ਚੰਡੀਗੜ੍ਹ , 7 ਮਈ (ਨਾਗਪਾਲ)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੂੰ ਮੁਹਾਲੀ ਵਿਖੇ ਵਿਸ਼ਵ ਪੱਧਰੀ ਕਨਵੈਨਸ਼ਨ ਕਮ ਟਰੇਡ ਸੈਂਟਰ ਸਥਾਪਿਤ ਕਰਨ ਦਾ ਸੱਦਾ ਦਿੱਤਾ ਹੈ। ਫਿਕੀ ਨੂੰ ਪੰਜਾਬ ਦੇ ਵਿਕਾਸ ਵਿਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਕੇਂਦਰ ਲਈ ਜ਼ਮੀਨ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਪੰਜਾਬ ਨੂੰ ਨਿਵੇਸ਼ ਲਈ ਸਭ ਤੋਂ ਢੁੱਕਵਾਂ ਸਥਾਨ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਸੂਬੇ ਅੰਦਰ ਇਕ ਸਾਲ ਦੌਰਾਨ 9500 ਕਰੋੜ ਰੁਪੈ ਦਾ ਨਿਵੇਸ਼ ਹੋਇਆ ਹੈ। ਉਨ੍ਹ੍ਯਾਂ ਨੇ ਫਿਕੀ ਨੂੰ ਕੌਮੀ ਕਾਰਜਕਾਰਨੀ ਦੀ ਅਗਲੀ ਮੀਟਿੰਗ ਅੰਮ੍ਰਿਤਸਰ ਵਿਖੇ ਕਰਨ ਦਾ ਸੱਦਾ ਵੀ ਦਿੱਤਾ। ਅੱਜ ਇੱਥੇ ਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਕੁਝ ਨਾਮੀ
ਉਦਯੋਗਿਕ ਕੰਪਨੀਅ੍ਯਾਂ ਨਾਲ ਨਿਵੇਸ਼ ਸਬੰਧੀ ਗੱਲਬਾਤ ਅਗਲੇਰੇ ਪੜਾਅ ’ਤੇ ਹੈ। ਉਨ੍ਹਾਂ ਨਾਲ ਹੀ ਐਲਾਨ ਕੀਤਾ ਕਿ ਦੂਜਾ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 28 ਤੇ 29 ਅਕਤੂਬਰ ਨੂੰ ਮੁਹਾਲੀ ਵਿਖੇ ਕਰਵਾਇਆ ਜਾਵੇਗਾ, ਜਿਸ ਵਿਚ ਭਾਗ ਲੈਣ ਲਈ ਉਨ੍ਹਾਂ ਫਿਕੀ ਦੇ ਮੈਂਬਰਾਂ ਤੇ ਉਦਯੋਗਪਤੀਆਂ ਨੂੰ ਸੱਦਾ ਦਿੱਤਾ। ਸ. ਬਾਦਲ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿੱਥੇ ਸਾਲ ਦੇ ਅੰਤ ਤੱਕ ਸਾਰੇ ਵਿਭਾਗ ਆਨਲਾਇਨ ਕੰਮ ਕਰਨਾ ਸ਼ੁਰੂ ਕਰ ਦੇਣਗੇ। ਉਨਾਂ ਕਿਹਾ ਕਿ ਈ-ਗਵਰਨੈਂਸ, ਈ- ਸਰਕਾਰ ਤੇ ਈ- ਡਿਸਟ੍ਰਿਕ ਜਿਹੇ ਪ੍ਰਾਜੈਕਟਾਂ ਤਹਿਤ ਪੰਜਾਬ ਸਾਰੀਆਂ ਨਾਗਰਿਕ ਸੇਵਾਵਾਂ ਆਨਲਾਇਨ ਮੁਹੱਈਆ ਕਰਵਾਉਣ ਵਾਲਾ ਸੂਬਾ ਹੋਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਸੂਬੇ ਵਿਚ ਲੋਕਾਂ ਨੂੰ ਰੋਜ਼ਮੱਰਾ ਦੀਆਂ ਸੇਵਾਵਾਂ ਉਨ੍ਹਾਂ ਦੇ ਘਰ ਦੇ ਬਿਲਕੁਲ ਨਜ਼ਦੀਕ ਦੇਣ ਲਈ 2500 ਸੇਵਾ ਕੇਂਦਰ ਇਸ ਸਾਲ ਜੁਲਾਈ ਤੱਕ ਕੰਮ ਕਰਨਾ ਸ਼ੁਰੂ ਕਰ ਦੇਣਗੇ।
ਉਨ੍ਹਾਂ ਫਿਕੀ ਦੇ ਮੈਂਬਰਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਨੇ ਨਿਵੇਸ਼ ਲਈ ਸਾਰੀਆਂ ਲੋੜੀਂਦੀਆਂ ਸ਼ਰਤਾਂ ਜਿਵੇਂ ਕਿ ਹਵਾਈ ਸੰਪਰਕ, ਵਿਸ਼ਵ ਪੱਧਰੀ ਸੜਕੀ ਢਾਂਚਾ, 24 ਘੰਟੇ ਬਿਜਲੀ ਸਪਲਾਈ ਤੋਂ ਇਲਾਵਾ 30 ਦਿਨਾਂ ਅੰਦਰ ਪ੍ਰਾਜੈਕਟ ਸਥਾਪਨਾ ਲਈ ਸਭ ਮਨਜ਼ੂਰੀਆਂ ਦੇਣ ਲਈ ਪੰਜਾਬ ਨਿਵੇਸ਼ਕ ਬਿਊਰੋ ਦੀ ਸਥਾਪਨਾ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ ਬਿਊਰੋ ਵਲੋਂ ਔਸਤਨ 37 ਦਿਨ ਦੇ ਅੰਦਰ-ਅੰਦਰ ਸਭ ਮਨਜ਼ੂਰੀਆਂ ਦਿੱਤੀਆਂ ਜਾ ਰਹੀਆਂ ਹਨ , ਜੋ ਕਿ ਅਗੋਂ 30 ਦਿਨ ਦੇ ਅੰਦਰ ਮਿਲਣਗੀਆਂ।
ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਦੌਰਾਨ ਫਿਕੀ ਦੇ ਪ੍ਰਧਾਨ ਡਾ. ਜਯੋਤਸਨਾ ਸੂਰੀ , ਐਮ.ਡੀ.ਭਾਰਤ ਹੋਟਲਜ਼ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ ਆਪਣੀ ਕਾਰਜਕਾਰਨੀ ਦੀ ਅਗਲੀ ਮੀਟਿੰਗ ਅੰਮ੍ਰਿਤਸਰ ਵਿਖੇ ਕਰਵਾਈ ਜਾਵੇਗੀ ਅਤੇ ਪੰਜਾਬ ਵਿਚ ਆਪਣਾ ਉ¤ਤਰੀ ਭਾਰਤ ਦਾ ਦਫਤਰ ਸਥਾਪਿਤ ਕੀਤਾ ਜਾਵੇਗਾ। ਐਸੋਸੀਏਸ਼ਨ ਵਲੋਂ ਚਲਾਏ ਜਾ ਰਹੇ ਲੋਕ ਭਲਾਈ ਦੇ ਕੰਮਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਫਿਕੀ ਵਲੋਂ ਲੰਬੀ ਵਿਧਾਨ ਸਭਾ ਹਲਕੇ ਦੇ ਇਕ ਪਿੰਡ ਨੂੰ ਅਪਣਾ ਕੇ ਉਸਦਾ ਵਿਕਾਸ ਕਰਨ ਤੋਂ ਇਲਾਵਾ ਅੰਮ੍ਰਿਤਸਰ ਵਿਖੇ ਨਸ਼ਾ ਛੁਡਾਊ ਕੇਂਦਰ ਅਤੇ ਲੁਧਿਆਣਾ ਵਿਖੇ ਔਰਤ ਸ਼ਸ਼ਕਤੀਕਰਨ ਪ੍ਰਾਜੈਕਟ ਵੀ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਉਪ ਪ੍ਰਧਾਨ ਪੰਕਜ ਪਟੇਲ ਅਤੇ ਫਿਕੀ ਦੀ ਖੇਤਰੀ ਸਲਾਹਕਾਰ ਕੌਂਸਲ ਦੇ ਚੇਅਰਮੈਨ ਰਾਜਿੰਦਰ ਗੁਪਤਾ , ਐਮ.ਡੀ. ਟ੍ਰਾਈਡੈਂਟ ਗਰੁੱਪ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੁੱਖ ਤੌਰ ’ਤੇ ਪੰਜਾਬ ਨਿਵੇਸ਼ ਬਿਊਰੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਨੁਰਿੱਧ ਤਿਵਾੜੀ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ.ਔਜਲਾ ਤੋਂ ਇਲਾਵਾ ਫਿਕੀ ਦੇ ਅਹੁਦੇਦਾਰ ਤੇ ਨਾਮੀ ਉਦਯੋਗਪਤੀ ਵੀ ਸ਼ਾਮਿਲ ਸਨ।