀਮਾ ਅਤੇ ਸ੍ਰੀ ਐਸ.ਕੇ. ਰਾਜੂ, ਨਾਮਧਾਰੀ ਦਰਬਾਰ ਦੇ ਪ੍ਰਧਾਨ ਸੁਰਿੰਦਰ ਸਿੰਘ ਨਾਮਧਾਰੀ, ਉਸਤਾਦ ਅਮਜਦ ਅਲੀ ਖਾਨ ਦੇ ਪੁੱਤਰ ਜਨਾਬ ਅਮਾਨ ਅਲੀ ਖਾਨ ਅਤੇ ਰਾਗੀ ਹਰਭਜਨ ਸਿੰਘ ਦੇ ਪਰਿਵਾਰ ਦੇ ਮੈਂਬਰ ਹਾਜ਼ਰ ਸਨ।