April 25, 2026 8:08 am

ਐਫ.ਸੀ.ਆਈ. ਦੀ ਸਹਾਇਕ ਕੰਪਨੀ ਓਰੀਗੋ ਬਣੀ ਪੰਜਾਬ ਸਰਕਾਰ, ਕਿਸਾਨ, ਆੜ੍ਹਤੀਆਂ ਤੇ ਮਜ਼ਦੂਰਾਂ ਦੇ ਗਲੇ ਦੀ ਹੱਡੀ

ਸੁਨਾਮ, 2 ਮਈ (ਰਾਕੇਸ਼ ਜਿੰਦਲ)- ਪੰਜਾਬ ਵਿਚ ਕਣਕ ਦੀ ਖਰੀਦ ਆਖਰੀ ਪੜਾਓ ਉਪਰ ਹੈ, ਪਰ ਮੰਡੀਆਂ ਵਿਚ ਕਣਕ ਦੀਆਂ ਭਰੀਆਂ ਹੋਈਆਂ ਬੋਰੀਆਂ ਦੇ ਖੁਲੇ ਆਸਮਾਨ ਨੀਚੇ ਅਤੇ ਕੱਚੇ ਫੜ੍ਹਾਂ ਉਪਰ ਅੰਬਾਰ ਲੱਗੇ ਪਏ ਹਨ। ਬੋਰੀਆਂ ਧੁੱਪ, ਬਰਸਾਤ ਅਤੇ ਸਿਊਂਖ ਕਾਰਨ ਗਲਨੀਆਂ ਸ਼ੁਰੂ ਹੋ ਗਈਆਂ ਹਨ। ਕਣਕ ਦੀ ਕੁਆਲਿਟੀ ਵੀ ਖਰਾਬ ਹੋਣ ਲੱਗ ਪਈ ਹੈ। ਸੁਨਾਮ ਏਰੀਏ ਦੀਆਂ ਅਨਾਜ ਮੰਡੀਆਂ ਦਾ ਸਰਵੇਖਣ ਕਰਨ ਤੋਂ ਪਤਾ ਚੱਲਿਆ ਹੈ ਕਿ ਜੋ ਬੋਰੀਆਂ ਦੀ ਅਨਲੋਡਿੰਗ ਕੀਤੀ ਜਾ ਰਹੀ ਹੈ, ਉਸਦੀ ਰਫਤਾਰ ਬਹੁਤ ਢਿੱਲੀ ਹੈ। ਅੱਜ ਰਵਿੰਦਰ ਸਿੰਘ ਚੀਮਾਂ ਐਂਡ ਕੰਪਨੀ ਦੇ ਗੁਦਾਮਾਂ ਦਾ ਸਰਵੇ ਕਰਨ ’ਤੇ ਬਲਵੰਤ ਸਿੰਘ ਆਪਰੇਸ਼ਨ ਅਫਸਰ ਨੇ ਦੱਸਿਆ ਕਿ ਇਹ ਗੁਦਾਮ ਐਫ.ਸੀ.ਆਈ. ਨੇ ਓਰੀਗੋ ਕੰਪਨੀ ਨੂੰ ਦੇਖ ਰੇਖ ਲਈ ਦੇ ਰੱਖਿਆ ਹੈ। ਕਲ੍ਹ ਮਿਤੀ 2 ਮਈ ਨੂੰ ਕਣਕ ਦੇ 12420 ਗੱਟੇ ਜੋ 69 ਟਰੱਕ ਬਣਦੇ ਹਨ, ਦੇ ਹੀ ਅਨਲੋਡ ਹੋਏ। ਇਸ ਗੁਦਾਮ ਵਿਚ 5 ਮੰਡੀਆਂ ਦਾ ਮਾਲ ਆ ਰਿਹਾ ਹੈ। ਜੇਕਰ

ਅਨਲੋਡਿੰਗ ਦੀ ਇਹੀ ਸਥਿਤੀ ਰਹੀ, ਤਾਂ ਦੋ ਮਹੀਨਿਆਂ ਵਿਚ ਵੀ ਸਾਰੀਆਂ ਬੋਰੀਆਂ ਦੀ ਅਨਲੋਡਿੰਗ ਨਹੀਂ ਹੋ ਸਕਦੀ। ਇਸ ਕੰਪਨੀ ਦਾ ਕੰਮਕਾਰ ਦਾ ਸਮਾਂ ਸਵੇਰੇ 9:30 ਤੋਂ 5:30 ਸ਼ਾਮ ਤੱਕ ਦਾ ਹੈ। ਬਲਵੰਤ ਸਿੰਘ ਨੇ ਕਿਹਾ ਕਿ ਲੇਬਰ ਦਾ ਇੰਤਜਾਮ ਪਨਗਰੇਨ ਨੇ ਕਰਨਾ ਹੈ। ਗੁਦਾਮ ਅੱਗੇ ਟਰੱਕਾਂ ਦੀਆਂ ਦਿਨ-ਰਾਤ ਲੰਮੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ। ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਪੰਜਾਬ ਰਾਜ ਪੱਲੇਦਾਰ ਮਜਦੂਰ ਯੂਨੀਅਨ, ਜਿਸਦੇ ਪਾਸ ਲਗਭਗ 350 ਵਰਕਰ ਕੰਮ ਕਰਦੇ ਹਨ, ਪਰ ਇਨ੍ਹਾਂ ਕੋਲ ਪਨਸਪ, ਵੇਅਰਹਾਊਸ, ਪਨਗਰੇਨ, ਪੰਜਾਬ ਐਗਰੋ ਅਤੇ ਰੇਲ ਹੈਡ ’ਤੇ ਲੋਡਿੰਗ ਅਤੇ ਅਨਲੋਡਿੰਗ ਦਾ ਕੰਮ ਵੀ ਇਸ ਯੂਨੀਅਨ ਦੇ ਵਰਕਰਾਂ ਪਾਸ ਹੀ ਹੈ, ਪਰ ਅੱਜ ਕਲ੍ਹ ਤਾਂ ਸੀਜਣ ਹੋਣ ਕਰਕੇ ਲੇਬਰ ਵਧਾਉਣਚੀ ਚਾਹੀਦੀ ਹੈ, ਪਰੰਤੂ ਯੂਨੀਅਨ ਹੋਣ ਕਰਕੇ ਲੇਬਰ ਵਿਚ ਵਾਧਾ ਨਹੀਂ ਕੀਤਾ ਜਾ ਰਿਹਾ। ਜਿਸਦਾ ਖਮਿਆਜਾ ਟਰੱਕ ਯੂਨੀਅਨ, ਖਰੀਦ ਏਜੰਸੀਆਂ, ਆੜ੍ਹਤੀ, ਮੰਡੀ ਮਜਦੂਰ ਨੂੰ ਭੁਗਤਣਾ ਪੈਂਦਾ ਹੈ। ਮਾਰਕਫੈਡ ਦੇ ਮੈਨੇਜਰ ਗੁਰਮੀਤ ਸਿੰਘ ਨੇ ਕਿਹਾ ਕਿ ਅਸੀਂ ਲੋਡਿੰਗ ਲਈ ਟਰੱਕ ਯੂਨੀਅਨ ਤੋਂ ਹਰ ਰੋਜ਼ ਵੱਧ ਤੋਂ ਵੱਧ ਟਰੱਕ ਬੁੱਕ ਕਰਵਾਉਂਦੇ ਹਾਂ, ਪਰ ਟਰੱਕ ਯੂਨੀਅਨ ਮਾਲ ਦੀ ਅਨਲੋਡਿੰਗ ਕਰਕੇ ਸਾਨੂੰ ਘੱਟ ਗਿਣਤੀ ਵਿਚ ਟਰੱਕ ਦੇ ਰਹੀ ਹੈ। ਮਹਿਲਾਂ ਚੌਂਕ ਦੀ ਅਨਾਜ ਮੰਡੀ ਵਿਖੇ ਕਲ੍ਹ 70 ਟਰੱਕ ਬੁੱਕ ਕਰਵਾਏ ਗਏ ਸਨ, ਪਰ ਟਰੱਕ ਯੂਨੀਅਨ ਨੇ ਕੇਵਲ 25 ਟਰੱਕ ਹੀ ਦਿੱਤੇ, ਜਿਨ੍ਹਾਂ ਵਿਚੋਂ 17 ਟਰੱਕ ਹੀ ਅਨਲੋਡ ਹੋਏ। 2 ਮਈ ਨੂੰ ਸਿਰਫ 15 ਟਰੱਕ ਹੀ ਦਿੱਤੇ ਗਏ। ਜੇਕਰ ਇਹੀ ਰਫਤਾਰ ਰਹੀ, ਤਾਂ ਮੰਡੀਆਂ ਵਿਚੋਂ 2 ਮਹੀਨਿਆਂ ਤੱਕ ਵੀ ਕੰਮ ਨਹੀਂ ਨਿੱਬੜੇਗਾ, ਜਿਸ ਕਾਰਨ ਬਹੁਤ ਭਾਰੀ ਨੁਕਸਾਨ ਹੋ ਸਕਦਾ ਹੈ। ਮਾਰਕਫੈਡ ਦੇ ਲੇਬਰ ਪ੍ਰਧਾਨ ਜੀਤ ਸਿੰਘ ਨੇ ਕਿਹਾ ਕਿ ਮਾਰਕਫੈਡ ਸੁਨਾਮ ਪਾਸ ਲਗਭਗ 200 ਮਜਦੂਰ ਅਤੇ ਪੂਰੀ ਸਮੱਰਥਾ ਦੇ ਗੁਦਾਮ ਹਨ, ਪਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮਜਦੂਰ ਆਪਣੀ ਰੋਜੀ ਰੋਟੀ ਤੋਂ ਵਾਂਝੇ ਪਏ ਹਨ ਅਤੇ ਸਰਕਾਰ ਪ੍ਰਾਇਵੇਟ ਏਜੰਸੀਆਂ ਨੂੰ ਸਟੋਰੇਜ਼ ਦੇ ਕੇ ਅਤੇ ਧਨਾਡ ਵਿਅਕਤੀਆਂ ਦੇ ਪ੍ਰਾਇਵੇਟ ਗੁਦਾਮ ਕਿਰਾਏ ’ਤੇ ਲੈ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਰਹੇ ਹਨ। ਮਾਰਕਫੈਡ ਦੇ ਮਜਦੂਰਾਂ ਪਾਸ ਕੋਈ ਵੀ ਕੰਮਕਾਰ ਨਹੀਂ ਹੈ। ਜੇਕਰ ਸਰਕਾਰ ਦੇ ਉਚ ਅਧਿਕਾਰੀ ਦਖਲ ਅੰਦਾਜੀ ਕਰਕੇ ਇਸ ਮਾਮਲੇ ਦੀ ਜਲਦੀ ਤੋਂ ਜਲਦੀ ਜਾਂਚ ਕਰਕੇ ਮਾਰਕਫੈਡ ਦੇ ਮਜਦੂਰਾਂ ਤੋਂ ਅਨਲੋਡਿੰਗ ਕਰਵਾਉਣ, ਤਾਂ ਕੁਝ ਦਿਨਾਂ ਵਿਚ ਹੀ ਅਨਲੋਡਿੰਗ ਕਰ ਦੇਣਗੇ। ਕਿਉਂਕਿ ਉਹ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਕੰਮ ਕਰਨ ਦੀ ਸਮਰੱਥਾ ਰੱਖਦੇ ਹਨ ਅਤੇ ਸਰਕਾਰ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਹੋਣ ਦਿੰਦੇ। ਇਸ ਮਾਮਲੇ ਬਾਰੇ ਡੀ.ਐਫ.ਐਸ.ਸੀ. ਸੰਗਰੂਰ ਨੂੰ ਫੋਨ ਉਪਰ ਪੱਤਰਕਾਰ ਵੱਲੋਂ ਜਾਣਕਾਰੀ ਦਿੱਤੀ ਗਈ। ਜਿਲ੍ਹਾ ਮੰਡੀ ਅਫਸਰ ਨੂੰ ਵੀ ਫੋਨ ਉਪਰ ਸਾਰੀ ਗੱਲ ਵਿਸਤਾਰਪੂਰਵਕ ਦੱਸੀ ਗਈ, ਤਾਂ ਉਨ੍ਹਾਂ ਨੇ ਕਿਹਾ ਕਿ ਉਹ ਕਲ੍ਹ ਨਾਲ ਡੀ.ਸੀ. ਸਾਹਿਬ ਨਾਲ ਹੋਣ ਵਾਲੀ ਮੀਟਿੰਗ ਵਿਚ ਵਿਚਾਰ ਕਰਨਗੇ ਅਤੇ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕਰਵਾਉਣਗੇ। ਸਰਵੇਖਣ ਤੋਂ ਪਤਾ ਲੱਗਾ ਹੈ ਕਿ ਜੇਕਰ ਕਣਕ ਦੀ ਸਟੋਰੇਜ਼ ਕੁਝ ਪ੍ਰਤੀਸ਼ਤ ਸਟੇਟ ਏਜੰਸੀਆਂ ਨੂੰ ਵੀ ਦਿੱਤੀ ਜਾਵੇ, ਤਾਂ ਇਸਦਾ ਕੰਮ ਜਲਦੀ ਹੋ ਸਕਦਾ ਹੈ। ਖਰੀਦ ਏਜੰਸੀ ਮਾਰਕਫੈਡ ਕੋਲ ਤਾਂ ਕਣਕ ਦੀ ਸਟੋਰੇਜ਼ ਕਰਨ ਦੇ ਗੁਦਾਮ ਅਤੇ ਮਜਦੂਰਾਂ ਦੇ ਉਚਿਤ ਪ੍ਰਬੰਧ ਹਨ।

Send this to a friend