ਸੰਗਰੂਰ/ਧੂਰੀ 15 ਮਈ (ਹਰਜੀਤ ਸਿੰਘ ਹਸਨਪੁਰੀ, ਗਰੋਵਰ)- ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਭਾਰਤ ਸਰਕਾਰ ਇਰਾਕ ਵਿੱਚ ਫਸੇ 39 ਪੰਜਾਬੀਆਂ ਦਾ ਪਤਾ ਲਗਾਉਣ ਲਈ ਪੂਰੇ ਯਤਨ ਕਰ ਰਹੀ ਹੈ। ਅੱਜ ਇਥੇ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਮਸਲੇ ਤੇ ਕੇਂਦਰ ਸਰਕਾਰ ਨਾਲ ਪੂਰੀ ਤਰ੍ਹਾਂ ਰਾਬਤੇ ਵਿੱਚ ਹੈ ਤਾਂ ਜੋ ਇਹਨਾਂ ਨੌਜਵਾਨਾਂ ਦਾ ਪਤਾ ਲਗਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਇਹ ਨੌਜਵਾਨ ਹੁਣ ਤੱਕ ਉਥੋਂ ਇਰਾਕ ਤੋਂ ਵਾਪਿਸ ਨਹੀਂ ਪਰਤੇ ਹਨ ਪਰ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਇਹਨਾਂ ਦੀ ਰਿਹਾਈ ਲਈ ਕੋਈ ਵੀ ਕਸਰ ਬਾਕੀ ਨਹੀ ਛੱਡ
ਰਹੀ। ਉਨ੍ਹਾਂ ਕਿਹਾ ਉਨ੍ਹਾਂ ਨੇ ਨਿੱਜੀ ਤੌਰ ਤੇ ਕੇਂਦਰੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਕੋਲ ਕਈ ਵਾਰ ਇਹ ਮਾਮਲਾ ਚੁੱਕਿਆ ਹੈ ਉਨ੍ਹਾਂ ਨੇ ਇਹ ਵੀ ਯਕੀਨ ਦਿਵਾਇਆ ਕਿ ਕੇਂਦਰ ਸਰਕਾਰ ਇਹਨਾਂ ਨੌਜਵਾਨਾਂ ਦੀ ਰਿਹਾਈ ਲਈ ਪੂਰਾ ਯਤਨ ਕਰ ਰਹੀ ਹੈ।
ਇਸ ਔਖੀ ਘੜੀ ਵਿੱਚ ਇਰਾਕ ’ਚ ਫਸੇ ਨੌਜਵਾਨਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਪੂਰੀ ਵਚਨਬੱਧਤਾ ਦਰਸਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸੂਬਾ ਸਰਕਾਰ ਦੇ ਅਫ਼ਸਰਾਂ ਨੂੰ ਆਦੇਸ਼ ਦਿੱਤਾ ਹੈ ਕਿ ਇਹਨਾਂ ਪਰਿਵਾਰਾਂ ਦੀ ਸਹਾਇਤਾ ਲਈ ਵਿੱਤੀ ਸਹਾਇਤਾ ਪੂਰੇ ਸਮੇਂ ਤੇ ਮੁਹੱਈਆ ਕਰਾਉਣ। ਮੁੱਖ ਮੰਤਰੀ ਨੇ ਕਿਹਾ ਸੂਬਾ ਸਰਕਾਰ ਇਹਨਾਂ ਪਰਿਵਾਰਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਕ ਹੋਰ ਸਵਾਲ ਦੇ ਜਵਾਬ ’ਚ ਮੁੱਖ ਮੰਤਰੀ ਨੇ ਮੁੜ ਦੋਹਰਾਇਆ ਕਿ ਸੂਬਾ ਸਰਕਾਰ ਸਿੱਖ ਰੈਫਰੈਂਸ ਲਾਇਬਰੇਰੀ ਵਿੱਚੋਂ ਬਲੂ ਸਟਾਰ ਦੌਰਾਨ ਭਾਰਤੀ ਸੈਨਾਂ ਵੱਲੋਂ ਲਿਜਾਏ ਗਏ ਸਮਾਨ ਨੂੰ ਵਾਪਸ ਕਰਨ ਦੀ ਮੰਗ ਕੇਂਦਰ ਸਰਕਾਰ ਕੋਲ ਕਰੇਗੀ। ਉਨ੍ਹਾਂ ਕਿਹਾ ਕਿ ਇਹ ਚੀਜ਼ਾ ਸੂਬੇ ਦੀ ਵੱਡਮੁੱਲੀ ਵਿਰਾਸਤ ਦਾ ਇਕ ਹਿੱਸਾ ਹੈ ਜਿਸ ਦੇ ਲਈ ਸੂਬਾ ਸਰਕਾਰ ਇਹ ਯਤਨ ਨਿਰੰਤਰ ਕਰਦੀ ਰਹੇਗੀ ਉਨ੍ਹਾਂ ਕਿਹਾ ਕਿ ਇਸ ਪਿਛੇ ਕੋਈ ਵੀ ਸਿਆਸੀ ਜਾਂ ਗੁਪਤ ਏਜੰਡਾ ਨਹੀਂ ਹੈ ਅਤੇ ਇਹ ਸਰਕਾਰ ਦੀ ਨੈਤਿਕ ਜਿੰਮੇਵਾਰੀ ਹੈ।
ਕਾਂਗਰਸੀ ਆਗੂਆਂ ਵੱਲੋਂ ਅੱਤਵਾਦ ਦਾ ਹਊਆ ਖੜ੍ਹਾ ਕਰਨ ਦੀਆਂ ਕੋਸ਼ਿਸਾਂ ਦੀ ਸਖ਼ਤ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸੀ ਆਗੂ ਇਸ ਤਰ੍ਹਾਂ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ’ਚ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਅਤੇ ਕਿਸੇ ਵੀ ਹਾਲਤ ਵਿੱਚ ਇਸਨੂੰ ਭੰਗ ਨਹੀ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਕਾਂਗਰਸ ਦੇ ਕਈਂ ਆਗੂ ਆਪਣੀ ਨਿੱਜੀ ਸਿਆਸੀ ਖਿਆਲਾਂ ਨੂੰ ਪੂਰਾ ਕਰਨ ਲਈ ਅਜਿਹੇ ਹਊਏ ਬਾਰ ਬਾਰ ਖੜ੍ਹੇ ਕਰ ਰਹੇ ਹਨ।
ਇਸ ਮੌਕੇ ’ਤੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੰਗਰੂਰ ਦੇ ਬੱਸ ਅੱਡੇ ਦਾ ਨਿਰਮਾਣ ਕਾਰਜ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਇਸੇ ਦੌਰਾਨ ਮੁੱਖ ਮੰਤਰੀ ਨੇ ਭਾਰੀ ਮੀਂਹ ਦੇ ਬਾਵਜੂਦ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ।
ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਵੱਲੋਂ ਇਕ ਪ੍ਰਾਈਵੇਟ ਬੱਸ ਦੀ ਭੰਨਤੋੜ ਕਰਨ ਵਾਲੇ ਵਿਦਿਆਰਥੀਆਂ ਦੀ ਬਿਨ੍ਹਾਂ ਸ਼ਰਤ ਰਿਹਾਈ ਦੀ ਕੀਤੀ ਗਈ ਮੰਗ ਤੇ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਮਨ ਕਾਨੂੰਨ ਦਾ ਮਸਲਾ ਹੋਣ ਕਾਰਨ ਇਸ ਮੁੱਦੇ ਨੂੰ ਪੰਜਾਬ ਪੁਲਿਸ ਵੱਲੋਂ ਹੀ ਵੇਖਿਆ ਜਾਵੇਗਾ। ਉਨ੍ਹਾਂ ਕਿਹਾ ਸੂਬਾ ਸਰਕਾਰ ਸਮਾਜ ਦੇ ਹਰ ਵਰਗ ਦੀ ਗੱਲ ਸੁਣਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਇਸ ਲਈ ਕਿਸੇ ਨੂੰ ਵੀ ਅਮਨ ਕਾਨੂੰਨ ਆਪਣੇ ਹੱਥ ਵਿੱਚ ਨਹੀ ਲੈਣਾ ਚਾਹੀਦਾ।
ਇਸ ਮੌਕੇ ਮੁੱਖ ਮੰਤਰੀ ਨਾਲ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ, ਕੈਬਨਿਟ ਮੰਤਰੀ ਸ. ਪ੍ਰਮਿੰਦਰ ਸਿੰਘ ਢੀਂਡਸਾ, ਹਲਕਾ ਵਿਧਾਇਕ ਸ. ਗੋਬਿੰਦ ਸਿੰਘ ਲੌਂਗੋਵਾਲ ਅਤੇ ਇਕਬਾਲ ਸਿੰਘ ਝੂੰਦਾਂ, ਚੇਅਰਮੈਨ ਪੀ.ਆਰ.ਟੀ. ਅਵਤਾਰ ਸਿੰਘ ਬਰਾੜ, ਮੁੱਖ ਸੰਸਦੀ ਸਕੱਤਰ ਸ੍ਰੀ ਪਰਕਾਸ਼ ਚੰਦ ਗਰਗ, ਚੇਅਰਮੈਨ ਪੰਜਾਬ ਪ੍ਰਵਾਸੀ ਭਲਾਈ ਬੋਰਡ ਆਰ.ਸੀ.ਯਾਦਵ, ਮੁੱਖ ਮੰਤਰੀ ਦੇ ਵਿਸ਼ੇਸ ਸਕੱਤਰ ਸ. ਕੇ.ਜੀ.ਐਸ. ਚੀਮਾ, ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਥਿੰਦ ਅਤੇ ਹੋਰ ਅਧਿਕਾਰੀ ਅਤੇ ਅਕਾਲੀ ਆਗੂ ਹਾਜ਼ਰ ਸਨ।