ਚੰਡੀਗੜ੍ਹ, 6 ਮਈ (ਪੀ. ਟੀ.)- ਵੱਖ-ਵੱਖ ਹੁਨਰ ਵਿਕਾਸ ਸਕੀਮਾਂ ਨੂੰ ਇੱਕ ਛੱਤਰੀ ਹੇਠ ਲਿਆਉਣ ਦੀ ਵਕਾਲਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ‘ਮੇਕ ਇੰਨ ਇੰਡੀਆ’ ਦਾ ਸੁਪਨਾ ਸਾਕਾਰ ਕਰਨ ਲਈ ਇਹ ਬਹੁਤ ਜ਼ਰੂਰੀ ਹੈ। ਅੱਜ ਇਥੇ ਨੀਤੀ ਆਯੋਗ ਵਿਖੇ ਹੁਨਰ ਵਿਕਾਸ ਨਾਲ ਸਬੰਧਤ ਵੱਖ-ਵੱਖ ਸਕੀਮਾਂ ਨੂੰ ਇੱਕ ਛੱਤਰੀ ਹੇਠ ਲਿਆਉਣ ਬਾਰੇ ਕੇਂਦਰੀ ਮੰਤਰੀਆਂ ਅਤੇ ਭਾਰਤ ਸਰਕਾਰ ਦੇ ਸਕੱਤਰਾਂ ਦੀ ਮੀਟਿੰਗ ਦੌਰਾਨ ਆਪਣਾ ਕੁੰਜੀਵੱਤ ਭਾਸ਼ਣ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਤਕਰੀਬਨ 20 ਕੇਂਦਰੀ ਮੰਤਰਾਲੇ/ਵਿਭਾਗ ਹੁਨਰ ਵਿਕਾਸ ਦੀਆਂ 70 ਸਕੀਮਾਂ ਲਾਗੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਨਰ ਵਿਕਾਸ ਦੀਆਂ ਇਨ੍ਹਾਂ ਬਹੁਤਾਤ ਸਕੀਮਾਂ ਦੇ ਵੱਖ-ਵੱਖ ਨਿਯਮ ਹਨ ਜਿਸ ਦੇ ਨਤੀਜੇ ਵਜੋਂ ਵਸੀਲਿਆਂ ਦੀ ਫਜ਼ੂਲ ਖਰਚੀ ਹੋ ਰਹੀ ਹੈ। ਸ. ਬਾਦਲ ਨੇ ਕਿਹਾ ਕਿ ਹੁਨਰ ਵਿਕਾਸ ਦੀਆਂ ਇਨ੍ਹਾਂ ਵੱਖ-
ਵੱਖ ਸਕੀਮਾਂ ਨੂੰ ਇੱਕ ਛੱਤਰੀ ਹੇਠ ਲਿਆਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਜਿਹਾ ਭਾਰਤ ਸਰਕਾਰ ਅਤੇ ਸੂਬਿਆਂ ਦੇ ਵੱਲੋਂ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਾਰਿਆਂ ਦੇ ਵਿਚਾਰ ਮਹੱਤਵਪੂਰਨ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹੁਨਰ ਵਿਕਾਸ ਦਾ ਮੁੱਦਾ ਦੇਸ਼, ਇਸ ਦੇ ਅਰਥਚਾਰੇ ਅਤੇ ਨੌਜਵਾਨਾਂ ਦੇ ਭਵਿੱਖ ਲਈ ਬਹੁਤ ਜ਼ਿਆਦਾ ਮਹੱਤਤਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਰੇਕ ਨੌਜਵਾਨ ਨੂੰ ਹੁਨਰ ਸਿਖਲਾਈ ਮੁਹੱਈਆ ਕਰਵਾਉਣਾ ਸਮੇਂ ਦੀ ਜ਼ਰੂਰਤ ਹੈ। ਸ. ਬਾਦਲ ਨੇ ਕਿਹਾ ਕਿ ਭਾਰਤ ਇਸ ਵੇਲੇ ਨੌਜਵਾਨਾਂ ਦਾ ਦੇਸ਼ ਹੈ ਅਤੇ ਇਸ ਦੀ 65 ਫੀਸਦੀ ਆਬਾਦੀ 35 ਸਾਲ ਦੀ ਉਮਰ ਤੋਂ ਘੱਟ ਹੈ ਪਰ ਦੇਸ਼ ਨੂੰ ਬੇਰੁਜ਼ਗਾਰੀ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਹਾਤੀ ਨੌਜਵਾਨਾਂ, ਔਰਤਾਂ ਅਤੇ ਸਮਾਜ ਦੇ ਹੇਠਲੇ ਤੱਬਕੇ ਵਿਚ ਇਹ ਸਮੱਸਿਆ ਹੋਰ ਵੀ ਵੱਧ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਨੌਜਵਾਨਾਂ ਦਾ ਹੁਨਰ ਵਿਕਾਸ ਬੇਰੁਜ਼ਗਾਰੀ ਅਤੇ ਗਰੀਬੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਮਦੱਦਗਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸਾਡਾ ਦੇਸ਼ ਹੁਨਰ ਵਿਕਾਸ ਦੇ ਪੱਖ ਤੋਂ ਹੋਰਾਂ ਦੇਸ਼ਾਂ ਨਾਲੋਂ ਕਾਫੀ ਪਿੱਛੇ ਹੈ। ਸਾਡੇ ਦੇਸ਼ ਦੀ ਸਿਰਫ 12 ਫੀਸਦੀ ਜਨਸੰਖਿਆ ਕਿੱਤਾਕਾਰੀ ਦੇ ਪੱਖ ਤੋਂ ਸਿੱਖਿਅਤ ਹੈ ਜਦਕਿ ਕੋਰੀਆ ਵਿਚ 96 ਫੀਸਦੀ, ਜਪਾਨ ਵਿਚ 80 ਫੀਸਦੀ ਅਤੇ ਜਰਮਨੀ ਵਿਚ 75 ਫੀਸਦੀ ਲੋਕ ਸਿੱਖਿਅਤ ਹਨ। ਸ. ਬਾਦਲ ਨੇ ਅੱਗੇ ਕਿਹਾ ਕਿ ਇੱਕ ਅੰਦਾਜ਼ੇ ਦੇ ਮੁਤਾਬਿਕ ਦੇਸ਼ ਨੂੰ 109 ਮਿਲੀਅਨ ਨਵੇਂ ਹੁਨਰ ਸਿਖਲਾਈ ਪ੍ਰਾਪਤ ਵਿਅਕਤੀਆਂ ਦੀ ਜ਼ਰੂਰਤ ਹੈ ਅਤੇ 2020 ਤੱਕ ਤਕਰੀਬਨ 460 ਮਿਲੀਅਨ ਲੋਕਾਂ ਨੂੰ ਮੁੜ ਹੁਨਰਮੰਦ ਕਰਨ ਅਤੇ ਉਨ੍ਹਾਂ ਦੇ ਹੁਨਰ ਵਿਚ ਵਾਧਾ ਕਰਨ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਕਿਹਾ ਕਿ ਸਿਹਤ ਤੋਂ ਲੈ ਕੇ ਸੂਚਨਾ ਤਕਨਾਲੋਜੀ ਅਤੇ ਅੱਗੇ ਸੈਰ-ਸਪਾਟੇ ਆਦਿ ਤੱਕ ਦੇ ਸਾਰੇ ਉਦਯੋਗਿਕ ਖੇਤਰਾਂ ਵਿਚ ਹੁਨਰਮੰਦ ਸ਼ਕਤੀ ਦੀ ਅਣਹੋਂਦ ਹੈ ਅਤੇ ਦੂਜੇ ਪਾਸੇ ਸਾਡੇ ਵੱਡੀ ਗਿਣਤੀ ਨੌਜਵਾਨ ਨੌਕਰੀਆਂ ਤੋਂ ਬਿਨ੍ਹਾਂ ਘੁੰਮ ਰਹੇ ਹਨ ਅਤੇ ਇਸ ਪਾੜੇ ਨੂੰ ਖਤਮ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।
ਦੇਸ਼ ਦੇ ਹਰੇਕ ਨੌਜਵਾਨ ਨੂੰ ਹੁਨਰ ਪ੍ਰਾਪਤੀ ਦਾ ਅਧਿਕਾਰ ਦਿੱਤੇ ਜਾਣ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹੁਨਰ ਵਿਕਾਸ ਦੀ ਚੁਣੌਤੀ ਦੇ ਨਾਲ ਨਿਪਟਣ ਲਈ ਮਿਸ਼ਨਰੀ ਭਾਵਨਾ ਨਾਲ ਇੱਕ ਵੱਡੀ ਮੁਹਿੰਮ ਆਰੰਭਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਭਾਵੇਂ ਰਾਸ਼ਟਰੀ ਪੱਧਰ ਉਤੇ ਸਾਡਾ ਸਾਂਝਾ ਢਾਂਚਾ ਹੈ ਪਰ ਹਰੇਕ ਸੂਬੇ ਨੂੰ ਉਸ ਸੈਕਟਰ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਜਿਸ ਵਿਚ ਰੁਜ਼ਗਾਰ ਦੀ ਵੱਡੀ ਸਮਰੱਥਾ ਹੋਵੇ। ਉਨ੍ਹਾਂ ਕਿਹਾ ਕਿ ਹੁਨਰ ਸਿਖਲਾਈ ਨੂੰ ਲਾਜ਼ਮੀ ਤੌਰ ’ਤੇ ਰੁਜ਼ਗਾਰ ਦੇ ਨਾਲ ਜੋੜਿਆ ਜਾਣਾ ਚਾਹੀਦਾ ਹੈ। ਸ. ਬਾਦਲ ਨੇ ਕਿਹਾ ਕਿ ਸਿਖਲਾਈ ਮੁਹੱਈਆ ਕਰਵਾਉਣ ਵਾਲੀ ਜਨਸੰਖਿਆ ਖਾਸ ਕਰ ਦਿਹਾਤੀ ਨੌਜਵਾਨਾਂ, ਕਮਜ਼ੋਰ ਵਰਗਾਂ ਅਤੇ ਔਰਤਾਂ ਦੀ ਲਾਮਬੰਦੀ ਲਈ ਵਿਸ਼ੇਸ਼ ਮੁਹਿੰਮ ਆਰੰਭਣ ਦੀ ਲੋੜ ਹੈ ਤਾਂ ਜੋ ਉਨ੍ਹਾਂ ਨੂੰ ਹੁਨਰ ਸਿਖਲਾਈ ਪ੍ਰੋਗਰਾਮਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹੁਨਰ ਵਿਕਾਸ ਮਿਸ਼ਨ ਸਚਮੁੱਚ ਹੀ ਇਸ ਸਬੰਧ ਵਿਚ ਮਿਸ਼ਨ ਦੇ ਰੂਪ ਵਿਚ ਕੰਮ ਕਰ ਰਿਹਾ ਹੈ।
ਹੁਨਰ ਵਿਕਾਸ ਬਾਰੇ ਕੇਂਦਰੀ ਰਾਜ ਮੰਤਰੀ ਸ੍ਰੀ ਰਾਜੀਵ ਪ੍ਰਤਾਪ ਰੂਡੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਰਾਸ਼ਟਰੀ ਹੁਨਰ ਵਿਕਾਸ ਮਿਸ਼ਨ ਸਾਰੇ ਵਿਅਕਤੀਆਂ ਨੂੰ ਆਪਣੀਆਂ ਰੁਜ਼ਗਾਰ ਦੀਆਂ ਸੰਭਾਵਨਾਵਾਂ ਵਿਚ ਸੁਧਾਰ ਕਰਨ ਦੇ ਯੋਗ ਬਣਾਵੇਗਾ। ਇਸ ਵਿਚ ਉਨ੍ਹਾਂ ਵਿਅਕਤੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਜਿਹੜੇ ਰਸਮੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵੀ ਬੇਰੁਜ਼ਗਾਰ ਹਨ। ਉਨ੍ਹਾਂ ਵਿਅਕਤੀਆਂ ਦੇ ਹੁਨਰ ਵਿਚ ਵੀ ਸੁਧਾਰ ਕੀਤਾ ਜਾਵੇਗਾ ਜਿਹੜੇ ਵੱਖ-ਵੱਖ ਸੰਸਥਾਵਾਂ ਨਾਲ ਕੰਮ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮਿਸ਼ਨ ਦੇਸ਼ ਦੇ ਰਣਨੀਤਕ ਪ੍ਰਾਥਮਿਕਤਾ ਵਾਲੇ ਪ੍ਰੋਗਰਾਮ ਅਤੇ ਬਿਜਨਸ ਦੀਆਂ ਲੋੜਾਂ ਮੁਤਾਬਿਕ ਹੁਨਰ ਮੁਹੱਈਆ ਕਰਾਵੇਗਾ। ਸ੍ਰੀ ਰੂਡੀ ਨੇ ਨੌਜਵਾਨਾਂ ਨੂੰ ਮਿਆਰੀ ਕਿੱਤਾ ਸਿਖਲਾਈ ਦਿੱਤੇ ਜਾਣ ’ਤੇ ਵੀ ਜ਼ੋਰ ਦਿੱਤਾ। ਕੇਂਦਰੀ ਮੰਤਰੀ ਨੇ ਪੰਜਾਬ ਦੇ ਹੁਨਰ ਸਿਖਲਾਈ ਅਤੇ ਵਿਕਾਸ ਦੇ ਮਾਡਲ ਦੀ ਪ੍ਰਸ਼ੰਸਾ ਕੀਤੀ ਜੋ ਕਿ ਵਧੀਆ ਨਤੀਜੇ ਕੱਢ ਰਿਹਾ ਹੈ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਮੌਕੇ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਸੂਬਿਆਂ ਨੂੰ ਵੀ ਇਹ ਮਾਡਲ ਅਪਣਾਉਣਾ ਚਾਹੀਦਾ ਹੈ।
ਇਸ ਮੌਕੇ ਵੱਖ-ਵੱਖ ਮੰਤਰਾਲਿਆਂ ਦੇ ਸਕੱਤਰਾਂ ਨੇ ਸਕੂਲ ਅਤੇ ਉੱਚ ਸਿੱਖਿਆ, ਦਿਹਾਤੀ ਵਿਕਾਸ, ਪਸ਼ੂ ਪਾਲਣ, ਖੇਤੀਬਾੜੀ ਦੇ ਖੇਤਰਾਂ ਵਿਚ ਹੁਨਰ ਵਿਕਾਸ ਦੇ ਲਈ ਆਪਣੀਆਂ ਪੇਸ਼ਕਾਰੀਆਂ ਕੀਤੀਆਂ ਅਤੇ ਸੂਬਿਆਂ ਦੇ ਨਾਲ ਸੰਗਠਤ ਤੇ ਤਾਲਮੇਲ ਵਾਲੇ ਹੁਨਰ ਵਿਕਾਸ ’ਤੇ ਜ਼ੋਰ ਦਿੱਤਾ।
ਇਸ ਮੌਕੇ ਮੁੱਖ ਮੰਤਰੀ ਦੇ ਨਾਲ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ, ਸਕੱਤਰ ਤਕਨੀਕੀ ਸਿੱਖਿਆ ਸ੍ਰੀ ਰਕੇਸ਼ ਵਰਮਾ ਅਤੇ ਰੈਜ਼ੀਡੈਂਟ ਕਮਿਸ਼ਨਰ ਪੰਜਾਬ ਭਵਨ ਸ੍ਰੀ ਕੇ. ਸ਼ਿਵਾਪ੍ਰਸਾਦ ਹਾਜ਼ਰ ਸਨ।